← ਪਿਛੇ ਪਰਤੋ
ਚੰਡੀਗੜ੍ਹ, 15 ਅਕਤੂਬਰ, 2016 : ਲੁਧਿਆਣਾ 'ਚ ਦੁਸ਼ਹਿਰੇ 'ਤੇ 'ਚਿੱਟਾ ਰਾਵਣ' ਨੂੰ ਸਾੜਣ ਨੂੰ ਲੈ ਕੇ ਭਿੜੇ ਅਕਾਲੀ ਅਤੇ ਕਾਂਗਰਸੀ ਨੇਤਾ ਅਤੇ ਵਰਕਰਾਂ ਦੇ ਮਾਮਲੇ 'ਚ ਮੁੱਖ ਮੰਤਰੀ ਦੇ ਘਰ ਦੇ ਅੱਗੇ 3 ਦਿਨਾਂ ਤੋਂ ਲਗਾਤਾਰ ਧਰਨੇ ਦੇ ਰਹੇ ਕਾਂਗਰਸੀ ਵਿਧਾਇਕਾਂ ਦੇ ਅੱਗੇ ਸਰਕਾਰ ਆਖਿਰਕਾਰ ਝੁੱਕ ਗਈ। ਕਾਂਗਰਸ ਵਿਧਾਇਕਾਂ ਦੀ ਮੰਗ ਮੰਨਦੇ ਹੋਏ ਸ਼ਨੀਵਾਰ ਦੇਰ ਸ਼ਾਮ ਸਰਕਾਰ ਨੇ ਲੁਧਿਆਣਾ ਦੇ ਏ. ਡੀ. ਸੀ. ਪੀ. ਜਸਵਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਅਤੇ ਇਸ ਫੈਸਲੇ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਧਰਨਾ ਖਤਮ ਕਰ ਦਿੱਤਾ ਹੈ। ਏ. ਡੀ. ਸੀ. ਪੀ. ਜਸਵਿੰਦਰ ਸਿੰਘ ਨੂੰ ਪੰਜਾਬ ਪੁਲਸ ਦੇ ਹੈੱਡ ਆਫਿਸ ਚੰਡੀਗੜ੍ਹ 'ਚ ਰਿਪੋਰਟ ਕਰਨ ਨੂੰ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਝਗੜੇ ਤੋਂ ਬਾਅਦ ਪੁਲਸ ਨੇ ਕਈ ਕਾਂਗਰਸ ਨੇਤਾਵਾਂ 'ਤੇ ਕਤਲ ਦੀ ਕੋਸ਼ਿਸ਼ ਅਤੇ ਹੋਰ ਕਈ ਸੰਗੀਨ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤੇ ਸਨ। ਇਸ ਦੇ ਵਿਰੋਧ 'ਚ ਕਾਂਗਰਸੀ ਨੇਤਾ ਅਤੇ ਵਿਧਾਇਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਅੱਗੇ ਧਰਨੇ 'ਤੇ ਬੈਠੇ ਸਨ। ਕਾਂਗਰਸੀ ਪੁਲਸ ਕਮਿਸ਼ਨਰ ਦੇ ਇਲਾਵਾ ਮੁੱਖ ਤੌਰ 'ਤੇ ਏ. ਡੀ. ਸੀ. ਪੀ. ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ। ਮੁੱਖ ਮੰਤਰੀ ਨੇ ਧਰਨੇ ਦੇ ਪਹਿਲੇ ਦਿਨ ਤੁਰੰਤ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਸੀ ਪਰ ਮਾਮਲੇ ਦੀ ਜਾਂਚ ਲਈ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਲੁਧਿਆਣੇ ਭੇਜਿਆ ਸੀ। ਉਨ੍ਹਾਂ ਨੇ ਸ਼ਨੀਵਾਰ ਨੂੰ ਜਾਂਚ ਪੂਰੀ ਕਰਨ ਤੋਂ ਬਾਅਦ ਮੁੱਖ ਮੰਤਰੀ ਨੂੰ ਰਿਪੋਰਟ ਸੌਂਪੀ ਅਤੇ ਇਸ ਦੇ ਆਧਾਰ 'ਤੇ ਦੇਰ ਸ਼ਾਮ ਇਹ ਤਬਾਦਲਾ ਹੋਇਆ। ਸ਼ਨੀਵਾਰ ਦੇਰ ਸ਼ਾਮ ਡੀ. ਜੀ. ਪੀ. ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਅਤੇ ਵਿਧਾਇਕਾਂ ਸੁਖਵਿੰਦਰ ਸਿੰਘ, ਰਾਜਿੰਦਰ ਬਾਜਵਾ ਅਤੇ ਸੁਰਿੰਦਰ ਡਾਬਰ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ। ਡੀ. ਜੀ. ਪੀ. ਨੇ ਕਾਂਗਰਸ ਨੇਤਾਵਾਂ 'ਤੇ ਦਰਜ ਮਾਮਲਿਆਂ 'ਤੇ ਵੀ ਵਿਚਾਰ ਕਰਨ ਦੀ ਗੱਲ ਕਹੀ ਹੈ ਅਤੇ ਉਨ੍ਹਾਂ ਨੂੰ ਬਿਆਨ ਦੇਣ ਲਈ 17 ਅਕਤੂਬਰ ਨੂੰ ਬੁਲਾਇਆ ਹੈ। ਡੀ. ਜੀ. ਪੀ. ਦੀ ਮੀਟਿੰਗ ਤੋਂ ਬਾਅਦ ਹੀ ਧਰਨੇ ਦੀ ਅਗਵਾਈ ਕਰ ਰਹੇ ਲੁਧਿਆਣੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਨਾਲ ਵਿਚਾਰ ਕਰਨ ਤੋਂ ਬਾਅਦ ਧਰਨਾ ਖਤਮ ਕਰਨ ਦਾ ਫੈਸਲਾ ਲਿਆ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਅੰਦੋਲਨ ਜਾਰੀ ਰੱਖਣ ਦੇ ਸੰਕਲਪ ਨਾਲ ਧਰਨਾ ਖਤਮ ਕੀਤਾ ਹੈ। ਹੁਣ 18 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੁਧਿਆਣੇ ਪਹੁੰਚਣ 'ਤੇ ਕਾਂਗਰਸੀ 'ਚਿੱਟੇ ਰਾਵਣ' ਦਾ ਪੁਤਲਾ ਸਾੜਣਗੇ।
Total Responses : 267