ਅਸ਼ੋਕ ਵਰਮਾ
ਬਠਿੰਡਾ,14 ਦਸੰਬਰ 2020 : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਅੱਜ ਦਿੱਤੇ ਧਰਨਿਆਂ ਅਤੇ ਕੱਢੇ ਰੋਸ ਮਾਰਚਾਂ ’ਚ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਚੇਤਾ ਕਰਾਇਆ ਕਿ ਉਹ ਇਹ ਨਾਂ ਸਮਝਣ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਲਿਆਕੇ ਸਿਰਫ ਕਿਸਾਨਾਂ ਨੂੰ ਹੀ ਜੱਫਾ ਮਾਰਿਆ ਹੈ ਇਸ ਲਈ ਜੇ ਕੇਂਦਰ ਦੀ ਤਾਨਾਸ਼ਾਹੀ ਨੂੰ ਨਾਂ ਰੋਕਿਆ ਗਿਆ ਤਾਂ ਅਗਲੀ ਵਾਰੀ ਕਿਸੇ ਦੀ ਵੀ ਆ ਸਕਦੀ ਹੈ। ਅੱਜ ਦੇ ਕਿਸਾਨ ਮੋਰਚਿਆਂ ਦੌਰਾਨ ਕਿਸਾਨ ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਨੋਟਬੰਦੀ ਅਤੇ ਜੀਐਸਟੀ ਵਰਗੇ ਲੋਕ ਮਾਰੂ ਫੈਸਲਿਆਂ ਦੀਆਂ ਮਿਸਾਲਾਂ ਦਿੰਦਿਆਂ ਹਰ ਵਰਗ ਨੂੰ ਮੌਜੂਦਾ ਸੰਘਰਸ਼ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਵੱਡੀ ਗੱਲ ਹੈ ਕਿ ਅੱਜ ਕਿਸਾਨ ਬੀਬੀਆਂ ਦੇ ਕਾਫਲੇ ਮਨੁੱਖੀ ਸਮੁੰਦਰ ਦਾ ਦਿ੍ਰਸ਼ ਪੇਸ਼ ਕਰ ਰਹੇ ਸਨ ਜਿਹਨਾਂ ਨੇ ਕੇਂਦਰ ਖਿਲਾਫ ਜਿੱਤ ਪ੍ਰਾਪਤ ਕਰਨ ਦਾ ਅਹਿਦ ਲਿਆ। ਅੱਜ ਕੜਾਕੇ ਦੀ ਠੰਢ ਵੀ ਕਿਸਾਨਾਂ ਦੇ ਜੋਸ਼ ਨੂੰ ਨਾਂ ਰੋਕ ਸਕੀ ਅਤੇ ਸ਼ੀਤ ਲਹਿਰ ਨੂੰ ਵੀ ਕਿਸਾਨਾਂ ਨੇ ਡੱਕ ਕੇ ਰੱਖਿਆ।
ਅੱਜ ਲੁਧਿਆਣਾ, ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ, ਫਰੀਦਕੋਟ, ਮੁਕਤਸਰ( ਡੀ ਸੀ ਅਤੇ ਐਸ ਡੀ ਐਮ ਲੰਬੀ), ਫਾਜਿਲਕਾ, ਫਿਰੋਜਪੁਰ, ਤਰਨਤਾਰਨ, ਅੰਮਿ੍ਰਤਸਰ, ਗੁਰਦਾਸਪੁਰ ਅਤੇ ਜਲੰਧਰ ਜਿਲ੍ਹਿਆਂ ਵਿੱਚ11 ਡੀ ਸੀ ਦਫਤਰਾਂ ਅਤੇ 5 ਸਬ ਡਵੀਜਨ ਦਫਤਰਾਂ ਅੱਗੇ ਵਿਸ਼ਾਲ ਧਰਨੇ ਲਾਉਣ ਉਪਰੰਤ ਬਾਜ਼ਾਰਾਂ ਵਿੱਚ ਰੋਹ-ਭਰਪੂਰ ਰੋਸ ਮਾਰਚ ਕੀਤੇ ਗਏ। ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਮੁਲਕ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਇਹਨਾਂ ਜਿਲ੍ਹਿਆਂ ’ਚ ਰੋਸ ਜਤਾਇਆ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਇਸ ਦੌਰਾਨ 9 ਭਾਜਪਾ ਆਗੂਆਂ ਦੇ ਘਰਾਂ ਸਮੇਤ ਕਾਰਪੋਰੇਟਾਂ ਦੇ ਟੌਲ ਪਲਾਜਿਆਂ, ਸ਼ਾਪਿੰਗ ਮਾਲਾਂ, ਸੈਲੋ ਗੋਦਾਮਾਂ ਅਤੇ ਥਰਮਲ ਪਲਾਂਟਾਂ ਅੱਗੇ 40 ਥਾਂਈਂ 75 ਦਿਨਾਂ ਤੋਂ ਲੱਗੇ ਹੋਏ ਪੱਕੇ ਕਿਸਾਨ ਮੋਰਚੇ ਵੀ ਬਾਦਸਤੂਰ ਜਾਰੀ ਰਹੇ ਜਦੋਂਕਿ ਅੱਜ ਦੇ ਖਾਸ ਮੋਰਚਿਆਂ ਦੌਰਾਨ ਇਕੱਠ ਇਸ ਤੋਂ ਵੱਖਰਾ ਰਿਹਾ।
ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ’ਚ ਗੁਰਮੀਤ ਸਿੰਘ ਕਿਸ਼ਨਪੁਰਾ, ਹਰਜਿੰਦਰ ਸਿੰਘ ਬੱਗੀ , ਜ਼ੋਰਾ ਸਿੰਘ ਨਸਰਾਲੀ, ਹਰਪ੍ਰੀਤ ਕੌਰ ਜੇਠੂਕੇ, ਜਸਵਿੰਦਰ ਸਿੰਘ ਲੌਂਗੋਵਾਲ , ਜੋਗਿੰਦਰ ਸਿੰਘ ਦਿਆਲਪੁਰਾ, ਹਰਦੀਪ ਸਿੰਘ ਟੱਲੇਵਾਲ , ਜਸਵੰਤ ਸਿੰਘ ਸੇਖੋਂ, ਕੁਲਦੀਪ ਸਿੰਘ ਮੱਤੇਨੰਗਲ, ਸਾਹਿਬ ਸਿੰਘ ਖੋਖਰ, ਗੁਰਪਾਲ ਸਿੰਘ ਨੰਗਲ , ਗੁਰਭਗਤ ਸਿੰਘ ਭਲਾਈਆਣਾ,ਭਾਗ ਸਿੰਘ ਮਰਖਾਈ, ਮੋਹਣ ਸਿੰਘ ਨਕੋਦਰ ਅਤੇ ਦਿਲਬਾਗ ਸਿੰਘ ਦਬੁਰਜੀ ਆਦਿ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਅਡਾਨੀ ਅੰਬਾਨੀ ਅਤੇ ਸਾਮਰਾਜੀ ਕੰਪਨੀਆਂ ਦੇ ਜੋਟੀਦਾਰ ਮੋਦੀ ਸਰਕਾਰ ਇੱਕ ਪਾਸੇ ਕਾਨੂੰਨਾਂ ‘ਚ ਨਿਗੂਣੀਆਂ ਸੋਧਾਂ ਕਰਨ ਦੀ ਤਜਵੀਜ਼ ਪੇਸ਼ ਕਰ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਸੰਘਰਸ਼ ਬਾਰੇ ਆਧਾਰਹੀਣ ਭੜਕਾਊ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰੇਲ ਮੰਤਰੀ ਪਿਊਸ਼ ਗੋਇਲ ਵੱਲੋਂ ਕਿਸਾਨ ਸੰਘਰਸ਼ ਵਿੱਚ ਨਕਸਲੀਆਂ ਦੀ ਘੁਸਪੈਠ ਬਾਰੇ ਸਰਾਸਰ ਮਨਘੜਤ ਬਿਆਨ ਦੀ ਸਖਤ ਨਿਖੇਧੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹੀ ਲੋਕ ਪਹਿਲਾਂ ਇਸ ਸੰਘਰਸ਼ ਨੂੰ ਖ਼ਾਲਿਸਤਾਨੀਆਂ ਦੇ ਸੰਘਰਸ਼ ਵਜੋਂ ਪੇਸ਼ ਕਰ ਰਹੇ ਸਨ।
ਉਹਨਾਂ ਕਿਹਾ ਕਿ ਰਾਜਸਥਾਨ ਦੇ ਕਿਸਾਨਾਂ ਵੱਲੋਂ ਜੈਪੁਰ ਹਾਈਵੇ ਵੀ ਸ਼ਾਂਤਮਈ ਰੋਕਣ ਦੇ ਐਕਸ਼ਨ ਨਾਲ ਹਿੰਸਾ ਦੀ ਬੂ-ਦੁਹਾਈ ਪੈਰਾਂ ਥੱਲੇ ਮਸਲੀ ਗਈ ਹੈ। ਉਹਨਾਂ ਦਾਅਵਾ ਕੀਤਾ ਕਿ ਖੁਦ ਫਿਰਕੂ ਹਿੰਸਕ ਟੋਲਿਆਂ ਦੀ ਸਰਪ੍ਰਸਤ ਭਾਜਪਾ ਦੇ ਇਸ ਭਰਮਾਊ ਪ੍ਰਚਾਰ ਦਾ ਸ਼ਾਂਤਮਈ ਸੰਘਰਸ਼ ਅੰਦਰ ਕੜਾਕੇ ਦੀ ਠੰਢ ਵਿੱਚ ਵੀ ਲੱਖਾਂ ਦੀ ਤਾਦਾਦ ਵਿੱਚ ਲਗਾਤਾਰ ਡਟੇ ਹੋਏ ਕਿਸਾਨ ਸਭਨਾਂ ਕਿਰਤੀ ਵਰਗਾਂ ਦੇ ਸਹਿਯੋਗ ਨਾਲ ਢੁੱਕਵਾਂ ਜੁਆਬ ਦੇ ਰਹੇ ਹਨ। ਉਹਨਾਂ ਕਿਹਾ ਕਿ ਇਹ ਆਧਾਰਹੀਣ ਭੜਕਾਊ ਪ੍ਰਚਾਰ ਸੰਘਰਸ਼ਸ਼ੀਲ ਲੋਕਾਂ ਨੂੰ ਦਬਾਅ ਹੇਠ ਲਿਆ ਕੇ ਕਾਲੇ ਕਾਨੂੰਨਾਂ ਵਿੱਚ ਸੋਧਾਂ ਦੀ ਤਜਵੀਜ ਮਨਜੂਰ ਕਰਾਉਣ ਖਾਤਰ ਹੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਤਜਵੀਜਤ ਸੋਧਾਂ ਦੀ ਔਕਾਤ ਤਾਂ ਭਾਜਪਾ ਦੇ ਉਸ ਬਿਆਨ ਤੋਂ ਹੀ ਜ਼ਾਹਿਰ ਹੁੰਦੀ ਹੈ ਜਿਸ ਵਿੱਚ ਪਾਰਟੀ ਨੇ ਦੇਸ਼ ਭਰ ਦੇ ਸੱਤ ਸੌ ਜਿਲਿਆਂ ਅੰਦਰ ਕਾਨੂੰਨਾਂ ਦੇ ਫ਼ਾਇਦੇ ਗਿਣਾਉਣ ਦੀ ਸੰਪਰਕ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ।
ਉਹਨਾਂ ਦਾਅਵਾ ਕੀਤਾ ਕਿ ਇਸ ਮੁਹਿੰਮ ਦਾ ਹਸ਼ਰ ਵੀ ਪੰਜਾਬ ‘ਚ ਬੁਰੀ ਤਰਾਂ ਦਮ ਤੋੜ ਗਈ ਇਹਨਾਂ ਦੀ ਸੰਪਰਕ ਮੁਹਿੰਮ ਵਰਗਾ ਹੀ ਹੋਵੇਗਾ। ਉਹਨਾਂ 16 ਦਸੰਬਰ ਨੂੰ ਉਹਨਾਂ ਸਾਰੇ ਖੁਦਕੁਸ਼ੀ-ਪੀੜਤ ਪ੍ਰਵਾਰਾਂ ਨੂੰ ਟਿਕਰੀ ਬਾਰਡਰ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਿਹਨਾਂ ਦੇ ਕਮਾਊ ਲੋਟੂ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਕਿਸਾਨ ਮਾਰੂ ਨੀਤੀਆਂ ਕਾਰਨ ਭਾਰੀ ਕਰਜਿਆਂ ਥੱਲੇ ਦਬ ਕੇ ਖੁਦਕੁਸ਼ੀਆਂ ਦੇ ਸ਼ਿਕਾਰ ਬਣ ਚੁੱਕੇ ਹਨ।