ਅਸ਼ੋਕ ਵਰਮਾ
ਚੰਡੀਗੜ੍ਹ, 3 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਸੰਗਰੂਰ ਵਿਖੇ ਭਾਜਪਾ ਲੀਡਰਾਂ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਾਲੇ ਖੇਤੀ ਕਾਨੂੰਨ ਵਾਪਿਸ ਹੋਣ ਤੱਕ ਬੀਜੇਪੀ ਆਗੂਆਂ ਅਤੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੰਜਾਬ ਵਿੱਚ ਭਾਜਪਾ ਕਾਰਪੋਰੇਟ ਗੱਠਜੋੜ ਖਿਲਾਫ 43 ਥਾਂਵਾਂ ਤੋਂ ਇਲਾਵਾ 2 ਡੀ ਸੀ ਦਫਤਰਾਂ ਅੱਗੇ ਦਿਨੇ ਰਾਤ ਧਰਨੇ ਜਾਰੀ ਹਨ।
ਉਹਨਾਂ ਦੱਸਿਆ ਕਿ ਅੱਜ ਮੋਗਾ ਜਿਲ੍ਹੇ ਦੇ ਭਾਜਪਾ ਪ੍ਰਧਾਨ ਵਿਨੇ ਗੋਇਲ ਦੀ ਹੌਸਲਾ ਅਫਜਾਈ ਲਈ ਉਸਦੇ ਘਰ ਪੁੱਜੇ ਸੂਬਾਈ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦਾ ਵੀ ਜਥੇਬੰਦੀ ਦੇ ਜਿਲ੍ਹਾ ਖਜ਼ਾਨਚੀ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਸੈਂਕੜੇ ਧਰਨਾਕਾਰੀ ਕਿਸਾਨ ਮਜਦੂਰ ਮਰਦ ਔਰਤਾਂ ਨੇ ਜ਼ੋਰਦਾਰ ਨਾਹਰੇ ਮਾਰ ਕੇ ਵਿਰੋਧ ਕੀਤਾ ਹੈ।
ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਮਜਦੂਰਾਂ ਅਤੇ ਸਾਰੇ ਹਮਾਇਤੀ ਕਿਰਤੀਆਂ ਅੰਦਰ ਕੇਂਦਰੀ ਹਕੂਮਤ ਖਿਲਾਫ ਰੋਹ ਦਿਨੋ ਦਿਨ ਪ੍ਰਚੰਡ ਹੋ ਰਿਹਾ ਹੈ ਅਤੇ ਪ੍ਰਵਾਰਾਂ ਦੇ ਪ੍ਰਵਾਰ ਹੱਡ ਚੀਰਵੀਂ ਠੰਢ ਅਤੇ ਮੀਂਹ ਦੌਰਾਨ ਵੀ ਧਰਨਿਆਂ ‘ਚ ਭਾਰੀ ਗਿਣਤੀ ਵਿੱਚ ਲਗਾਤਾਰ ਪੁੱਜ ਰਹੇ ਹਨ। ਮੋਦੀ ਸਰਕਾਰ ਦੇ ਕਾਰਪੋਰੇਟ ਹਿਤਾਂ ਪ੍ਰਤੀ ਗਹਿਰੀ ਵਫਾਦਾਰੀ ਵਾਲੇ ਕੱਟੜ ਵਤੀਰੇ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਦੇ ਧਰਨਿਆਂ ‘ਚ ਸ਼ਾਮਲ ਲੋਕ ਬੱਚੇ ਬੁੱਢੇ ਮਰਦ ਔਰਤਾਂ ਨੌਜਵਾਨ ਪੂਰੇ ਸਿਦਕ ਸਿਰੜ ਨਾਲ ਸ਼ਾਂਤਮਈ ਮੋਰਚਿਆਂ ਵਿੱਚ ਕਾਲੇ ਖੇਤੀ ਕਾਨੂੰਨਾਂ ਦੇ ਖਾਤਮੇ ਦੀ ਅੰਤਿਮ ਜਿੱਤ ਤੱਕ ਲੰਬੇ ਸਮੇਂ ਲਈ ਡਟੇ ਰਹਿਣ ਦਾ ਪੱਕਾ ਇਰਾਦਾ ਧਾਰ ਕੇ ਆ ਰਹੇ ਹਨ।
ਉਹਨਾਂ ਦੱਸਿਆ ਕਿ ਮੋਦੀ ਸਰਕਾਰ ਦੀਆਂ ਸਾਰੀਆਂ ਭੁਲੇਖਾਪਾਊ ਭੜਕਾਊ ਤੇ ਪਾਟਕਪਾਊ ਚਾਲਾਂ ਨੂੰ ਲਗਾਤਾਰ ਪਛਾੜਦਿਆਂ ਇਸ ਸ਼ਾਂਤਮਈ ਕਿਸਾਨ ਅੰਦੋਲਨ ਵਿੱਚ ਪੂਰੇ ਦੇਸ ਦੇ ਕਿਸਾਨ ਸ਼ਾਮਲ ਹੋ ਰਹੇ ਹਨ। ਹਰ ਵਾਰ ਗੱਲਬਾਤ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਰੱਦ ਕੀਤੀਆਂ ਸੋਧਾਂ ਦਾ ਰਟਣ ਮੰਤਰ ਪਰ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਭੱਜਣ ਵਾਲੀਆਂ ਸਰਕਾਰੀ ਚਾਲਾਂ ਨੂੰ ਵੀ ਸੰਘਰਸ਼ਸ਼ੀਲ ਆਗੂ ਅਤੇ ਕਿਸਾਨ ਬੁੱਝੀ ਬੈਠੇ ਹਨ। ਕਿਉਂਕਿ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਹਰ ਫਸਲ ਦਾ ਐਮ ਐਸ ਪੀ ਮੁਲਕ ਦੇ ਹਰ ਕਿਸਾਨ ਨੂੰ ਮਿਲਣ ਦੀ ਕਾਨੂੰਨੀ ਗਰੰਟੀ ਤੋਂ ਬਗੈਰ ਬਿਜਲੀ ਸਬਸਿਡੀਆਂ ਜਾਂ ਪਰਾਲ਼ੀ ਪ੍ਰਦੂਸਣ ਕਾਨੂੰਨ ‘ਚ ਸੋਧ ਦਾ ਕੋਈ ਅਰਥ ਨਹੀਂ ਰਹਿ ਜਾਂਦਾ।
ਥਾਂ ਥਾਂ ਮੋਰਚਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸੰਘਰਸ਼ ਦੌਰਾਨ ਰੋਜ਼ਾਨਾ ਹੋ ਰਹੀਆਂ ਸ਼ਹੀਦੀਆਂ ਲਈ ਕੇਂਦਰ ਸਰਕਾਰ ਦੇ ਕਿਸਾਨਾਂ ਨਾਲ ਦੁਸ਼ਮਣਾਂ ਵਰਗੇ ਇਸ ਕੱਟੜ ਵਤੀਰੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਦੱਸਿਆ ਕਿ ਦਿੱਲੀ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਹਜਾਰ ਤੋਂ ਵੱਧ ਟ੍ਰੈਕਟਰਾਂ ਦਾ ਕਾਫਲਾ ਸ਼ਾਹਜਹਾਂਪੁਰ ਦੇ ਕਿਸਾਨ ਧਰਨੇ ਵਿੱਚ ਸ਼ਾਮਲ ਹੋ ਚੁੱਕਾ ਹੈ।
ਜਥੇਬੰਦੀ ਵੱਲੋਂ “ ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ ਕਮੇਟੀ “ ਦੇ ਫੈਸਲੇ ਮੁਤਾਬਕ ਇਸ ਘੋਲ਼ ਦੇ ਸਾਰੇ ਅਹਿਮ ਪੱਖਾਂ ਅਤੇ ਸੰਭਾਵੀ ਮੋੜਾਂ ਘੋੜਾਂ ਬਾਰੇ ਤੱਥਾਂ ਸਹਿਤ ਪੂਰੀ ਜਾਣਕਾਰੀ ਨਾਲ ਘੋਲ਼ ਵਿੱਚ ਵੱਖ ਵੱਖ ਢੰਗਾਂ ਨਾਲ ਜੁਟੇ ਹੋਏ ਸਮੂਹ ਕਿਸਾਨ ਮਜਦੂਰ ਔਰਤਾਂ ਨੌਜਵਾਨਾਂ ਬੱਚਿਆਂ ਨੂੰ ਲੈਸ ਕਰਨ ਦੀ ਜੋਰਦਾਰ ਸਿੱਖਿਆ ਮੁਹਿੰਮ ਪੂਰੇ ਪੰਜਾਬ ਸਮੇਤ ਦਿੱਲੀ ਮੋਰਚੇ ਵਿੱਚ ਵੀ ਵਿੱਢੀ ਜਾ ਚੁੱਕੀ ਹੈ। ਸੈਂਕੜਿਆਂ ਦੀ ਤਾਦਾਦ ਵਿੱਚ ਸਿੱਖਿਆ ਵਲੰਟੀਅਰਾਂ ਨੂੰ ਸਿਖਲਾਈ ਦੇ ਕੇ ਇਸ ਮਹਾਨ ਕਾਰਜ ਲਈ ਤਾਇਨਾਤ ਕੀਤਾ ਜਾ ਰਿਹਾ ਹੈ।