ਅਸ਼ੋਕ ਵਰਮਾ
- ਵਿਆਹਾਂ ਦੇ ਰਸਮੋ ਰਿਵਾਜ ਤੇ ਪੈ ਰਿਹਾ ਕਿਸਾਨ ਘੋਲ ਦਾ ਪਰਛਾਵਾਂ
ਚੰਡੀਗੜ੍ਹ, 23 ਜਨਵਰੀ 2021 - ਪੰਜਾਬ ਦੇ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਦਾ ਪ੍ਰਛਾਵਾਂ ਨਜ਼ਰ ਆਉਣ ਲੱਗਿਆ ਹੈ। ਬਰਨਾਲਾ ਜਿਲ੍ਹੇ ਦੇ ਪਿੰਡ ਚੀਮਾਂ ’ਚ ਇੱਕ ਕਿਸਾਨ ਦੇ ਘਰ ਸ੍ਰੀ ਅਖੰਡ-ਪਾਠ ਦੇ ਭੋਗ ਸਮਾਗਮਾਂ ਮੌਕੇ ਕਿਸਾਨੀ ਝੰਡੇ ਵਾਲੇ ਹਰੇ ਰੰਗ ਦੀਆਂ ਜਲੇਬੀਆਂ ਬਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਪ੍ਰੀਵਾਰ ਵੱਲੋਂ ਕਿਸਾਨੀ ਝੰਡੇ ਨਾਲ ਮਿਲਦੇ ਹਰੇ ਰੰਗ ਦੀਆਂ ਜਲੇਬੀਆਂ ਕਿਸਾਨ ਸੰਘਰਸ਼ ਦੀ ਸਫਲਤਾ ਵਜੋਂ ਅਰਦਾਸ ਦੇ ਤੌਰ ਦੇ ਤਿਆਰ ਕੀਤੀਆਂ ਹਨ। ਜਾਣਕਾਰੀ ਅਨੁਸਾਰ ਏਪੀਡੀਆਰ (ਐਸੋਸ਼ੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਡੈਮੋਕ੍ਰੇਟਿਕ ਰਾਈਟਸ) ਬੰਗਾਲ ਦੀ ਤਿੰਨ ਮੈਂਬਰੀ ਟੀਮ ( ਸ਼ਹਾਬੁਲ ਇਸਲਾਮ ਗਾਜੀ, ਜਗਦੀਸ਼ ਚੰਦਰਾਂ, ਸਰੋਜ ਬੋਸ) ਬੰਗਲਾ ਮੈਗਜ਼ੀਨ ‘ਨਿਸਪੋਲਕ’ ( ਅੱਖਾਂ ਖੋਲ ਕੇ ਰੱਖੋ ) ਲਈ,ਪੰਜਾਬ ਦੇ ਕਿਸਾਨ ਘੋਲ ਅਤੇ ਖੇਤੀ ਮੰਡੀਕਰਨ ਢਾਂਚੇ ਬਾਰੇ ਜ਼ਮੀਨੀ ਰਿਪੋਰਟ ਤਿਆਰ ਕਰਨ ਵਾਸਤੇ ਪੰਜਾਬ ਦੇ ਦੋ ਰੋਜਾ ਦੌਰੇ ‘ਤੇ ਆਈ ਸੀ।
ਟੀਮ ਨੇ ਮੰਡੀ ਮੁੱਲਾਂਪੁਰ ਦਾ ਦੌਰਾ ਕਰਕੇ ਪੰਜਾਬ ਅੰਦਰ ਫਸਲਾਂ ਦੇ ਮੰਡੀਕਰਨ ਪ੍ਰਬੰਧ ਨੂੰ ਜਾਣਿਆ ਅਤੇ ਪਿੰਡਾਂ ’ਚ ਕਿਸਾਨਾਂ ਨਾਲ ਬਹੁਪਰਤੀ ਤਜਰਬੇ ਸਾਂਝੇ ਕੀਤੇ। ਆਪਣੇ ਦੌਰੇ ਦੌਰਾਨ ਜਮਹੂਰੀ ਅਧਿਕਾਰ ਸਭਾ ਨੇ ਮਹਿਲ ਕਲਾਂ ਟੋਲ ਪਲਾਜ਼ੇ ‘ਤੇ ਕਿਸਾਨ ਨੇਤਾਵਾਂ ਮਲਕੀਤ ਸਿੰਘ ਮਹਿਲਕਲਾਂ, ਅਮਰਜੀਤ ਸਿੰਘ ਮਹਿਲਖੁਰਦ , ਜਮਹੂਰੀ ਅਧਿਕਾਰ ਦੇ ਆਗੂ ਗੁਰਮੇਲ ਠੁੱਲੀਵਾਲ ਅਤੇ ਇੱਕ ਸਮਾਜਿਕ ਕਾਰਕੁੰਨ ਨਾਲ ਇੰਟਰਵਿਊ ਕੀਤੀ। ਬੰਗਾਲ ਦੀ ਟੀਮ ਦੇ ਮੈਂਬਰਾਂ ਨੂੰ ਪਿੰਡ ਚੀਮਾ ਪਿੰਡ ਲਿਜਾਇਆ ਗਿਆ ਜਿੱਥੇ ਉਹ ਵੱਡੀ ਗਿਣਤੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਿਲੇ। ਟਰੈਕਟਰਾਂ ਤੇ ਆਵਾਜਾਈ ਦੇ ਹੋਰ ਸਾਧਨਾਂ ਅਤੇ ਘਰਾਂ ‘ਤੇ ਝੂਲ ਰਹੇ ਕਿਸਾਨ ਝੰਡਿਆਂ ਨੂੰ ਦੇਖ ਕੇ ਉਹਨਾਂ ਦੀ ਮੰਗ ਤੇ ਮੋਮੈਂਟੋ ਵਜੋਂ ਪੂਰੇ ਮਾਣ ਸਤਿਕਾਰ ਸਹਿਤ ਝੰਡੇ ਦਿੱਤੇ ਗਏ। ਇਸ ਮੌਕੇ ਟੀਮ ਇੱਕ ਕਿਸਾਨ ਪ੍ਰੀਵਾਰ ਦੇ ਘਰ ਗਈ ਜਿੱਥੇ ਸ੍ਰੀ ਅਖੰਡ ਪਾਠ ਦੇ ਭਾਗ ਪਾਏ ਗਏ ਸਨ।
ਟੀਮ ਨੇ ਜਦੋਂ ਕਿਸਾਨ ਨੂੰ ਜਲੇਬੀਆਂ ਦੇ ਅਸਾਧਾਰਨ ਹਰੇ ਰੰਗ ਬਾਰੇ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਕਿਸਾਨ ਘੋਲ ਦੀ ਸਫਲਤਾ ਲਈ ਅਰਦਾਸ ਵਜੋਂ ਹਰੇ ਰੰਗ ਦੀਆਂ ਜਲੇਬੀਆਂ ਤਿਆਰ ਕੀਤੀਆਂ ਗਈਆਂ ਹਨ। ਜਮਹੂਰੀ ਅਧਿਕਾਰ ਸਭਾ ਦੇ ਆਗੂ ਹਰਚਰਨ ਚਹਿਲ ਨੇ ਟੀਮ ਨੂੰ ਦੱਸਿਆ ਕਿ ਪੰਜਾਬ ਦੀ ਫਿਜਾ ਅੰਦਰ ਕਿਸਾਨੀ ਸੰਘਰਸ਼ ਨੇ ਬਹੁਤ ਸਾਰੀਆਂ ਨਵੀਆਂ ਪਿਰਤਾਂ ਪਾਈਆਂ ਹਨ ਜਿਸ ਤਹਿਤ ਬਰਾਤ ਵਾਲੀਆਂ ਕਾਰਾਂ ਕਿਸਾਨੀ ਝੰਡਿਆਂ ਨਾਲ ਸਜਾਈਆਂ ਜਾ ਰਹੀਆਂ ਹਨ। ਵਿਆਹ (ਜੰਝ) ਚੜਨ ਤੋਂ ਪਹਿਲਾਂ ਲਾੜੇ ਬਰਾਤ ਸਮੇਤ ਸੰਘਰਸ਼ਸ਼ੀਲ ਕਾਫਲਿਆਂ ਨਾਲ ਸੰਘਰਸ਼ਮਈ ਸਾਂਝ ਪਾਉਂਦੇ ਨਤਮਸਤਕ ਹੁੰਦੇ ਹਨ ਅਤੇ ਸਮਰੱਥਾ ਅਨੁਸਾਰ ਸੰਘਰਸ਼ ਵਿੱਚ ਫੰਡ ਪੱਖੋਂ ਯੋਗਦਾਨ ਪਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਲੋਕ ਪੱਖੀ ਕਿਸਾਨੀ ਸੰਘਰਸ਼ਾਂ ਨਾਲ ਸਬੰਧਤ ਗੀਤਾਂ ਦੀਆਂ ਧੰੁਨਾਂ ਗੂੰਜਦੀਆਂ ਹਨ ਅਤੇ ਲੋਕ ਭੰਗੜੇ ਪਾਕੇ ਖੁਸ਼ੀਆਂ ਮਨਾ ਰਹੇ ਹਨ।
ਟੀਮ ਦਾ ਪ੍ਰਤੀਕਰਮ ਸੀ ਕਿ ‘‘ਜੇਕਰ ਘੋਲ ਦੀ ਸਫਲਤਾ ਲਈ ਆਪਣੇ ਪਕਵਾਨਾਂ ਦੇ ਰੰਗ ਸਮੇਤ ਵਿਆਹਾਂ ਦਾ ਸੱਭਿਆਚਾਰ ਇਸ ਕਦਰ ਬਦਲਣ ਤੱਕ ਗੱਲ ਪਹੁੰਚ ਗਈ ਹੈ ਤਾਂ ਇਸ ਅੰਦੋਲਨ ਨੂੰ ਕੌਣ ਖਤਮ ਕਰ ਸਕਦਾ ਹੈ? ਇਹ ਹਰੇ ਰੰਗ ਦੀਆਂ ਜਲੇਬੀਆਂ ਤੇ ਕਿਸਾਨ ਝੰਡੇ ਦੀ ਫੋਟੋਆਂ ਹੀ ‘ਨਿਸਪੋਲੋਕ‘ ਮੈਗਜ਼ੀਨ ਦੇ ਅਗਲੇ ਅੰਕ ਦੇ ਕਵਰ ਪੇਜ ਦੀਆਂ ਸ਼ਿੰਗਾਰ ਬਣਨਗੀਆਂ।’’ ਬੰਗਾਲ ਤੋਂ ਆਏ ਸਾਥੀਆਂ ਦੀ ਟੀਮ ਨੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਆਗੂਆਂ ਬਲਵੰਤ ਉੱਪਲੀ, ਗੁਰਦੇਵ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਅਮਰਜੀਤ ਕੌਰ, ਪ੍ਰੇਮਪਾਲ ਕੋਰ, ਜਸਪਾਲ ਚੀਮਾ ਆਦਿ ਆਗੂਆਂ ਨਾਲ ਵੀ ਜਾਣਕਾਰੀਆਂ ਦੀ ਸਾਂਝ ਪਾਈ।