ਚੰਡੀਗੜ੍ਹ, 26 ਦਸੰਬਰ 2020 - ਸ਼ਹੀਦ ਉਧਮ ਸਿੰਘ ਦਾ ਜਨਮ ਦਿਵਸ ਅੱਜ ਇੱਥੇ ਸ਼ਹੀਦ ਉਧਮ ਸਿੰਘ ਮੈਮੋਰੀਅਲ ਭਵਨ ਵਿਖੇ ਮਨਾਇਆ ਗਿਆ। ਸ਼ਹੀਦ ਦੀ ਯਾਦ ਵਿਚ ਆਯੋਜਿਤ ਸਮਾਗਮ ਦੌਰਾਨ ਸਮੁੱਚੇ ਬੁਲਾਰਿਆ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀ ਜੂਹ ਵਿਚ ਬੈਠੇ ਕਿਸਾਨਾਂ ਦੀ ਗੱਲ ਕਰਦਿਆਂ ਕਿਹਾ ਕਿ ਅਜੌਕੀ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਬਲਕਿ ਇਹ ਘੋਲ ਕਿਰਤੀ ਅਤੇ ਕਾਰਪੋਰੇਟ ਘਰਾਣਿਆਂ ਵਿਚਕਾਰ ਹੋ ਗਿਆ।
ਬਲਵਿੰਦਰ ਜੰਮੂ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਲਈ ਸ਼ਹੀਦਾਂ ਨੇ ਸਮੁੱਚੀ ਮਾਨਵਤਾ ਦੇ ਭਲੇ ਲਈ ਸ਼ਹੀਦੀਆਂ ਦਿੱਤੀਆਂ ਸਨ, ਪਰ ਅੱਜ ਗੋਰੇ ਅੰਗੇਰਜ਼ਾਂ ਦੀ ਥਾਂ ’ਤੇ ਕਾਲੇ ਅੰਗਰੇਜ਼ ਦੇਸ਼ ’ਤੇ ਕਾਬਜ਼ ਹੋ ਗਏ ਹਨ, ਜੋ ਕਾਰਪੋਰੇਟ, ਪੰੂਜੀਪਤੀਆਂ ਦਾ ਪੱਖ ਪੂਰ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੀ
ਸ਼ਹੀਦੀ ਦਿਵਸ ਮੌਕੇ ’ਤੇ ਗੁਰਦੁਆਰਾ ਰਕਾਬ ਗੰਜ਼ ਸਾਹਿਬ ਵਿਖੇ ਨਤਮਸਤਕ ਹੋਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਪਤਾ ਹੁੰਦਾ ਕਿ ਉਹ ਉਸ ਮਹਾਨ ਹਸਤੀ ਨੂੰ ਨਤਮਸਤਕ ਹੋਣ ਗਏ ਹਨ, ਜਿਨ੍ਹਾਂ ਨੇ ਹਿੰਦੂ ਧਰਮ ਦੀ ਖਾਤਰ ਬਲੀਦਾਨ ਦਿੱਤਾ ਹੈ। ਅੱਜ ਦੇਸ਼ ਦੇ ਕਿਸਾਨ ਆਪਣੀ ਮੰਗਾਂ ਲਈ ਧਰਨੇ ’ਤੇ ਬੈਠੇ ਹਨ, ਪਰ ਪ੍ਰਧਾਨ ਮੰਤਰੀ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਆਪਣੀ ਗੱਲ ਕਰਕੇ ਕਿਸਾਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।
ਜੰਗ ਸਿੰਘ ਨੇ ਕਿਹਾ ਕਿ ਰੱਖਿਆ ਮੰਤਰੀ ਕਿਸਾਨਾਂ ਨੂੰ ਇਕ ਸਾਲ ਲਈ ਟਰਾਇਲ ਦੇ ਰੂਪ ਵਿਚ ਵਰਤੋ ਕਰਨ ਦੀ ਸਲਾਹ ਦੇ ਰਹੇ ਹਨ, ਜਦੋਂ ਕਿ ਸਹੀ ਮਾਅਨਿਆਂ ਵਿਚ ਇਹ ਕਾਨੂੰਨ
ਕਿਸਾਨ ਪੱਖੀ ਨਹੀਂ ਹਨ। ਉਨ੍ਹਾਂ ਕਿਹਾ ਕਿ ਮੱਕੀ, ਬਾਜ਼ਰਾ ਸਮੇਤ ਕਈ ਹੋਰ ਫਸਲਾਂ ’ਤੇ ਐਮ.ਐਸ.ਪੀ ਹੈ, ਕੀ ਇਨ੍ਹਾਂ ਦਾ ਫਸਲਾ ਦਾ ਪੂਰਾ ਮੁੱਲ ਮਿਲ ਰਿਹਾ ਹੈ। ਇਸ ਮੌਕੇ ਵੀਨਾ
ਜੰਮੂ, ਬਿੰਦੂ ਸਿੰਘ, ਸੁਦੇਸ਼ ਕੁਮਾਰੀ ਤੇ ਸੁਖਦੀਪ ਕੌਰ ਨੇ ਕਿਹਾ ਕਿ ਸ਼ਹੀਦਾਂ ਨੇ ਦੇਸ਼ ਦੀ ਅਜ਼ਾਦੀ ਅਤੇ ਮਨੁੱਖਤਾ ਲਈ ਕੁਰਬਾਨੀ ਦਿੱਤੀ ਸੀ, ਪਰ ਸਮੇਂ ਦੇ ਹਾਕਮਾਂ ਨੇ ਸ਼ਹੀਦਾਂ, ਅਜ਼ਾਦੀ ਘੁਲਾਟੀਆ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਅੱਜ ਮੁੜ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਦੇਸ਼ ਭਰ ਦੇ ਕਿਸਾਨ, ਕਿਰਤੀ ਲੋਕ ਹੱਕਾਂ ਲਈ ਉਠ ਖੜ੍ਹੇ ਹੋਏ ਹਨ ਅਤੇ ਸਰਕਾਰ ਖਿਲਾਫ਼ ਉੱਠਿਆ ਵਿਦਰੋਹ ਰੁਕਣ ਵਾਲਾ ਨਹੀਂ ਹੈ। ਇਸ ਮੌਕੇ ’ਤੇ ਅਮਰਜੀਤ ਸਿੰਘ ਸਾਬਕਾ ਚੇਅਰਮੈਨ ਸ਼ਹੀਦ ਉਧਮ ਸਿੰਘ ਮੈਮੋਰੀਅਲ ਭਵਨ, ਜੰਗ ਸਿੰਘ ਅਤੇ ਰੋਮੀ ਘੜੋਮਾ ਵਾਲੇ ਨੇ ਵਿਅੰਗਮਈ ਕਵਿਤਾਵਾਂ ਤੇ ਗੀਤਾਂ ਰਾਹੀਂ ਸਰਕਾਰ ’ਤੇ ਤੰਜ਼ ਕਸਿਆ। ਇਸ ਮੌਕੇ ’ਤੇ ਬੁਲਾਰਿਆ ਨੇ ਪੰਜਾਬ ਸਰਕਾਰ ਤੋਂ ਜੀਰਕਪੁਰ ਤੋਂ ਸੁਨਾਮ ਨੂੰ ਜਾਣ ਵਾਲੀ ਸੜਕ ਦਾ ਨਾਮ ਸ਼ਹੀਦ ਉਧਮ ਸਿੰਘ ਮਾਰਗ ਰੱਖਣ ਦੀ ਮੰਗ ਵੀ ਕੀਤੀ। ਸਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਦੀ ਐਪੇਲਿਟ ਅਥਾਰਟੀ ਦੇ ਚੇਅਰਮੈਨ ਪ੍ਰੇਮ ਸਿੰਘ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।