ਅਸ਼ੋਕ ਵਰਮਾ
ਬਠਿੰਡਾ, 20 ਦਸੰਬਰ 2020:ਖੇਤੀਤੀ ਵਿਰੋਧੀ ਕਾਲੇ ਕਨੂੰਨਾਂ ਖਿਲਾਫ ਚੱਲ ਰਹੇ ਮੋਰਚੇ ਦੌਰਾਨ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ 20 ਦਸੰਬਰ ਨੂੰ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਨੂੰ ਪਿੰਡ ਪਿੰਡ ਸ਼ਰਧਾਂਜਲੀ ਦੇਣ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਿਲਾ ਬਠਿੰਡਾ ਦੇ 31 ਪਿੰਡਾਂ ਵਿੱਚ ਦੋ ਮਿੰਟ ਦਾ ਮੋਨ ਧਾਰਨ ਤੋਂ ਬਾਅਦ ‘ਸ਼ਹੀਦੋ ਥੋਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਹਰਿਆਂ ਨਾਲ ਸ਼ਹੀਦਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ।
ਅੱਜ ਦੇ ਮੁੱਖ ਬੁਲਾਰੇ ਦਰਸ਼ਨ ਸਿੰਘ ਮਾਈਸਰਖਾਨਾ , ਸੁਖਦੇਵ ਸਿੰਘ ਰਾਮਪੁਰਾ , ਸੁਖਜੀਤ ਸਿੰਘ ਕੋਠਾ ਗੁਰੂ, ਅਵਤਾਰ ਸਿੰਘ ਪੂਹਲਾ, ਜਗਸੀਰ ਸਿੰਘ ਝੁੰਬਾ, ਕੁਲਵੰਤ ਸਰਮਾ ਅਤੇ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਧੱਕੇ ਨਾਲ ਕਿਸਾਨਾਂ ਤੇ ਮੜੇ ਜਾ ਰਹੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕੜਾਕੇ ਦੀ ਠੰਡ ਦੇ ਬਾਵਜੂਦ ਸੰਘਰਸ ਕਰ ਰਹੇ ਕਿਸਾਨਾਂ ਦੀਆਂ ਸਹਾਦਤਾਂ ਅਜਾਈਂ ਨਹੀਂ ਜਾਣਗੀਆਂ ਕਿਉਂਕਿ ਕਿਸਾਨ ਮਜਦੂਰ ਅਤੇ ਹੋਰ ਕਿਰਤੀ ਲੋਕ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ ।
ਉਹਨਾਂ ਕਿਹਾ ਕਿ ਜੇਕਰ ਇਹ ਕਨੂੰਨ ਲਾਗੂ ਹੁੰਦੇ ਹਨ ਤਾਂ ਭਾਰਤ ਦੀ ਖੇਤੀ ਦਾ ਕਾਰੋਬਾਰ ਇਨਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਚਲਿਆ ਜਾਵੇਗਾ ਜਿਨਾਂ ਨੇ ਪਹਿਲਾਂ ਹੀ ਸਿਹਤ, ਸਿੱਖਿਆ ਅਤੇ ਹੋਰ ਜਨਤਕ ਅਦਾਰਿਆਂ ਦੇ ਕਬਜੇ ਕਰਕੇ ਲੋਕਾਂ ਨੂੰ ਮੁਫਤ ਜਾਂ ਬਹੁਤ ਥੋੜੇ ਖਰਚੇ ਤੇ ਮਿਲਦੀਆਂ ਸੁੱਖ ਸਹੂਲਤਾਂ ਅਤਿ ਮਹਿੰਗੀਆਂ ਕਰਕੇ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਭਾਂਵੇਂ ਜਿੰਨੀਆਂ ਮਰਜੀ ਕੁਰਬਾਨੀਆਂ ਦੇਣੀਆਂ ਪੈਣ ਕਾਨੂੰਨ ਹਰ ਹਾਲਤ ਰੱਦ ਕਰਵਾ ਕੇ ਰਹਾਂਗੇ ।
ਉਹਨਾਂ ਦੱਸਿਆ ਕਿ ਇਹ ਸਮਾਗਮ 23 ਦਸੰਬਰ ਤੱਕ ਜਾਰੀ ਰਹਿਣਗੇ। ਅੱਜ ਦੇ ਇਕੱਠਾਂ ਨੂੰ ਗੁਰਵਿੰਦਰ ਬੱਲੋ, ਸਿਮਰਾ ਸਿੰਘ ਚੱਕ ਫਤਿਹ ਸਿੰਘ ਵਾਲਾ, ਰੁਪਿੰਦਰ ਜਲਾਲ, ਧਰਮਪਾਲ ਜੰਡੀਆਂਅਤੇ ਨੌਜਵਾਨ ਭਾਰਤ ਸਭਾ ਦੇ ਸਰਬਜੀਤ ਮੋੜ ਨੇ ਵੀ ਸੰਬੋਧਨ ਕੀਤਾ।