ਅਸ਼ੋਕ ਵਰਮਾ
ਬਠਿੰਡਾ,14ਫਰਵਰੀ 2021 - ਮੋਦੀ ਹਕੂਮਤ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਫੜੇ ਅਜਿਹੇ ਹਥਿਆਰ ਹਨ ਜੋ ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਦੀ ਜਿੰਦਗੀ ਨੂੰ ਵੀ ਤਬਾਹ ਕਰ ਦੇਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਲਹਿਰਾ ਧੂਰਕੋਟ ਵਿੱਚ ਮਜ਼ਦੂਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕੀਤਾ।
ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਵਿਰੁੱਧ ਕਿਸਾਨਾਂ, ਮਜਦੁਰਾਂ ਅਤੇ ਮਿਹਨਤਕਸ਼ ਲੋਕਾਂ ਨੂੰ ਇੱਕਜੁਟ ਹੋਕੇ ਲੜਨ ਦੀ ਲੋੜ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਪਣੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਮਜ਼ਦੂਰਾਂ ‘ਤੇ ਅਣ- ਮਨੁੱਖੀ ਜਬਰ ਜੁਲਮ ਕੀਤਾ ਜਾ ਰਿਹਾ ਹੈ। ਔਰਤਾਂ ਦੀਆਂ ਬੇਪਤੀਆ ਤੇ ਬਲਾਤਕਾਰ ਦੀਆਂ ਘਟਨਾਵਾਂ ਆਏਂ ਦਿਨ ਵਧ ਰਹੀਆਂ ਹਨ। ਉਹਨਾਂ ਕਿਹਾ ਕਿ ਦਲਿਤ ਸਮਾਜ ਨਾਲ ਸਬੰਧਤ ਮਜ਼ਦੂਰ ਆਗੂ ਨੌਦੀਪ ਕੌਰ ਗੰਧੜ ‘ਤੇ ਕੀਤਾ ਜਬਰ ਇਸ ਦੀ ਤਾਜਾ ਮਿਸਾਲ ਹੈ।
ਕੇਂਦਰੀ ਬੱਜਟ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਉਹਨਾਂ ਕਿ ਸਰਕਾਰ ਵੱਲੋਂ ਨਵੇ ਬਜਟ ਵਿੱਚ ਮਨਰੇਗਾ, ਸਿਹਤ ਸਹੂਲਤਾਂ ਅਤੇ ਵਿੱਦਿਆ ਆਦਿ ਲਈ ਪਹਿਲਾਂ ਨਾਲੋਂ ਵੀ ਘੱਟ ਕੀਤੀ ਰਾਸ਼ੀ ਮਜ਼ਦੂਰਾਂ ਨੂੰ ਭੁੱਖੇ ਮਰਨ ਲਈ ਮਜ਼ਬੂਰ ਕਰੇਗੀ। ਉਹਨਾਂ 17 ਫਰਵਰੀ ਨੂੰ ਰਾਮਪੁਰਾ ਵਿਖੇ ਹੋ ਰਹੀ ਕਾਨਫਰੰਸ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਮਜ਼ਦੂਰਾਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ। ਮੀਟਿੰਗ ਵਿਚ ਮੇਜਰ ਸਿੰਘ, ਨਛੱਤਰ ਸਿੰਘ ਤੇ ਗੁਰਦੇਵ ਸਿੰਘ ਆਦਿ ਆਗੂ ਵੀ ਸ਼ਾਮਲ ਸਨ।