ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਦਸੰਬਰ 2020 - ਡਾ: (ਪ੍ਰੋ) ਐਸ ਪੀ ਸਿੰਘ ਉਬਰਾਏ, ਸੰਸਥਾਪਕ ਸਰਬੱਤ ਦਾ ਭਲਾ ਟਰੱਸਟ ਨੇ ਹਰ ਵਾਰ ਦੀ ਤਰ੍ਹਾਂ ਮੌਜੂਦਾ ਸਮੇਂ ਦੌਰਾਨ ਵੀ ਕਿਸਾਨ ਸੰਘਰਸ਼ ਤਹਿਤ ਆਪਣੀ ਨਿੱਜੀ ਕਮਾਈ ਦਾ 45 ਕਰੋੜ ਰੁਪਏ ਦਾ ਬਜਟ ਖਰਚ ਕਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਸਾਨ ਸੰਘਰਸ਼ ਦੌਰਾਨ ਆਪਣੀ ਜ਼ਿੰਦਗੀ ਗੰਵਾ ਚੁੱਕੇ ਕਿਸਾਨਾਂ ਨੂੰ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਵਿਖੇ ਵੱਖ-ਵੱਖ ਸਥਾਨਾਂ ’ਤੇ ਮੈਡੀਕਲ ਕੈਂਪ ਅਤੇ ਡਾਕਟਰ ਸਾਹਿਬਾਨ ਦੀ ਟੀਮ, ਐਂਬੂਲੈਂਸ, ਔਰਤਾਂ ਲਈ ਰੈਣ ਬਸੇਰਾ, ਗਰਮ ਕੰਬਲ, ਚੱਪਲਾਂ, ਸੁੱਕਾ ਰਾਸ਼ਨ ਤੇ ਨਿਹੰਗ ਸਿੰਘਾਂ ਦੇ ਘੋੜਿਆਂ ਲਈ ਦਾਣਾ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।
ਇਸੇ ਲੜ੍ਹੀ ਟਰੱਸਟ ਦੀ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਦਿੱਲੀ ਵਿਖੇ ਟਿੱਕਰੀ ਬਾਰਡਰ ’ਤੇ ਡਾ: ਗੁਰਪਿਆਰ ਸਿੰਘ, ਡਾ: ਹਰਪਾਲ ਸਿੰਘ, ਡਾ: ਰਾਖੀ ਸ਼ੌਕੀਨ (ਐਮਡੀ ਗਾਇਨੀ) ਦੇ ਸਹਿਯੋਗ ਨਾਲ ਚੱਲ ਰਹੇ ਮੈਡੀਕਲ ਕੈਂਪ ਵਿੱਚ ਆਪਣੀਆਂ ਸੇਵਾਵਾਂ ਨੂੰ ਬਾਖ਼ੂਬੀ ਨਾਲ ਨਿਭਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮਲੋਟ ਇੰਚਾਰਜ ਅਨਿਲ ਜੁਨੇਜਾ ਤੇ ਉਨ੍ਹਾਂ ਦੀ ਟੀਮ ਵੱਲੋਂ ਵੀ ਕਿਸਾਨ ਸੰਘਰਸ਼ ਦੌਰਾਨ ਆਪਣੀਆਂ ਸੇਵਾਵਾਂ ਦਿੱਤੀਆਂ ਜਾਂ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਪੰਜਾਬ ਤੇ ਹੋਰ ਸੂਬਿਆਂ ਵਿੱਚ ਵੀ ਸਮਾਜ ਭਲਾਈ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਿਸ ਲਈ 30 ਕਰੋੜ ਰੁਪਏ ਸਾਲਾਨਾ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਮਨਪ੍ਰੀਤ ਸਿੰਘ, ਬਿੱਟੂ ਬਾਗੜੀ ਤੇ ਸਮੂਹ ਸੇਵਾਦਾਰ ਵੀ ਮੌਜੂਦ ਸਨ।