ਚੰਡੀਗੜ੍ਹ, 3 ਨਵੰਬਰ, 2016 : ਬਠਿੰਡਾ ਵਿਖੇ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਥਰਮਲ ਪਲਾਂਟ ਦੇ ਕਰਮਚਾਰੀਆਂ ਉਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਨੂੰ ਆਮ ਆਦਮੀ ਪਾਰਟੀ (ਆਪ) ਨੇ ਮੰਦਭਾਗਾ ਦੱਸਿਆ ਹੈ। ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਤਾਂ ਪ੍ਰਾਈਵੇਟ ਪਲਾਂਟਾਂ ਨੂੰ ਫਾਇਦਾ ਪਹੁੰਚਾਉਣ ਲਈ ਅਕਾਲੀ-ਭਾਜਪਾ ਸਰਕਾਰ ਨੇ ਸਰਕਾਰੀ ਖੇਤਰ ਦੇ ਪਲਾਂਟ ਬੰਦ ਕਰ ਦਿੱਤੇ ਅਤੇ ਹੁਣ ਸਰਕਾਰ ਜਾਂਦੇ-ਜਾਂਦੇ ਉਥੇ ਕੰਮ ਕਰਦੇ ਕਰਮਚਾਰੀਆਂ ਦਾ ਰੋਜਗਾਰ ਵੀ ਖੋਹਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਤਾਂਕਿ ਜੇਕਰ ਦੁਬਾਰਾ ਥਰਮਲ ਪਲਾਂਟ ਨੂੰ ਚਲਾਉਣ ਦੀ ਜਰੂਰਤ ਪਵੇ ਤਾਂ ਸਰਕਾਰ ਇਹ ਬਹਾਨਾ ਲਾ ਸਕੇ ਕਿ ਉਨਾਂ ਕੋਲ ਤਾਂ ਕਰਮਚਾਰੀਆਂ ਦੀ ਕਮੀ ਹੈ।
ਮਾਨ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਹੱਕੀ ਮੰਗਾਂ ਨੂੰ ਲੈ ਕੇ ਮੰਗ ਪੱਤਰ ਦੇਣ ਜਾ ਰਹੇ ਇਨਾਂ ਕਰਮਚਾਰੀਆਂ ਉਤੇ ਲਾਠੀਚਾਰਜ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦਾ ਸਬਜਬਾਗ ਵਿਖਾਉਂਦੀ ਆ ਰਹੀ ਹੈ, ਪਰ ਦੂਜੇ ਪਾਸੇ ਚੋਰ ਮੋਰੀਓਂ ਪਹਿਲਾਂ ਤੋਂ ਕੰਮ ਕਰਦੇ ਕਰਮਚਾਰੀਆਂ ਨੂੰ ਇੱਕ ਸਾਜਿਸ਼ ਤਹਿਤ ਕੱਢਿਆ ਜਾ ਰਿਹਾ ਹੈ। ਉਨਾਂ ਸਰਕਾਰ ਤੇ ਦੋਸ਼ ਲਗਾਇਆ ਕਿ ਪੂਰੇ ਸੂਬੇ ਵਿੱਚ ਮਿਹਨਤੀ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਪਰ ਸਰਕਾਰ ਕੋਲ ਉਨਾਂ ਦੀਆਂ ਮੰਗਾਂ ਸੁਣਨ ਦਾ ਸਮਾਂ ਹੀ ਨਹੀਂ, ਜਦਕਿ ਕਾਂਗਰਸੀਆਂ ਦੇ ਪ੍ਰਦਰਸ਼ਨ ਵਿੱਚ ਮੁੱਖ ਮੰਤਰੀ ਖੁਦ ਜਾ ਕੇ ਉਨਾਂ ਨੂੰ ਚਾਹ-ਪਾਣੀ ਪੁੱਛਦੇ ਹਨ।
ਭਗਵੰਤ ਮਾਨ ਨੇ ਕਿਹਾ ਕਿ 2017 ਵਿੱਚ ਪੰਜਾਬ ਅੰਦਰ ਆਮ ਆਦਮੀ ਸਰਕਾਰ ਦੇ ਗਠਨ ਤੋਂ ਬਾਅਦ ਅਕਾਲੀ ਦਲ ਦੇ ਗੁੰਡਾਰਾਜ ਤੋਂ ਸਤਾਏ ਹੋਏ ਹਰ ਕਰਮਚਾਰੀ ਦੀ ਗੱਲ ਧਿਆਨ ਨਾਲ ਸੁਣੀ ਜਾਵੇਗੀ ਅਤੇ ਉਨਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੱਢਿਆ ਜਾਵੇਗਾ।