ਚੰਡੀਗੜ / ਸ਼੍ਰੀ ਮੁਕਤਸਰ ਸਾਹਿਬ, 16 ਅਕਤੂਬਰ, 2016 : ਪਿਛਲੇ ਕਈ ਦਿਨਾਂ ਤੋਂ ਬਠਿੰਡਾ, ਮਲੋਟ ਅਤੇ ਸ਼੍ਰੀ ਮੁਕੱਤਸਰ ਸਾਹਿਬ ਦੀਆਂ ਜੇਲਾਂ ਵਿੱਚ ਬੰਦ ਸੈਂਕੜਿਆਂ ਸੁਵਿਧਾ ਸੈਂਟਰ ਦੇ ਕਰਮਚਾਰੀਆਂ ਦੇ ਨਾਲ ਪੰਜਾਬ ਸਰਕਾਰ ਮੁਲਾਕਾਤ ਨਹੀਂ ਕਰਨ ਦੇ ਰਹੀ। ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਅਤੇ ਕੋਟਕਪੂਰਾ ਤੋਂ ਪਾਰਟੀ ਉਮੀਦਵਾਰ ਕੁਲਤਾਰ ਸਿੰਘ ਨੇ ਇਹ ਦੋਸ਼ ਲਗਾਇਆ ਹੈ ।
ਐਤਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਕੁਲਤਾਰ ਸਿੰਘ ਨੇ ਦੱਸਿਆ ਕਿ ਉਹ ਅੱਜ ਸ਼੍ਰੀ ਮੁਕੱਤਸਰ ਸਾਹਿਬ ਦੇ ਪਿੰਡ ਬੁੱਢਾ ਗੁੱਜਰ ਵਿੱਚ ਸਥਿਤ ਜੇਲ ਵਿੱਚ ਸੁਵਿਧਾ ਸੈਂਟਰ ਦੇ ਪੀੜਤ ਕਰਮਚਾਰੀਆਂ ਨਾਲ ਮੁਲਾਕਾਤ ਕਰਨ ਲਈ ਗਏ ਸਨ, ਪਰੰਤੂ ਜੇਲ ਪ੍ਰਸ਼ਾਸਨ ਨੇ ਇਹ ਕਹਿੰਦੇ ਹੋਏ ਮੁਲਾਕਾਤ ਕਰਾਉਣ ਤੋਂ ਮਨਾਹੀ ਕਰ ਦਿੱਤੀ ਕਿ ਉਪਰ ਤੋਂ ਹਿਦਾਈਤਾਂ ਹਨ ਕਿ ਕਿਸੇ ਦੀ ਮੁਲਾਕਾਤ ਨਾ ਕਰਵਾਈ ਜਾਵੇ। ਇਸ ਮੌਕੇ ‘ਤੇ ਉਨਾਂ ਦੇ ਨਾਲ ਮਨਜੀਤ ਸਿੰਘ ਭੋਲ਼ਾ, ਸਰਬਜੀਤ ਸਿੰਘ ਹੈਪੀ, ਸੁਖਜਿੰਦਰ ਸਿੰਘ, ਸੁਖਜੀਤ ਸਿੰਘ, ਮਨਦੀਪ ਸਿੰਘ ਅਤੇ ਜਗਸੀਰ ਸਿੰਘ ਵੀ ਮੌਜੂਦ ਸਨ ।
ਕੁਲਤਾਰ ਸਿੰਘ ਨੇ ਦੱਸਿਆ ਕਿ ਉੱਥੇ 206 ਸੁਵਿਧਾ ਸੈਂਟਰ ਦੇ ਕਰਮਚਾਰੀਆਂ ਨੂੰ ਬੰਦ ਕੀਤਾ ਹੋਇਆ ਹੈ। ਪਰੰਤੂ ਜੇਲ ਪ੍ਰਸ਼ਾਸਨ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਨਹੀਂ ਕਰਵਾਈ। ਕੁਲਤਾਰ ਸਿੰਘ ਅਨੁਸਾਰ ਉਹ ਉੱਥੇ ਜੇਲ ਵਿੱਚ ਬੰਦ ਕਰਮਚਾਰੀ ਗੁਰਿੰਦਰਜੀਤ ਸਿੰਘ ਦੇ ਪਰਿਵਾਰ ਨੂੰ ਵੀ ਮਿਲੇ ਜੋ ਸਵੇਰੇ ਤੋਂ ਮੁਲਾਕਾਤ ਦੀ ਕੋਸ਼ਿਸ਼ ਕਰ ਰਹੇ ਸਨ, ਲੇਕਿਨ ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ। ਗੁਰਿੰਦਰਜੀਤ ਸਿੰਘ ਦੇ ਰਿਸ਼ਤੇਦਾਰਾਂ ਦੇ ਅਨੁਸਾਰ ਦੱਸਿਆ ਕਿ ਸਵੇਰ ਤੋਂ ਕਾਫ਼ੀ ਪਰਿਵਾਰਕ ਮੈਂਬਰਾਂ ਨੇ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸੇ ਦੀ ਮੁਲਾਕਾਤ ਨਹੀਂ ਕਰਵਾਈ ਗਈ ।
‘ਆਪ’ ਨੇਤਾ ਨੇ ਦੱਸਿਆ ਕਿ ਜੇਲ ਦੇ ਅਧਿਕਾਰੀ ਆਪਣੇ ਆਪ ਵੀ ਗੱਲਬਾਤ ਕਰਨ ਤੋਂ ਕਿਨਾਰਾ ਕਰਦੇ ਰਹੇ। ਜਿਵੇਂ ਹੀ ਉਨਾਂ ਨੇ ਦਬਾਅ ਬਣਾਇਆ ਤਾਂ ਜੇਲ ਦੇ ਸੁਪਰਡਂੈਟ ਨੇ ਗੱਲ ਕੀਤੀ ਅਤੇ ਦੱਸਿਆ ਕਿ ਉਪਰ ਤੋਂ ਹਿਦਾਇਤਾਂ ਹਨ ਕਿ ਹੁਣ ਮੁਲਾਕਾਤ ਨਹੀਂ ਕਰਵਾਈ ਜਾ ਸਕਦੀ। ਕੁਲਤਾਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਸ਼ਕ ਹੈ ਕਿ ਜੇਲ ਵਿੱਚ ਬੰਦ ਕਰਮਚਾਰੀਆਂ ਨੂੰ ਜਿਆਦਾ ਮਾਰਕੁਟ ਦੇ ਕਾਰਨ ਮੁਲਾਕਾਤ ਕਰਵਾਏ ਜਾਣ ਤੋਂ ਮਨਾਹੀ ਕੀਤਾ ਜਾ ਰਿਹਾ ਹੈ। ਕੁਲਤਾਰ ਸਿੰਘ ਦੇ ਅਨੁਸਾਰ ਸ਼੍ਰੀ ਮੁਕਤਸਰ ਸਾਹਿਬ ਦੀ ਬੱਢਾ ਗੁੱਜਰ ਜੇਲ ਤੋਂ ਇਲਾਵਾ ਬਠਿੰਡਾ ਅਤੇ ਮਲੋਟ ਦੀਆਂ ਜੇਲਾਂ ਵਿੱਚ ਵੀ ਸੈਂਕੜਿਆਂ ਸੁਵਿਧਾ ਸੈਂਟਰ ਕਰਮਚਾਰੀ ਬੰਦ ਕੀਤੇ ਹੋਏ ਹਨ। ਕੁਲਤਾਰ ਸਿੰਘ ਨੇ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਸਾਰੇ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣਗੇ ਅਤੇ ਨੌਕਰੀਆਂ ਵਿੱਚ ਨਿੱਜੀਕਰਣ ਅਤੇ ਠੇਕਾ ਪ੍ਰਣਾਲੀ ਨੂੰ ਖ਼ਤਮ ਕੀਤਾ ਜਾਵੇਗਾ ।
ਵਰਣਨਯੋਗ ਹੈ ਕਿ ਆਪਣੀ ਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਵਿੱਚ ਰੋਸ਼ ਪ੍ਰਦਰਸ਼ਨ ਕਰ ਰਹੇ ਸੈਂਕੜੇਂ ਸੁਵਿਧਾ ਸੈਂਟਰ ਦੇ ਕਰਮਚਾਰੀਆਂ ਉੱਤੇ ਪੁਲਿਸ ਦਾ ਕਹਿਰ ਟੁੱਟ ਪਿਆ ਅਤੇ ਪੁਲਿਸ ਨੇ ਗਰਭਵਤੀ ਅਤੇ ਅਪਾਹਿਜ ਰੋਸ਼ ਪ੍ਰਦਰਸ਼ਨਕਾਰੀਆਂ ਨੂੰ ਵੀ ਨਹੀਂ ਬਖਸ਼ਿਆ। ਪੁਲਿਸ ਲਾਠੀਚਾਰਜ ਵਿੱਚ ਦਰਜਨਾਂ ਸੁਵਿਧਾ ਸੈਂਟਰ ਕਰਮਚਾਰੀ ਜਖ਼ਮੀ ਹੋ ਗਏ, ਪਰੰਤੂ ਪੰਜਾਬ ਸਰਕਾਰ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਸੈਂਕੜਿਆਂ ਰੋਸ਼ ਪ੍ਰਦਰਸ਼ਨਕਾਰੀਆਂ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ ਅਤੇ ਦੋ ਦਰਜਨ ਤੋਂ ਜਿਆਦਾ ਉੱਤੇ ਗੈਰ-ਜਮਾਨਤੀ ਧਾਰਾਵਾਂ ਲਗਾਕੇ ਮਾਮਲੇ ਦਰਜ ਕਰ ਲਈ ਗਏ ।