ਚੰਡੀਗੜ੍ਹ, 5 ਨਵੰਬਰ, 2016 : ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਲੈ ਕੇ ਪਹੁੰਚੇ ਪੰਜਾਬ ਦੇ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ, ਲੁੱਟ-ਖਸੁੱਟ ਅਤੇ ਸਮੇਂ ਸਿਰ ਅਦਾਇਗੀ ਨਾ ਹੋਣ ਦੇ ਵਿਰੁੱਧ ਆਮ ਆਦਮੀ ਪਾਰਟੀ (ਆਪ) ਸੋਮਵਾਰ, 7 ਨਵੰਬਰ ਨੂੰ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਰੋਸ ਧਰਨੇ ਲਗਾਵੇਗੀ। ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਮੀਡੀਆ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੇ ਝੋਨੇ ਦੀ ਖਰੀਦ ਅਤੇ ਅਦਾਇਗੀ ਸਮੇਂ ਸਿਰ ਨਹੀਂ ਹੋ ਰਹੀ। ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ। ਵੜੈਚ ਨੇ ਕਿਹਾ ਕਿ ਜੇਕਰ ਬਾਦਲ ਸਰਕਾਰ ਨੇ 12 ਹਜਾਰ ਕਰੋੜ ਰੁਪਏ ਦਾ ਅਨਾਜ ਘੋਟਾਲਾ ਨਾ ਕੀਤਾ ਹੁੰਦਾ ਤਾਂ ਪੰਜਾਬ ਦੇ ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲ-ਖੁਆਰੀ ਨਾ ਹੁੰਦੀ।
ਗੁਰਪ੍ਰੀਤ ਸਿੰਘ ਵੜੈਚ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਅਤੇ ਵਲੰਟੀਅਰਾਂ ਦੀਆਂ ਟੀਮਾਂ ਮੰਡੀਆਂ ਵਿੱਚ ਘੁੰਮ ਰਹੀਆਂ ਹਨ ਅਤੇ ਇਹ ਵੀ ਸਾਹਮਣੇ ਆਇਆ ਹੈ ਕਿ ਕਿਸਾਨ ਨਾ ਕੇਵਲ ਝੋਨੇ ਦੀ ਖਰੀਦ ਅਤੇ ਅਦਾਇਗੀ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਪ੍ਰੇਸ਼ਾਨ ਹਨ, ਬਲਕਿ ਕਿਸਾਨਾਂ ਤੋਂ ਪ੍ਰਤੀ ਕਵਿੰਟਲ 100-100 ਰੁਪਏ ਦੀ ਸਰਕਾਰੀ ਰਿਸ਼ਵਤ ਲਈ ਜਾ ਰਹੀ ਹੈ। ਉਨਾਂ ਸਬੂਤ ਵਜੋਂ ਅਬੋਹਰ ਦੀ ਕਰਮਾਪੱਟੀ ਮੰਡੀ ਦਾ ਵਿਸ਼ੇਸ਼ ਜਿਕਰ ਕੀਤਾ। ਗੁਰਪ੍ਰੀਤ ਵੜੈਚ ਨੇ ਕਿਹਾ ਕਿ ਕਿਸਾਨਾਂ ਤੋਂ ਮੰਡੀਆਂ ਵਿੱਚ 100-100 ਰੁਪਏ ਰਿਸ਼ਵਤ ਲੈਣ ਦੀ ਬਜਾਇ ਬਾਦਲ ਕਿਸਾਨਾਂ ਨੂੰ ਬੋਨਸ ਦੇਣ ਅਤੇ ਕੇਂਦਰ ਦੀ ਸਰਕਾਰ ਨੂੰ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਲਈ ਮਜਬੂਰ ਕਰਨ।
ਵੜੈਚ ਨੇ ਕਿਸਾਨਾਂ ਦੀ ਲੁੱਟ-ਖਸੁੱਟ ਅਤੇ ਖੱਜਲ-ਖੁਆਰੀ ਲਈ ਪੰਜਾਬ ਦੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਉਨਾਂ ਕਿਹਾ ਕਿ ਇਸ ਤੋਂ ਵੱਡੇ ਅਫਸੋਸ ਦੀ ਗੱਲ ਕੀ ਹੋ ਸਕਦੀ ਹੈ ਕਿ ਖੇਤੀ ਪ੍ਰਧਾਨ ਅਤੇ ਦੁਨੀਆਂ ਵਿੱਚ ਸਭ ਤੋਂ ਵੱਧ ਫਸਲਾਂ ਦਾ ਝਾੜ ਲੈਣ ਵਾਲੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਅਕਸਰ ਕਹਿੰਦੇ ਹਨ ਕਿ ਖੇਤੀਬਾੜੀ ਲਾਭਦਾਇਕ ਧੰਦਾ ਨਹੀਂ ਰਿਹਾ, ਇਸ ਕਰਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਵੜੈਚ ਨੇ ਦੋਸ਼ ਲਗਾਇਆ ਕਿ ਕਿਸਾਨਾਂ ਦੀ ਇਸ ਦੁਰਗਤੀ ਲਈ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੇਂ-ਸਮੇਂ ‘ਤੇ ਪੰਜਾਬ ਅਤੇ ਕੇਂਦਰ ਵਿੱਚ ਰਾਜ ਕਰਨ ਵਾਲੀ ਕਾਂਗਰਸ ਸਿੱਧੇ ਤੌਰ ‘ਤੇ ਜਿੰਮੇਵਾਰ ਹੈ।
ਵੜੈਚ ਨੇ ਕਿਹਾ ਕਿ ਬਾਦਲ ਇੱਕ ਪਾਸੇ ਖੇਤੀ ਨੂੰ ਘਾਟੇ ਦਾ ਸੌਦਾ ਦੱਸ ਰਹੇ ਹਨ, ਦੂਜੇ ਪਾਸੇ ਪ੍ਰਚਾਰ ਵੈਨਾਂ ਅਤੇ ਸਰਕਾਰੀ ਬੱਸਾਂ ਵਿੱਚ ਕਿਰਾਏ ਦੀਆਂ ਐਲਸੀਡੀਜ ਰਾਹੀਂ ਪੰਜਾਬ ਦੇ ਕਿਸਾਨਾਂ ਦੇ ਖੁਸ਼ਹਾਲ ਹੋਣ ਦੀਆਂ ਝੂਠੀਆਂ ਮਸ਼ਹੂਰੀਆਂ ਕਰ ਰਹੇ ਹਨ।
ਗੁਰਪ੍ਰੀਤ ਵੜੈਚ ਨੇ ਕਿਹਾ ਕਿ ਜਿਸ ਤਰਾਂ ਬਾਦਲ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਅਤੇ ਗੁਮਰਾਕੁੰਨ ਪ੍ਰਚਾਰ ਕਰ ਰਹੇ ਹਨ, ਉਸੇ ਤਰਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਤੋਂ ਕਰਜਾ-ਕੁਰਕੀ ਖਤਮ ਦੇ ਫਾਰਮ ਭਰਵਾਉਣ ਦਾ ਢੋਂਗ ਕਰ ਰਹੇ ਹਨ, ਲੇਕਿਨ ਜਦੋਂ ਕੇਂਦਰ ਵਿੱਚ ਕਾਂਗਰਸ ਦੀ ਮਨਮੋਹਨ ਸਿੰਘ ਅਤੇ ਪੰਜਾਬ ਵਿੱਚ ਖੁਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਘੋਸ਼ਿਤ ਕੀਤੇ 32 ਰੁਪਏ ਬੋਨਸ ਦੀ ਅਦਾਇਗੀ ਵੀ ਨਹੀਂ ਕੀਤੀ, ਉਲਟਾ ਆਪਣੀ ਸਰਕਾਰ ਦੌਰਾਨ ਕਿਸਾਨਾਂ ਦੀਆਂ ਜਮੀਨਾਂ ਕੌਡੀਆਂ ਦੇ ਮੁੱਲ ਖੋਹ ਕੇ ਆਪਣੇ ਚਹੇਤੇ ਧਨਾਡਾਂ ਅਤੇ ਪ੍ਰਾਪਰਟੀ ਡੀਲਰਾਂ ਨੂੰ ਦਿੱਤੀਆਂ ਗਈਆਂ। ਉਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਨੂੰ ਧੋਖਾ ਅਤੇ ਗੁਮਰਾਹ ਕਰਨ ਤੋਂ ਵਰਜਦਿਆਂ ਕਿਹਾ ਕਿ ਉਹ ਵੋਟਾਂ ਦੇ ਲਈ ਕਿਸਾਨਾਂ ਦੀਆਂ ਮਜਬੂਰੀਆਂ ਅਤੇ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ।