ਅਸ਼ੋਕ ਵਰਮਾ
ਚੰਡੀਗੜ੍ਹ, 18 ਫਰਵਰੀ 2021:ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ਨੂੰ ਲਾਗੂ ਕਰਦਿਆਂ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਰੇਲ-ਰੋਕੋ ਅੰਦੋਲਨ ਪ੍ਰੋਗਰਾਮ ਤਹਿਤ ਕਰੀਬ 40 ਥਾਵਾਂ ‘ਤੇ 12 ਤੋਂ 4 ਵਜੇ ਤੱਕ ਸ਼ਾਂਤਮਈ ਰੋਸ-ਪ੍ਰਦਰਸ਼ਨ ਕਰਦਿਆਂ ਰੇਲਾਂ ਰੋਕੀਆਂ ਗਈਆਂ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਰੀਆਂ ਥਾਵਾਂ ‘ਤੇ ਵੱਡੀਆਂ-ਗਿਣਤੀਆਂ ‘ਚ ਸ਼ਮੂਲੀਅਤ ਕਰਦਿਆਂ ਕੇਂਦਰ-ਸਰਕਾਰ ਦੇ ਕਿਸਾਨ-ਅੰਦੋਲਨ ਪ੍ਰਤੀ ਅਪਣਾਏ ਰੁਖ਼ ਖ਼ਿਲਾਫ਼ ਰੋਸ ਪ੍ਰਗਟਾਇਆ। ਉਹਨਾਂ ਕਿਹਾ ਕਿ 3 ਖੇਤੀ ਕਾਨੂੰਨਾਂ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਦਿੱਲੀ ਵਿਖੇ ਕਰੀਬ 3 ਮਹੀਨਿਆਂ ਤੋੰ ਕਿਸਾਨ-ਅੰਦੋਲਨ ਕਰ ਰਹੇ ਹਨ, ਪਰ ਸਰਕਾਰ ਨਾਲ ਗੱਲਬਾਤ ਟੁੱਟਣ ਮਗਰੋਂ ਲੋਕ-ਰੋਹ ਹੋਰ ਤੇਜ਼ ਹੋ ਰਿਹਾ ਹੈ ।
ਉਹਨਾਂ ਦੱਸਿਆ ਕਿ ਅੱਜ ਪੰਜਾਬ ਭਰ ‘ਚ ਵੱਖ-ਵੱਖ ਥਾਵਾਂ ‘ਤੇ ਸੰਬੋਧਨ ਕਰਦਿਆਂ ਕਿਸਾਨ-ਆਗੂਆਂ ਨੇ ਲੋਕਾਂ ਨੂੰ ਅੰਦੋਲਨ ਮਜ਼ਬੂਤ ਕਰਨ ਲਈ ਦਿੱਲੀ ਵੱਲ ਵਹੀਰਾਂ ਘੱਤਣ ਦੀ ਅਪੀਲ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਅੱਜ ਦੇ ਸੱਦੇ ਨੂੰ ਲਾਮਿਸਾਲ ਕਾਮਯਾਬ ਕਰਨ ਅਤੇ ਸਾਂਝੀ ਕਿਸਾਨ ਲੀਡਰਸ਼ਿਪ ਤੇ ਬੇਅੰਤ ਭਰੋਸਾ ਜਤਾਉਣ ਲਈ ਦੇਸ਼ ਦੇ ਮਜਦੂਰਾਂ, ਕਿਸਾਨ ਤੇ ਹੋਰ ਮਿਹਨਤੀ ਵਰਗਾਂ ਅਤੇ ਇਨਸਾਫ਼ ਪਸੰਦ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਆਵਾਮ ਵੱਲੋਂ ਦਿੱਤੇ ਜਾ ਰਹੇ ਬੇਮਿਸਾਲ ਸਹਿਯੋਗ ਅਤੇ ਚੌਤਰਫਾ ਸੰਗਰਾਮੀ ਸਰਗਰਮੀ ਤੋਂ ਇਹ ਭਰੋਸਾ ਹੋਰ ਮਜਬੂਤ ਹੁੰਦਾ ਹੈ ਕਿ ਕਿਸਾਨ ਅੰਦੋਲਨ ਦੀ ਜਿੱਤ ਹੋਵੇਗੀ ਅਤੇ ਮੋਦੀ ਸਰਕਾਰ ਦੇ ਕਾਰਪੋਰੇਟਾਂ ਪੰਖੀ ਇਰਾਦੇ ਅਸਫਲ ਕੀਤੇ ਜਾਣਗੇ।