ਹੁਸ਼ਿਆਰਪੁਰ, 19 ਫਰਵਰੀ 2021 - ਦਿਸ਼ਾ ਰਾਵੀ ਅਤੇ ਨੌਦੀਪ ਕੌਰ ਸਮੇਤ ਜੇਲ੍ਹਾਂ ਵਿੱਚ ਡੱਕੇ ਕਿਸਾਨਾਂ ਅਤੇ ਕਾਰਕੁਨਾਂ ਨਾਲ ਇੱਕਜੁਟਤਾ ਜ਼ਾਹਰ ਕਰਨ ਲਈ ਸਿੱਖ ਯੂਥ ਆਫ ਪੰਜਾਬ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਗੁਰਦੁਆਰਾ ਕਲਗੀਧਰ ਤੋਂ ਸ਼ੁਰੂ ਹੋ ਕੇ ਘੰਟਾ ਘਰ ਹੁੰਦੀ ਹੋਈ ਗੌਰਮਿੰਟ ਕਾਲਜ ਰਾਹੀਂ ਲੰਘਦੀ ਹੋਈ ਮੁੜ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਕੀਤੀ ਗਈ ਜਿਸ ਵਿੱਚ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ।
ਰੈਲੀ ਦੀ ਅਗਵਾਈ ਕਰਦੇ ਹੋਏ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਸਮੂਹ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਮਗਰ ਚੱਟਾਨ ਵਾਂਗ ਖਡ਼੍ਹੇ ਹੋਣ ਕਿਉਂਕਿ ਉਨ੍ਹਾਂ ਦੇ ਸੱਦੇ ਉੱਤੇ ਹੀ 26 ਜਨਵਰੀ ਨੂੰ ਨੌਜਵਾਨ ਟਰੈਕਟਰ ਮਾਰਚ ਵਿਚ ਹਿੱਸਾ ਲੈਣ ਪਹੁੰਚੇ ਸਨ।
ਦਲ ਖਾਲਸਾ ਦੇ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਭਾਰਤ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਗੁਰੂਦੁਆਰਾ ਨਨਕਾਣਾ ਸਾਹਿਬ ਜਾਣ ਤੋਂ ਇਨਕਾਰ ਕਰਨ ਦੀ ਕਰੜੀ ਨਿੰਦਿਆ ਮੋਦੀ ਸਰਕਾਰ ਨੂੰ ਸਿੱਖ ਵਿਰੋਧੀ ਘੋਸ਼ਿਤ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਅੜੀਅਲ ਰਵੱਈਏ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਸੇ ਮਾਨਸਿਕਤਾ ਨਾਲ ਸਰਕਾਰ ਕਰਤਾਰਪੁਰ ਲਾਂਘਾ ਖੋਲ੍ਹਣ ਪ੍ਰਤੀ ਨਾਕਾਰਾਤਮਕ ਹੈ।
ਪ੍ਰੇਰਿਤ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਖੁਣਖੁਣ ਨੇ ਕਿਹਾ ਕਿ ਸਰਕਾਰ ਨੇ ਸਮਾਜਿਕ, ਰਾਜਨੀਤਿਕ, ਧਾਰਮਿਕ, ਅਦਾਕਾਰ ਅਤੇ ਵਾਤਾਵਰਣ ਦੇ ਕਾਰਕੁੰਨਾਂ ਨੂੰ ਕਿਸਾਨਾਂ ਦੇ ਅੰਦੋਲਨ ਹੱਕ ਵਿੱਚ ਆਵਾਜ਼ ਬੁਲੰਦ ਕਰਨ ਅਤੇ ਹਿੱਸਾ ਲੈਣ ਲਈ ਗ੍ਰਿਫ਼ਤਾਰ ਕੀਤਾ ਹੈ।
ਇੱਕ ਹੋਰ ਆਗੂ ਕੁਲਜਿੰਦਰ ਸਿੰਘ ਘੁੰਮਣ ਨੇ ਚਿੰਤਾ ਪਰਗਟ ਕਰਦਿਆਂ ਕਿਹਾ ਉਹ ਚਿੰਤਤ ਹਨ ਕਿ ਸਰਕਾਰ ਦਾ ਅਗਲਾ ਨਿਸ਼ਾਨਾ ਕੌਣ ਹੋਵੇਗਾ? ਰੈਲੀ ਵਿੱਚ ਹਿੱਸਾ ਲੈਣ ਪਹੁੰਚੇ ਨੌਜਵਾਨਾਂ ਨੇ ਸਰਕਾਰ ਦੇ ਫਾਸ਼ੀਵਾਦੀ ਏਜੰਡੇ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਮੋਦੀ-ਸ਼ਾਹ ਦੀ ਜੋੜੀ ਦੇ ਤਹਿਤ ਭਾਰਤ ਵਿੱਚ ਫਾਸੀਵਾਦ ਵਧ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਮੂਨਕਾਂ, ਗੁਰਪ੍ਰੀਤ ਸਿੰਘ ਖੁੱਡਾ, ਕਰਨੈਲ ਸਿੰਘ ਲਵਲੀ, ਰਣਧੀਰ ਸਿੰਘ ਅਸਲਪੁਰ, ਹਰਪ੍ਰੀਤ ਸਿੰਘ ਲਾਲੀ, ਜਗਦੀਪ ਸਿੰਘ ਬੈਂਸਾ, ਅੰਮ੍ਰਿਤਰਾਇ ਸਿੰਘ, ਜਗਜੀਤ ਸਿੰਘ ਜੱਗੀ, ਗੁਰਜਾਪ ਸਿੰਘ, ਰਸ਼ਪਾਲ ਸਿੰਘ ਪੱਟੀ, ਰਘੁਬੀਰ ਸਿੰਘ, ਲਖਵੀਰ ਸਿੰਘ ਪੱਟੀ, ਜੁਝਾਰ ਸਿੰਘ, ਸ਼ਰਨਜੀਤ ਸਿੰਘ ਸਰਪੰਚ, ਬਲਜਿੰਦਰ ਸਿੰਘ ਚੱਬੇਵਾਲ ਆਦਿ ਹਾਜ਼ਰ ਸਨ।