ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2021 - ਨਗਰ ਕੌਂਸਲ ਭੁੱਚੋ ਮੰਡੀ ਦੀਆਂ ਚੋਣਾਂ ਲਈ ਅਜ਼ਾਦ ਉਮੀਦਵਾਰ ਵਜੋਂ ਮੈਦਾਨ ’ਚ ਉੱਤਰੇ ਭਾਰਤੀ ਜੰਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਾਰਕੁੰਨਾਂ ਨੇ ਸ਼ਹਿਰ ’ਚ ਰੋਸ ਮਾਰਚ ਕਰੇ ਬਿੰਟਾ ਦਾ ਜਬਰਦਸਤ ਵਿਰੋਧ ਕੀਤਾ ਜਿਸ ਦੇ ਸਿੱਟੇ ਵਜੋਂ ਉਹ ਚੋਣ ਪ੍ਰਚਾਰ ਨਾਂ ਕਰ ਸਕੇ। ਵੀਰਵਾਰ ਨੂੰ ਇਕੱਠੇ ਹੋਏ ਕਿਸਾਨਾਂ ਨੇ ਵਿਨੋਦ ਬਿੰਟਾ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਚੋਣ ਲੜਨ ਨੂੰ ਡਰਾਮਾ ਕਰਾਰ ਦਿੱਤਾ। ਬਿੰਟਾ ਨਗਰ ਕੌਂਸਲ ਭੁੱਚੋ ਮੰਡੀ ਦੇ ਵਾਰਡ ਨੰਬਰ 2 ਤੋਂ ਚੋਣ ਲੜ ਰਹੇ ਹਨ। ਅੱਜ ਕਿਸਾਨਾਂ ਨੇ ਵਾਰਡ ਦੇ ਗਲੀ ਮੁਹੱਲਿਆਂ ’ਚ ਪੁੱਜ ਗਏ ਅਤੇ ਜੰਮ ਕੇ ਭੜਥੂ ਪਾਉਂਦਿਆਂ ਅਜਿਹੇ ਕਿਸਾਨ ਵਿਰੋਧੀ ਸਿਆਸੀ ਆਗੂਆਂ ਤੋਂ ਬਚਣ ਦੀ ਸਲਾਹ ਦਿੱਤੀ।
ਅੱਜ ਦੇ ਰੋਸ ਮਾਰਚ ਦੀ ਅਗਵਾਈ ਕਿਸਾਨ ਆਗੂ ਬਲਜੀਤ ਸਿੰਘ ਪੂਹਲਾ,ਲਖਵੀਰ ਸਿੰਘ ,ਅਵਤਾਰ ਸਿੰਘ ,ਨਗੌਰ ਸਿੰਘ ,ਮੰਦਰ ਸਿੰਘ ਅਤੇ ਗੁਰਜੰਟ ਸਿੰਘ ਆਦਿ ਆਗੂਆਂ ਨੇ ਕੀਤੀ। ਕਿਸਾਨਾਂ ਆਗੂਆਂ ਨੇ ਆਖਿਆ ਕਿ ਭਾਜਪਾ ਦਾ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਪਾਰਟੀ ਦੇ ਚੋਣ ਨਿਸ਼ਾਨ ਕਮਲ ‘ਤੇ ਚੋਣ ਲੜਨ ਦੀ ਥਾਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ। ਉਹਨਾਂ ਆਖਿਆ ਕਿ ਬਿੰਟਾ ਜਵਾਬ ਦੇਵੇ ਕਿ ਜਦੋਂ ਉਸ ਨੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਕਮਲ ਦੇ ਫੁੱਲ ਲਈ ਅਧਿਕਾਰਤ ਕੀਤਾ ਹੈ ਤਾਂ ਆਪਣੇ ਵਾਰੀ ਉਸ ਨੂੰ ਕੀ ਹੋ ਗਿਆ। ਉਹਨਾਂ ਆਖਿਆ ਕਿ ਜੇਕਰ ਉਸ ਨੂੰ ਏਨਾ ਹੀ ਸ਼ੌਕ ਸੀ ਤਾਂ ਉਹ ਭਾਜਪਾ ਤੋਂ ਅਸਤੀਫਾ ਦਿੰਦਾ ਤੇ ਫਿਰ ਚੋਣ ਮੈਦਾਨ ’ਚ ਉੱਤਰਨਾ ਚਾਹੀਦਾ ਸੀ। ਉਹਨਾਂ ਆਖਿਆ ਕਿ ਬਿੰਟਾ ਕਿਸਾਨ ਵਿਰੋਧੀ ਪਾਰਟੀ ਦਾ ਖਹਿੜਾ ਛੱਡੇ।
ਉਹਨਾਂ ਕਿਹਾ ਕਿ ਅਜਾਦ ਉਮੀਦਵਾਰ ਵਜੋਂ ਕਾਗਜ ਭਰਨ ਉਪਰੰਤ ਉਸ ਨੇ ਬੀਜੇਪੀ ਦੇ ਪ੍ਰਧਾਨ ਦੀ ਮੀਟਿੰਗ ’ਚ ਹਿੱਸਾ ਲਿਆ ਹੈ ਜਿਸ ਤੋਂ ਸਾਫ ਹੈ ਕਿ ਬਿੰਟਾ ਦੇ ਹਾਥੀ ਵਾਂਗ ‘ਖਾਣ ਦੇ ਦੰਦ ਹੋਰ ਤੇ ਵਿਖਾਉਣ ਦੇ ਹੋਰ’ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਵਿਨੋਦ ਕੁਮਾਰ ਨਾਲ ਕੋਈ ਨਿੱਜੀ ਰੰਜਿਸ਼ ਨਹੀ ਬਲਕਿ ਉਹ ਤਾਂ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਕਾਰਨ ਇਸ ਪਾਰਟੀ ਦੇ ਆਗੂਆਂ ਦਾ ਵਿਰੋਧ ਕਰ ਰਹੇ ਹਨ। ਉਹਨਾਂ ਆਖਿਆ ਕਿ ਬਿੰਟਾ ਵੱਲੋਂ ਖੁਦ ਨੂੰ ਖੇਤਾਂ ਦਾ ਪੁੱਤ ਕਹਿਣ ਅਤੇ ਟਰੈਕਟਰ ਦੇ ਨਿਸ਼ਾਨ ਤੇ ਵੀ ਚੋਣ ਲੜਨ ਨੂੰ ਲੈਕੇ ਕਿਸਾਨਾਂ ’ਚ ਰੋਸ ਹੈ। ਆਗੂਆਂ ਨੇ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਅਜਾਦ ਚੋਣ ਲੜਨਾ ਜਾਹਰ ਕਰਦਾ ਹੈ ਕਿ ਇਹ ਕਰਸੀ ਖਾਤਰ ਅੱਥਰੀਆਂ ਲਾਲਸਾਵਾਂ ਹਨ ਜੋ ਕਦਾਚਿੱਤ ਵੀ ਪੂਰੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ।
ਦੱਸਣਯੋਗ ਹੈ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਤਿੰਨ ਦਰਜਨ ਤੋਂ ਵੱਧ ਜੱਥੇਬੰਦੀਆਂ ਨੇ ਭਾਰਤੀ ਜੰਤਾ ਪਾਰਟੀ ਦੇ ਲੀਡਰਾਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਇਸ ਸੱਦੇ ਦੇ ਅਧਾਰ ਤੇ ਬਠਿੰਡਾ ਖਿੱਤਾ ਜੰਗ ਦਾ ਅਖਾੜਾ ਬਣਿਆ ਹੋਇਆ ਹੈ ਜਿੱਥੇ ਕਿਸਾਨ ਧਿਰਾਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ,ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਸ਼ਵੇਤ ਮਲਿਕ ਦਾ ਵਿਰੋਧ ਕਰ ਚੁੱਕੀਆਂ ਹਨ ਜਦੋਂਕਿ ਬਠਿੰਡਾ ਦਾ ਇੱਕ ਸਮਾਗਮ ਤਾਂ ਮੁਜਾਹਰਾਕਾਰੀਆਂ ਨੇ ਭੰਗ ਕਰ ਦਿੱਤਾ ਸੀ। ਕਿਸਾਨ ਆਗੂ ਬਲਜੀਤ ਸਿੰਘ ਪੂਹਲਾ ਨੇ ਆਖਿਆ ਕਿ ਜਦੋਂ ਤੱਕ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਅਤੇ ਕਿਸਾਨਾਂ ਮਜਦੂਰਾਂ ਨੂੰ ਧਨਾਢਾਂ ਦੋ ਗੁਲਾਮ ਬਨਾਉਣ ਤੇ ਵੱਖ ਵੱਖ ਵਰਗਾਂ ਦੀ ਸੰਘੀ ਘੁੱਟਣ ਵਾਲੇ ਕਾਲੇ ਖੇਤੀ ਕਾਨੂੰਨ ਵਾਪਿਸ ਨਹੀਂ ਲੈਂਦੀ ਭਾਜਪਾ ਲੀਡਰਾਂ ਦਾ ਵਿਰੋਧ ਜਾਰੀ ਰੱਖਿਆ ਜਾਏਗਾ।