ਅਸ਼ੋਕ ਵਰਮਾ
ਬਠਿੰਡਾ,9 ਫਰਵਰੀ2021: ਮਾਲਵੇ ’ਚ ਐਤਕੀ ਨਵੇਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਇਤਿਹਾਸਕ ਸੰਘਰਸ਼ ਦਾ ਰੰਗ ਐਤਕੀ ਪਤੰਗਬਾਜੀ ਤੇ ਵੀ ਚੜ ਗਿਆ ਹੈ। ਆਮ ਤੌਰ ਤੇ ਫਿਲਮੀ ਕਲਾਕਾਰਾਂ, ਪੰਜਾਬੀ ਗਾਇਕਾਂ ਜਾਂ ਹੋਰ ਵੱਖ ਵੱਖ ਤਰਾਂ ਦੇ ਪਤੰਗਾਂ ਦਾ ਬੋਲਬਾਲਾ ਹੁੰਦਾ ਹੈ ਪਰ ਇਸ ਵਾਰ ਤਾਂ ਬਸੰਤ ਪੰਚਮੀ ਤੋਂ ਪਹਿਲਾਂ ਹੀ ‘ਕਿਸਾਨ ਸੰਘਰਸ਼’ ਦੇ ਮਾਟੋ ਵਾਲੇ ਪਤੰਗ ਉਡਾਰੀਆਂ ਮਾਰਨ ਲੱਗੇ ਹਨ। ਪਤੰਗ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਬਸੰਤ ਪੰਚਮੀਂ ਵਾਲੇ ਦਿਨ ‘ਕਿਸਾਨ ਸੰਘਰਸ਼’ ਨਾਲ ਜੁੜੀਆਂ ਪਤੰਗਾਂ ਉਡਦੀਆਂ ਹੀ ਨਹੀਂ ਬਲਕਿ ਅਸਮਾਨ ਤੇ ਉਡਦੀਆਂ ਕਿਸਾਨੀ ਸੰਦੇਸ਼ ਵਾਲੀਆਂ ਪੰਤਗਾਂ ਅਤੇ ਹੋਰਨਾਂ ਪੰਤਗਾਂ ਵਿਚਾਲੇ ਘਮਸਾਨ ਦੇਖਣ ਨੂੰ ਮਿਲੇਗਾ। ਜਾਣਕਾਰੀ ਅਨੁਸਾਰ ਕਈ ਸੂਬਿਆਂ ‘ਚ 14 ਜਨਵਰੀ ਨੂੰ (ਮਕਰ ਸਕ੍ਰਾਂਤੀ) ਮਾਘੀ ਵਾਲੇ ਦਿਨ ਪਤੰਗਾਂ ਉਡਾਉਣ ਦਾ ਰਿਵਾਜ ਹੈ । ਪੰਜਾਬ ‘ਚ ਇਸ ਤੋਂ ਬਾਅਦ ਪਤੰਗਬਾਜੀ ਸ਼ੁਰੂ ਤਾਂ ਹੋ ਜਾਂਦੀ ਹੈ । ਬਸੰਤ ਪੰਚਮੀ ਵਾਲੇ ਦਿਨ ਤਾਂ ਅਸਮਾਨ ‘ਚ ਪਤੰਗਾਂ ਦਾ ਮੇਲਾ ਲੱਗਿਆ ਹੁੰਦਾ ਹੈ।
ਮਹੱਤਵਪੂਰਨ ਤੱਥ ਹੈ ਕਿ ਖੇਤੀ ਕਾਨੂੰਨਾਂ ਕਾਰਨ ਵੱਖ ਵੱਖ ਸਿਆਸੀ ਧਿਰਾਂ ਦੇ ਲੀਡਰਾਂ ਦੀ ਭੂਮਿਕਾ ਨੂੰ ਲੈਕੇ ਚੱਲ ਰਹੇ ਪ੍ਰਚਾਰ ਨੂੰ ਦੇਖਦਿਆਂ ਰਾਜਨੀਤਕ ਲੋਕਾਂ ਦੀਆਂ ਤਸਵੀਰਾਂ ਪੰਤਗਾਂ ਤੋਂ ਗਾਇਬ ਹਨ। ‘ਬਾਬੂਸ਼ਾਹੀ’ ਵੱਲੋਂ ਅੱਜ ਸ਼ਹਿਰ ’ਚ ਕੁੱਝ ਪਤੰਗ ਵਪਾਰੀਆਂ ਅਤੇ ਪਤੰਗਬਾਜਾਂ ਨਾਲ ਕੀਤੀ ਗੱਲਬਾਤ ਦੌਰਾਨ ਵੀ ਇਹੋ ਸਾਹਮਣੇ ਆਇਆ ਹੈ ਕਿ ‘ਕਿਸਾਨ ਸੰਘਰਸ਼ ’ ਨਾਲ ਸਬੰਧਤ ਪਤੰਗਾਂ ਪਹਿਲੀ ਪਸੰਦ ਬਣੀਆਂ ਹੋਈਆਂ ਹਨ। ਦੁਕਾਨਦਾਰਾਂ ਨੇ ਵੀ ਇਸ ਵਾਰ ਏਦਾਂ ਦੇ ਪਤੰਗ ਬਾਜ਼ਾਰ ਵਿੱਚ ਉਤਾਰੇ ਹਨ। ਬਠਿੰਡਾ ਮਹਾਂਨਗਰ ਜਿੱਥੇ ਹੋਰ ਕੰਮਾਂ ਵਿੱਚ ਮੋਹਰੀ ਸ਼ਹਿਰ ਹੈ, ਉੱਥੇ ਪਤੰਗ ਉਡਾਉਣ ਅਤੇ ਵੇਚਣ ਵਿੱਚ ਪਹਿਲੇ ਨੰਬਰ ‘ਤੇ ਹੈ। ਇੱਥੇ ਅਮਰੀਕ ਸਿੰਘ ਰੋਡ, ਕਿਲੇ ਦੇ ਬਾਹਰ , ਕਿੱਕਰ ਬਾਜ਼ਾਰ, ਪਰਸ ਰਾਮ ਨਗਰ, ਬੈਂਕ ਬਾਜ਼ਾਰ ਅਤੇ ਸਿਰਕੀ ਬਜਾਰ ਆਦਿ ਥਾਵਾਂ ‘ਤੇ ਕਿਸਾਨ ਸੰਘਰਸ਼ ਵਾਲੇ ਪਤੰਗਾਂ ਦੀ ਵਿੱਕਰੀ ਦਾ ਰੁਝਾਨ ਦਿਖਾਈ ਦਿੱਤਾ ਜੋ ਕਿ ਖੇਤੀ ਕਾਨੂੰਨਾਂ ਖਿਲਾਫ ਇੱਕ ਨਿਵੇਕਲਾ ਸੰਦੇਸ਼ ਹੈ।
ਪਤੰਗ ਖਰੀਦ ਕੇ ਲਿਜਾ ਰਹੇ ਨੌਜਵਾਨ ਅਵਿਨਾਸ਼ ਬਾਂਸਲ ਦਾ ਕਹਿਣਾ ਸੀ ਕਿ ਪਹਿਲਾਂ ਅਖਬਾਰਾਂ ਜਾਂ ਸਾਦੇ ਕਾਗਜ ਦੇ ਪਤੰਗ ਬਣਾ ਕੇ ਉਡਾਏ ਜਾਂਦੇ ਸਨ ਪਰ ਨਵੀਂ ਤਕਨੀਕ ਕਰਵਟ ਨਾਲ ਹੁਣ ਪਤੰਗ ਵੀ ਝਿਲਮਿਲ ਕਰਦੇ ਰੰਗ ਬਿਰੰਗੇ ਕਾਗਜ਼, ਪਲਾਸਟਿਕ ਅਤੇ ਕੱਪੜੇ ਦੇ ਬਣਨ ਲੱਗੇ ਹਨ। ਉਹਨਾਂ ਦੱਸਿਆ ਕਿ ਐਤਕੀ ਕਿਸਾਨਾਂ ਵਾਲਾ ਪਤੰਗ ਹੋਰਨਾਂ ਪੰਤਗਾਂ ਤੇ ਭਾਰੂ ਪੈ ਰਿਹਾ ਹੈ ਤਾਹੀਂਓ ਉਸ ਨੇ ਪੰਜਾਂ ਵਿੱਚੋਂ ਤਿੰਨ ਪੰਤਗ ਏਦਾਂ ਦੇ ਖਰੀਦੇ ਹਨ। ਉਹਨਾਂ ਆਖਿਆ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨੀ ਚਾਹੀਦੀ ਹੈ। ਮੋਦੀ ਦੀ ਤਸਵੀਰ ਵਾਲੇ ਪਤੰਗਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਸ ਨੇ ਕਿਹਾ ਕਿ ਹੁਣ ‘ ਮੋਦੀ ਸਰਕਾਰ ਅਤੇ ਬੀਜੇਪੀ ਦੇ ‘ਅੱਛੇ ਦਿਨ ਬੁਰੇ ਦਿਨਾਂ’ ’ਤ ਤਬਦੀਲ ਹੋ ਗਏ ਹਨ।
ਅਸਮਾਨੀ ਉੱਡਿਆ ਕਿਸਾਨ ਸੰਘਰਸ਼
ਅਮਰੀਕ ਸਿੰਘ ਰੋਡ ਤੇ ਪਤੰਗਾਂ ਦੀ ਦੁਕਾਨ ਅਜਾ ਕੇ ਬੈਠੇ ਰਜੇਸ਼ ਬਹਿਲ ਅੰਮਿ੍ਰਤਸਰ ਵਾਲਿਆਂ ਦਾ ਕਹਿਣਾ ਸੀ ਕਿ ਦਿੱਲੀ ’ਚ ਖੇਤੀ ਕਾਨੂੰਨਾ ਖਿਲਾਫ ਚੱਲ ਰਹੇ ਮੋਰਚੇ ਨੂੰ ਦੇਖਦਿਆਂ ਕਿਸਾਨ ਸੰਘਰਸ਼ ਵਾਲੇ ਪੰਤਗ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਉਹਨਾਂ ਦੱਸਿਆ ਕਿ ਪਤੰਗ ਬਨਾਉਣ ਵਾਲੇ ਵੀ ਸੰਘਰਸ਼ ਦਾ ਲਾਹਾ ਖੱਟਣ ਦੇ ਰੌਂਅ ‘ਚ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਅੰਮਿ੍ਰਤਸਰ ’ਚ ਕਿਸਾਨ ਸੰਘਰਸ਼ ਵਾਲਾ ਹਜਾਰਾਂ ਪੰਤਗ ਵੇਚ ਚੁੱਕੇ ਹਨ ਅਤੇ ਲਗਾਤਾਰ ਮੰਗ ਆ ਰਹੀ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਇਸ ਨੂੰ ਕਾਗਜ ਦਾ ਪਤੰਗ ਨਹੀਂ ਬਲਕਿ ਲੋਕਾਂ ਦੀਆਂ ਭਾਵਨਾਵਾਂ ਮੰਨ ਕੇ ਖੇਤੀ ਕਾਨੂੰਨ ਰੱਦ ਕਰਨ ਦੀ ਪਹਿਲਕਦਮੀ ਕਰੇ।
ਪਤੰਗ ਦੀ ਮਕਬੂਲੀਅਤ ਅੰਬਰਾਂ ਤੱਕ ਪੁੱਜੀ
ਪੰਤਗ ਵਪਾਰੀ ਕੁਨਾਲ ਨੇ ਦੱਸਿਆ ਕਿ ਸ਼ਹਿਰੀ ਲੋਕਾਂ ’ਚ ਵੀ ਕਿਸਾਨ ਸੰਘਰਸ਼ ਵਾਲਾ ਪਤੰਗ ਕਾਫੀ ਮਕਬੂਲ ਹੋਇਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਦੇਸ਼ ਵਾਸੀਆਂ ਦੇ ਹਿੱਤ ’ਚ ਮੋਹਰੀ ਹੋਕੇ ਲੜੀ ਜਾ ਰਹੀ ਲੜਾਈ ਕਾਰਨ ਵੀ ਅਜਿਹੀਆਂ ਪਤੰਗਾਂ ਖਰੀਦਣ ਲਈ ਉਤਸ਼ਾਹ ਵਧਿਆ ਹੈ । ਉਹਨਾਂ ਦੱਸਿਆ ਕਿ ਵਰਾਇਟੀ ਮੁਤਾਬਕ ਅੰਕੜਿਆਂ ਦੇ ਅਧਾਰ ਤੇ ਇਸ ਵਾਰ ਕਿਸਾਨ ਸੰਘਰਸ਼ ਵਾਲੇ ਪਤੰਗਾਂ ਦੀ ਵਿੱਕਰੀ ਦੀ ਝੰਡੀ ਹੈ। ਉਹਨਾਂ ਕਿਹਾ ਕਿ ਜਿਸ ਹਿਸਾਬ ਨਾਲ ਪਤੰਗਬਾਜਾਂ ਵੱਲੋਂ ਲਗਾਤਾਰ ਇਹ ਪਤੰਗ ਮੰਗਿਆ ਜਾ ਰਿਹਾ ਹੈ ਬਸੰਤ ਪੰਚਮੀ ਤੱਕ ਸਾਰੇ ਰਿਕਾਰਡ ਟੁੱਟਣ ਦੀ ਆਸ ਹੈ । ਉਹਨਾਂ ਦੱਸਿਆ ਕਿ ਪਤੰਗ ਦੀ ਮਕਬੂਲੀਅਤ ਦਾ ਅੰਦਾਜਾ ਇਸ ਤੋਂ ਲੱਗਦਾ ਹੈ ਕਿ ਕਹਿਕੇ ਨਹੀਂ ਵੇਚਣਾ ਪੈਂਦਾ ਹੈ।
ਜਜਬਾਤਾਂ ਦੀ ਤਰਜਮਾਨੀ : ਮੋਠੂ ਸਿੰਘ ਕੋਟੜਾ
ਭਾਰਤੀ ਕਿਸਾਨ ਯੂਨੀਅਨ ਏਕਾ ਉਗਰਾਹਾਂ ਦੇ ਆਗੂ ਮੋਠੂ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਇਹ ਸਿਰਫ ਕਾਗਜ਼ ਦੇ ਬਣੇ ਪਤੰਗ ਨਹੀਂ ਬਲਕਿ ਇਸ ਦੇ ਪਿੱਛੇ ਉਹ ਸ਼ਬਦ ਹਨ ਜਿਹਨਾਂ ਨੇ ਪੰਜਾਬ ਦੇ ਬੱਚੇ ਬੱਚੇ ਦੇ ਜਜਬਾਤਾਂ ਦੀ ਤਰਜਮਾਨੀ ਕੀਤੀ ਹੈ। ਉਹਨਾਂ ਆਖਿਆ ਕਿ ਕਿਸਾਨ ਸੰਘਰਸ਼ ਨਾਲ ਜੁੜੀਆਂ ਵੱਖ ਵੱਖ ਵਰਗਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਹੁਣ ਤਾਂ ਸ਼ਹਿਰਾਂ ’ਚ ਵੱਸਦੇ ਲੋਕ ਵੀ ਸਮਝ ਗਏ ਹਨ ਕਿ ਜੇ ਕਿਸਾਨ ਨਾਂ ਬਚਿਆ ਤਾਂ ਪਿੱਛੇ ਵੀ ਕੁੱਝ ਨਹੀਂ ਬਚਣਾ ਹੈ।