ਲੁਧਿਆਣਾ, 5 ਨਵੰਬਰ, 2016 : ਬੀਤੇ ਦਿਨੀ ਭਰੂਣ ਹੱਤਿਆ ਨੂੰ ਰੋਕਣ ਅਤੇ ਲੜਕਾ-ਲੜਕੀ ਵਿੱਚ ਸਮਾਜਿਕ ਬਰਾਬਰਤਾ ਬਾਰੇ ਜਾਗਰੂਕ ਕਰਨ ਲਈ ਗੈਰ-ਸਰਕਾਰੀ ਸੰਸਥਾ 'ਅਹਿਸਾਸ' (ਚੈਰੀਟੇਬਲ ਆਰਗੇਨਾਈਜੇਸ਼ਨ) ਵੱਲੋਂ ਸ਼ੁਰੂ ਕੀਤੀ ਗਈ 'ਸੈਲਫੀ ਵਿਦ ਮਾਈ ਡਾਟਰ' ਦੇ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਹੋਰਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਰੱਖੇ ਗਏ ਸੰਖੇਪ ਸਮਾਗਮ ਦੌਰਾਨ 'ਅਹਿਸਾਸ' ਸੰਸਥਾ ਦੇ ਨੁਮਾਇੰਦਿਆਂ ਦਾ ਇਸ ਸ਼ੁਰੂਆਤ ਲਈ ਧੰਨਵਾਦ ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਅੱਜ ਲੋੜ ਹੈ ਕਿ ਲੜਕੀਆਂ ਨੂੰ ਲੜਕਿਆਂ ਦੀ ਬਰਾਬਰਤਾ ਦੇਣ ਲਈ ਠੋਸ ਉਪਰਾਲੇ ਕੀਤੇ ਜਾਣ। ਇਹ ਤਾਂ ਹੀ ਸੰਭਵ ਹੈ, ਜੇਕਰ ਹਰੇਕ ਵਿਅਕਤੀ ਆਪਣੇ ਘਰ ਵਿੱਚ ਲੜਕੀਆਂ ਦੀ ਹੋਂਦ ਅਤੇ ਉਨ•ਾਂ ਦੇ ਸਤਿਕਾਰ ਨੂੰ ਯਕੀਨੀ ਬਣਾਵੇਗਾ। ਇਸ ਮੌਕੇ ਸ੍ਰੀ ਭਗਤ ਨੇ ਇਸ ਮੁਹਿੰਮ ਤਹਿਤ ਚੁਣੀਆਂ ਗਈਆਂ 6 ਸੈਲਫੀਆਂ ਭੇਜਣ ਵਾਲਿਆਂ ਨੂੰ ਸਨਮਾਨਿਤ ਕੀਤਾ।
ਸੰਸਥਾ ਦੀ ਪ੍ਰਮੁੱਖ ਸ੍ਰੀਮਤੀ ਸੰਗੀਤਾ ਭੰਡਾਰੀ ਨੇ ਕਿਹਾ ਕਿ ਉਨ•ਾਂ ਦੀ ਸੰਸਥਾ ਨੇ ਇਸ ਵਾਰ ਦੀ ਦੀਵਾਲੀ ਧੀਆਂ ਨੂੰ ਸਮਰਪਿਤ ਕੀਤੀ ਸੀ, ਜਿਸ ਦੇ ਚੱਲਦਿਆਂ ਫੇਸਬੁੱਕ ਦੇ ਮਾਧਿਅਮ ਰਾਹੀਂ ਆਪਣੀਆਂ ਧੀਆਂ ਨਾਲ ਫੋਟੋ ਸ਼ੇਅਰ ਕਰਨ ਦੀ ਅਪੀਲੀ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਵੱਖ-ਵੱਖ ਲੋਕਾਂ ਵੱਲੋਂ 250 ਦੇ ਕਰੀਬ ਸੈਲਫੀਆਂ ਸ਼ੇਅਰ ਕੀਤੀਆਂ ਗਈਆਂ ਸਨ, ਜਿਨ•ਾਂ ਵਿੱਚੋਂ ਸਰਬੋਤਮ 6 ਸੈਲਫੀਆਂ ਨੂੰ ਚੁਣ ਕੇ ਅੱਜ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ, ਵਧੀਕ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਸੁਰਭੀ ਮਲਿਕ, ਐੱਸ. ਡੀ. ਐੱਮ. ਸ੍ਰੀ ਸੁਭਾਸ਼ ਚੰਦਰ ਅਤੇ ਹੋਰ ਹਾਜ਼ਰ ਸਨ।