ਚੰਡੀਗੜ੍ਹ, 16 ਅਕਤੂਬਰ, 2016 : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਦਿਨ-ਪ੍ਰਤੀ-ਦਿਨ ਜਾਨਲੇਵਾ ਸਾਬਤ ਹੋ ਰਹੇ ਅਵਾਰਾ ਪਸ਼ੂਆਂ ਦੀ ਸਮੱਸਿਆ ਉੱਤੇ ਗਹਿਰੀ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨੇ ਖੇਤਾਂ ਅਤੇ ਸੜਕਾਂ ਉੱਤੇ ਆਤੰਕ ਮਚਾਇਆ ਹੋਇਆ ਹੈ, ਇਸਦੇ ਬਾਵਜੂਦ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੋ ਰਹੀ ਹੈ ।
ਐਤਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਸਬੰਧੀ ਕਮੇਟੀ (ਪੀਏਸੀ) ਦੇ ਮੈਂਬਰ ਅਤੇ ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅਤੇ ਚੋਣ ਮਨੋਰਥ ਪੱਤਰ ਕਮੇਟੀ ਦੇ ਮੁੱਖੀ ਅਤੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਕਿਹਾ ਕਿ ਪੰਜਾਬ ਵਿੱਚ ਹਰ ਸਾਲ ਲੱਗਭੱਗ ਪੰਜ ਹਜਾਰ ਲੋਕਾਂ ਦੀਆਂ ਸੜਕ ਹਾਦਸੇ ਵਿਚ ਮੌਤ ਹੋ ਰਹੀ ਹੈ, ਇਹਨਾਂ ਵਿੱਚੋਂ ਬਹੁਤ ਸਾਰੇ ਹਾਦਸੇ ਅਵਾਰਾ ਪਸ਼ੂਆਂ ਦੇ ਕਾਰਨ ਹੁੰਦੇ ਹਨ।
ਸ਼ਨੀਵਾਰ ਨੂੰ ਗਿੱਦੜਬਾਹਾ ਦੇ ਕੋਲ ਹੋਏ ਸੜਕ ਹਾਦਸੇ ਦਾ ਕਾਰਨ ਵੀ ਅਵਾਰਾ ਪਸ਼ੂ ਹੀ ਬਣਿਆ, ਜਿਸ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਜਾਨ ਚੱਲੀ ਗਈ ਅਤੇ ਕੁਝ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਪਿਛਲੇ ਇੱਕ ਹਫਤੇ ਵਿੱਚ ਸਿਰਫ ਮੋਗਾ ਜਿਲੇ ਵਿੱਚ ਅਵਾਰਾ ਪਸ਼ੂਆਂ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਿਨਾਂ ਵਿੱਚ ਦੂਨੋਕੇ ਪਿੰਡ ਦਾ ਅਮਰ ਸਿੰਘ (60) ਅਤੇ ਫਾਜਿਲਕਾ ਨਿਵਾਸੀ 22 ਸਾਲ ਦਾ ਨੌਜਵਾਨ ਰਾਮ ਸਿੰਘ ਦੀ ਮੋਗਾ-ਕੋਟਕਪੂਰਾ ਸੜਕ ਉੱਤੇ ਹਾਦਸੇ ਦੌਰਾਨ ਅਤੇ ਦੂਨੋਕੇ ਪਿੰਡ ਦੇ ਹੀ ਸੰਤਾ ਸਿੰਘ ਦੀ ਇੱਕ ਢੱਠੇ (ਸਾਂਡ) ਵਲੋਂ ਕੀਤੇ ਗਏ ਹਮਲੇ ਵਿੱਚ ਜਾਨ ਚੱਲੀ ਗਈ। ‘ਆਪ’ ਆਗੂਆਂ ਨੇ ਇਸ ਦਰਦਨਾਕ ਮੌਤਾਂ ਉੱਤੇ ਗਹਿਰਾ ਦੁੱਖ ਜਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਇਸ ਤਰਾਂ ਦੇ ਦੁੱਖਦ ਖਬਰਾਂ ਲਗਾਤਾਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ, ਪਰੰਤੂ ਪ੍ਰਕਾਸ਼ ਸਿੰਘ ਬਾਦਲ ਦੇ ਅਗਵਾਈ ਵਿੱਚ ਚੱਲ ਰਹੀ ਅਕਾਲੀ-ਭਾਜਪਾ ਸਰਕਾਰ ਨੂੰ ਅਵਾਰਾ ਪਸ਼ੂਆਂ ਕਾਰਨ ਮਰ ਰਹੇ ਲੋਕਾਂ ਦੀ ਕੋਈ ਫਿਕਰ ਨਹੀਂ ਹੈ।
ਕੰਵਰ ਸੰਧੂ ਨੇ ਕਿਹਾ ਕਿ ਕਿਸਾਨ ਮੇਨੀਫੈਸਟੋ ਤਿਆਰ ਕਰਦੇ ਸਮੇਂ ਉਨਾਂ ਨੇ ਪੰਜਾਬ ਦੇ ਹਰ ਹਿੱਸੇ ਵਿੱਚ ਹਜਾਰਾਂ ਕਿਸਾਨਾਂ ਦੇ ਨਾਲ ਹੋਏ ਸਿੱਧੀ ਗੱਲਬਾਤ ਦੌਰਾਨ ਅਵਾਰਾ ਪਸ਼ੂ ਇੱਕ ਵੱਡੀ ਸਮੱਸਿਆ ਦੇ ਰੂਪ ਵਿੱਚ ਸਾਹਮਣੇ ਆਏ ਹਨ। ਜੋ ਨਾ ਕੇਵਲ ਸੜਕ ਹਾਦਸੇ ਸਗੋਂ ਖੇਤਾਂ ਦਾ ਭਾਰੀ ਨੁਕਸਾਨ ਵੀ ਕਰ ਰਹੇ ਹਨ। ਕੰਡੀ ਖੇਤਰ ਸਮੇਤ ਪੰਜਾਬ ਦਾ ਹਰ ਇਕ ਇਲਾਕਾ ਅਵਾਰਾ ਪਸ਼ੂਆਂ ਤੋਂ ਬਹੁਤ ਹੀ ਦੁਖੀ ਅਤੇ ਪਰੇਸ਼ਾਨ ਹੈ। ਕੰਵਰ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਦੇ ਤਿੰਨ ਮਹੀਨੀਆਂ ਦੇ ਬਾਅਦ ਪੰਜਾਬ ਦੀਆਂ ਸੜਕਾਂ ਅਤੇ ਖੇਤਾਂ ਵਿੱਚ ਅਵਾਰਾ ਪਸ਼ੂ ਨਜ਼ਰ ਨਹੀਂ ਆਉਣਗੇ। ਇਹ ਵਾਅਦਾ ਕਿਸਾਨਾਂ ਸਬੰਧੀ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਹੈ। ਕੰਵਰ ਸੰਧੂ ਨੇ ਦੱਸਿਆ ਕਿ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਪੰਜਾਬ ਵਿੱਚ ਸਾਢੇ ਸੱਤ ਹਜਾਰ ਅਵਾਰਾ ਪਸ਼ੂ ਘੁਮ ਰਹੇ ਹਨ, ਜਿਨਾਂ ਵਿਚੋਂ ਇੱਕ ਹਜਾਰ ਕੇਵਲ ਮੋਗੇ ਦੇ ਇਲਾਕੇ ਵਿੱਚ ਹਨ। ਕੰਵਰ ਸੰਧੂ ਨੇ ਕਿਹਾ ਕਿ ਅਸਲੀਅਤ ਵਿੱਚ ਇਹ ਗਿਣਤੀ ਲੱਖਾਂ ਵਿੱਚ ਹੈ। ਕੰਵਰ ਸੰਧੂ ਨੇ ਕਿਹਾ ਉਨਾਂ ਦੀ ਪਾਰਟੀ ਸੜਕ ਹਾਦਸੇ ਨੂੰ ਜੀਰੋ ਕਰਨ ਲਈ ਇੱਕ ਸਟੀਕ ਨੀਤੀ ਤਿਆਰ ਕਰ ਰਹੀ ਹੈ। ਜਿਸ ਉੱਤੇ ਆਧਾਰਿਤ ਇੱਕ ਵੱਖ ਟਰੈਫਿਕ ਮੈਨਿਫੇਸਟੋ ਵੀ ਜਾਰੀ ਕੀਤਾ ਜਾਵੇਗਾ ।