ਚੰਡੀਗੜ੍ਹ, 4 ਨਵੰਬਰ, 2016 : ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹੇਠਲੇ ਪੱਧਰ ਰਾਜਨੀਤੀ ਕਰਨ ਅਤੇ ਸੂਬੇ ਵਿੱਚ ਫਿਰਕੂ ਮਾਹੌਲ ਪੈਦਾ ਕਰਨ ਦੀ ਅਲੋਚਨਾ ਕੀਤੀ ਹੈ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਆਪ ਆਗੂ ਅਤੇ ਦਿੱਲੀ ਦੇ ਵਿਧਾਇਕਾ ਨਰੇਸ਼ ਯਾਦਵ ਨੂੰ ਝੂਠੇ ਮਾਮਲੇ ਵਿੱਚ ਫਸਾਉਣ ਲਈ ਪੁਲਿਸ ਅਧਿਕਾਰੀਆਂ ਉਤੇ ਦਬਾਅ ਪਾਏ ਜਾਣ ਦੀ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਉਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।
ਵੜੈਚ ਨੇ ਕਿਹਾ ਕਿ ਮੁੱਖ ਮੁਲਜਮ ਵਿਜੇ ਕੁਮਾਰ ਨੇ ਮੀਡੀਆ ਸਾਹਮਣੇ ਮੰਨਿਆ ਹੈ ਕਿ ਪੁਲਿਸ ਵੱਲੋਂ ਉਸ ਉਤੇ ਯਾਦਵ ਦਾ ਨਾਂਅ ਲੈਣ ਲਈ ਦਬਾਅ ਬਣਾਇਆ ਗਿਆ ਸੀ, ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਸੁਖਬੀਰ ਪੁਲਿਸ ਨੂੰ ਸਿਆਸੀ ਹਿੱਤਾਂ ਲਈ ਵਰਤ ਰਹੇ ਹਨ। ਵੜੈਚ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਮਾਣਯੋਗ ਰਾਜਪਾਲ ਨੂੰ ਮਿਲਣਗੇ ਅਤੇ ਇਹ ਮੰਗ ਕੀਤੀ ਜਾਵੇਗੀ ਕਿ ਜਿਨਾਂ ਅਧਿਕਾਰੀਆਂ ਨੇ ਨਰੇਸ਼ ਯਾਦਵ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ, ਉਨਾਂ ਦਾ ਪਤਾ ਕਰਨ ਲਈ ਨਿਰਪੱਖ ਜਾਂਚ ਕੀਤੀ ਜਾਵੇ।
ਵੜੈਚ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸੁਖਬੀਰ ਬਾਦਲ ਨੇ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦਿਆਂ ਝੂਠਾ ਕੇਸ ਦਰਜ ਕਰਵਾਇਆ ਹੋਵੇ। ਉਨਾਂ ਕਿਹਾ ਕਿ ਬਰਗਾੜੀ ਮਾਮਲੇ ਵਿੱਚ ਵੀ ਦੋ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਸਬੂਤ ਨਾ ਹੋਣ ਕਾਰਨ ਉਨਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਇਸ ਮੌਕੇ ਵਿਧਾਇਕ ਨਰੇਸ਼ ਯਾਦਵ ਨੇ ਕਿਹਾ ਕਿ ਦੇਸ਼ ਦਾ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਕਾਰਨ ਉਨਾਂ ਨੇ ਪੰਜਾਬ ਪੁਲਿਸ ਦਾ ਹਮੇਸ਼ਾਂ ਸਾਥ ਦਿੱਤਾ ਹੈ ਅਤੇ ਭਵਿੱਖ ਵਿੱਚ ਵੀ ਕਿਸੇ ਵੀ ਜਾਂਚ ਲਈ ਤਿਆਰ ਹਾਂ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਫਿਰਕੂਪ੍ਰਸਤੀ ਕੋਸ਼ਿਸ਼ਾਂ ਕਦੇ ਵੀ ਸਫਲ ਨਹੀਂ ਹੋਣਗੀਆਂ, ਕਿਉਂਕਿ ਲੋਕ ਉਨਾਂ ਨੂੰ ਹੁਣ ਚੰਗੀ ਤਰਾਂ ਜਾਣ ਗਏ ਹਨ। ਉਨਾਂ ਕਿਹਾ ਕਿ ਅਜਿਹੇ ਸਿਆਸਤਾਨਾਂ ਕਰਕੇ ਹੀ ਅੱਜ ਦੇਸ਼ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ।
ਯਾਦਵ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇੱਕ ਮੁਲਜਮ ਦੇ ਬਿਆਨਾਂ ਉਤੇ ਲੋਕਾਂ ਦੇ ਚੁਣੇ ਹੋਏ ਇੱਕ ਪ੍ਰਤੀਨਿਧੀ ਨੂੰ ਫੜਨ ਲਈ ਪੁਲਿਸ ਭੇਜੀ ਅਤੇ ਜਦੋਂ ਉਹੀ ਵਿਅਕਤੀ ਪੁਲਿਸ ਅਧਿਕਾਰੀਆਂ ਉਤੇ ਦੋਸ਼ ਲਗਾ ਰਿਹਾ ਹੈ ਤਾਂ ਸੁਖਬੀਰ ਬਾਦਲ ਹੁਣ ਕੀ ਕਾਰਵਾਈ ਕਰਨਗੇ?
ਆਪ ਆਗੂ ਅਤੇ ਨਰੇਸ਼ ਯਾਦਵ ਦੇ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਯਾਦਵ ਦੇ ਖਿਲਾਫ ਕੋਈ ਸਬੂਤ ਨਹੀਂ ਸੀ, ਇਸੇ ਕਾਰਨ ਉਨਾਂ ਨੂੰ ਛੇਵੇਂ ਦਿਨ ਜਮਾਨਤ ਮਿਲ ਗਈ। ਸ਼ੇਰਗਿੱਲ ਨੇ ਸਵਾਲ ਕੀਤਾ ਕਿ ਭਾਵੇਂ ਉਨਾਂ ਨੂੰ ਛੇਤੀ ਹੀ ਜਮਾਨਤ ਮਿਲ ਗਈ, ਪਰ ਯਾਦਵ ਤੇ ਉਨਾਂ ਦੇ ਪਰਿਵਾਰ ਉਤੇ ਕੀਤੇ ਮਾਨਸ਼ਿਕ ਤਸ਼ੱਦਦ ਅਤੇ 6 ਦਿਨ ਜੇਲ ਵਿੱਚ ਗੁਜਾਰਨ ਦੀ ਭਰਪਾਈ ਕੌਣ ਕਰੇਗਾ? ਉਨਾਂ ਕਿਹਾ ਕਿ ਇਨਸਾਫ ਦਾ ਗਲਾ ਘੁੱਟਣ ਦੀ ਇਹ ਢੁਕਵੀਂ ਉਦਾਹਰਣ ਹੈ। ਉਨਾਂ ਨੇ ਪੰਜਾਬ ਪੁਲਿਸ ਉਤੇ ਇੱਕ ਚੁਣੇ ਹੋਏ ਪ੍ਰਤੀਨਿਧੀ ਨਾਲ ਮਾੜਾ ਵਰਤਾਓ ਕਰਨ ਅਤੇ ਮੁਲਜਮ ਨੂੰ ਜਬਰੀ ਬਿਆਨ ਦੇਣ ਲਈ ਮਜਬੂਰ ਕਰਨ ਦਾ ਆਰੋਪ ਲਗਾਇਆ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜਨ. ਸਕੱਤਰ ਗੁਲਸ਼ਨ ਛਾਬੜਾ, ਪੰਜਾਬ ਡਾਇਲਾਗ ਕਮੇਟੀ ਦੇ ਮੈਂਬਰ ਇੰਜੀ. ਮੁਹੰਮਦ ਓਵੇਸ ਅਤੇ ਪਾਰਟੀ ਆਗੂ ਅਰਸ਼ਦ ਡਾਲੀ ਵੀ ਮੌਜੂਦ ਰਹੇ।