ਚੰਡੀਗੜ੍ਹ, 5 ਨਵੰਬਰ, 2016 : ਬੀਤੇ ਦਿਨਾਂ ਤੋਂ ਚੱਲਦੇ ਆ ਰਹੇ ਕ੍ਰਮ ਹੇਠ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਉਸਦੇ 300 ਤੋਂ ਵੱਧ ਸਮਰਥਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ ਕਾਂਗਰਸ 'ਚ ਸ਼ਾਮਿਲ ਹੋ ਗਏ, ਇਥੋਂ ਤੱਕ ਕਿ ਮਾਲਵਾ ਦੇ ਇਕ ਯੂਥ ਅਕਾਲੀ ਦਲ ਦੇ ਲੀਡਰ ਨੇ ਵੀ ਪੰਜਾਬ ਕਾਂਗਰਸ ਪ੍ਰਤੀ ਨਿਸ਼ਠਾ ਪ੍ਰਗਟਾਉਂਦਿਆਂ ਸਹੁੰ ਚੁੱਕੀ।
ਇਸ ਲੜੀ ਹੇਠ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਆਪ ਸਮਰਥਕਾਂ ਨੂੰ ਇਥੇ ਕਾਂਗਰਸ ਭਵਨ ਵਿਖੇ ਕਾਂਗਰਸ 'ਚ ਸ਼ਾਮਿਲ ਕੀਤਾ ਗਿਆ। ਉਨ੍ਹਾਂ ਦੀ ਅਗਵਾਈ ਸੱਤ ਆਗੂ, ਸ੍ਰਿਸ਼ਟੀਕਰਤਾ ਵਾਲਮੀਕਿ ਐਜੁਕੇਸ਼ਨਲ ਟਰੱਸਟ ਦੇ ਸ਼ੀਤਲ ਅਦੀਵਾਸੀ, ਰਾਜੇਸ਼ ਦੇਤਯਾ ਤੇ ਅਸ਼ੋਕ ਦੇਤਯਾ (ਸਾਰੇ ਲੁਧਿਆਣਾ ਜ਼ਿਲ੍ਹੇ ਤੋਂ) ਤੇ ਬੇਬੀ ਰਾਮ ਚੰਡਾਲ, ਪ੍ਰਦੀਪ ਗੋਤ, ਬਲਵੇਸ਼ਰ ਦੇਤਯਾ ਤੇ ਰਾਕੇਸ਼ ਸ਼ੈੱਟੀ, ਕਰ ਰਹੇ ਸਨ।
ਜਦਕਿ ਮਾਲਵਾ ਜੋਨ-3 ਦੇ ਯੂਥ ਅਕਾਲੀ ਦਲ ਦੇ ਬੁਲਾਰੇ ਗੁਰਪ੍ਰੀਤ ਸਿੰਘ ਹੈੱਪੀ ਵੀ ਇਸ ਮੌਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ। ਜਿਸ ਨਾਲ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਆਪਣੇ ਆਗੂ ਖੋਹੁੰਦੀ ਜਾ ਰਹੀ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ।
ਇਨ੍ਹਾਂ ਆਗੂਆਂ ਦਾ ਕਾਂਗਰਸ 'ਚ ਸਵਾਗਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਵੱਡੀ ਗਿਣਤੀ 'ਚ ਆਗੂਆਂ ਤੇ ਵਰਕਰਾਂ ਦਾ ਆਪ ਤੇ ਅਕਾਲੀ ਦਲ ਨੂੰ ਛੱਡਣਾ ਦਰਸਾਉਂਦਾ ਹੈ ਕਿ ਇਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਦੋਨਾਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ। ਜਿਹੜੀਆਂ ਸੂਬੇ ਨੂੰ ਬਰਬਾਦੀ ਵੱਲ ਧਕੇਲਣ ਨੂੰ ਤੁਰੀਆਂ ਹੋਈਆਂ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਬੀਤੇ ਤਿੰਨ ਦਿਨਾਂ 'ਚ ਅਕਾਲੀ ਦਲ ਤੇ ਆਪ ਦੇ ਕਈ ਮਹੱਤਵਪੂਰਨ ਆਗੂਆਂ ਨੇ ਕਾਂਗਰਸ 'ਚ ਆਪਣਾ ਭਰੋਸਾ ਪ੍ਰਗਟਾਇਆ ਹੈ। ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਚੋਣਾਂ ਨਜ਼ਦੀਕ ਆਉਣ ਨਾਲ ਵੱਡੀ ਗਿਣਤੀ 'ਚ ਦੂਜੀਆਂ ਪਾਰਟੀਆਂ ਤੋਂ ਲੋਕ ਕਾਂਗਰਸ 'ਚ ਸ਼ਾਮਿਲ ਹੋਣਗੇ।
ਇਸ ਮੌਕੇ ਕੈਪਟਨ ਅਮਰਿੰਦਰ ਨੇ ਵਾਲਮੀਕਿ ਐਜੁਕੇਸ਼ਨ ਟਰੱਸਟ ਦੇ ਲੀਡਰਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਦੇ ਪੰਜਾਬ ਦੀ ਸੱਤਾ 'ਚ ਆਉਣ 'ਤੇ ਸਮਾਜ ਨੂੰ ਅੱਗੇ ਲਿਜਾਣ ਵਾਸਤੇ ਉਨ੍ਹਾਂ ਦੀ ਮੰਗ ਉਪਰ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਵਾਲਮੀਕਿ ਆਗੂਆਂ ਨੇ ਕਾਂਟ੍ਰੈਕਟ ਲੇਬਰ ਬੰਦ ਕੀਤੇ ਜਾਣ ਸਮੇਤ ਸੂਬੇ 'ਚ ਭਗਵਾਨ ਵਾਲਮੀਕਿ ਜੀ ਦੇ ਨਾਂਮ ਉਪਰ ਇਕ ਯੂਨੀਵਰਸਿਟੀ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਕੂਲਾਂ 'ਚ ਸੱਤਵੀਂ ਜਮਾਤ ਦੀ ਪੜ੍ਹਾਈ 'ਚ ਬਾਬਾ ਅੰਬੇਡਕਰ ਜੀ ਦੇ ਜੀਵਨ ਬਾਰੇ ਇਕ ਪਾਠ ਜੋੜੇ ਜਾਣ ਦੀ ਮੰਗ ਵੀ ਕੀਤੀ ਹੈ।
ਇਸ ਲੜੀ ਹੇਠ ਆਪ ਦੇ ਇਨ੍ਹਾਂ 300 ਤੋਂ ਵੱਧ ਸਮਰਥਕਾਂ ਨੂੰ ਸ੍ਰੀ ਹਰਗੋਬਿੰਦਪੁਰ ਦੇ ਆਪ ਕਨਵੀਨਰ ਹਰਵਿੰਦਰ ਪਾਲ ਸਿੰਘ ਵੱਲੋਂ ਆਪ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਣ ਤੋਂ ਸਿਰਫ ਦੋ ਦਿਨ ਬਾਅਦ ਪਾਰਟੀ 'ਚ ਸ਼ਾਮਿਲ ਕੀਤਾ ਗਿਆ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਪ ਪੰਜਾਬ 'ਚ ਸਿਆਸੀ ਵਿਕਲਪ ਦੇਣ 'ਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ।
ਹਰਵਿੰਦਰ ਦੀ ਤਰ੍ਹਾਂ, ਅੱਜ ਸ਼ਾਮਿਲ ਹੋਣ ਵਾਲੇ ਆਪ ਸਮਰਥਕਾਂ ਨੇ ਵੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਵਾਸਤੇ ਨਿੰਦਾ ਕੀਤੀ। ਆਪ ਸਮਰਥਕਾਂ ਨੇ ਕਿਹਾ ਕਿ ਪੰਜਾਬ ਤੋਂ ਬਾਹਰੀ ਹੋਣ ਕਾਰਨ ਆਪ ਆਗੂਆਂ ਨੂੰ ਸੂਬੇ ਤੇ ਇਸਦੇ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਇਨ੍ਹਾਂ ਹਾਲਾਤਾਂ 'ਚ ਸ਼ਾਸਨ ਮੁਹੱਈਆ ਕਰਵਾਉਣ ਦੇ ਲਾਇਕ ਨਹੀਂ ਹਨ, ਜਦੋਂ ਸੂਬਾ ਬਾਦਲ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਬਹੁਤ ਹੀ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਜਿਨ੍ਹਾਂ ਨੇ ਕੈਪਟਨ ਅਮਰਿੰਦਰ ਪ੍ਰਤੀ ਨਿਸ਼ਠਾ ਪ੍ਰਗਟਾਉਂਦਿਆਂ ਸਹੁੰ ਚੁੱਕੀ ਅਤੇ ਉਨ੍ਹਾਂ ਦੀ ਅਗਵਾਈ 'ਚ ਆਪਣਾ ਭਰੋਸਾ ਪ੍ਰਗਟਾਇਆ।