ਅਸ਼ੋਕ ਵਰਮਾ
ਬਰਨਾਲਾ, 15 ਫਰਵਰੀ 2021: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੁੰ ਲੈ ਕੇ ਬਰਨਾਲਾ ਰੇਲਵੇ ਸਟੇਸ਼ਨ ‘ਤੇ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਧਰਨੇ ਵਿੱਚ ਅਜ ਬੰਗਲੌਰ ਦੀ ਵਾਤਾਵਰਨਿਕ ਕਾਰਕੁੰਨ ਦਿਸ਼ਾ ਰਵੀ ਦੀ ਗਿ੍ਰਫਤਾਰੀ ਦਾ ਮਾਮਲਾ ਛਾਇਆ ਰਿਹਾ। ਹਰਚਰਨ ਚੰਨਾ, ਅਮਰਜੀਤ ਕੌਰ, ਕਾਕਾ ਸਿੰਘ ਫਰਵਾਹੀ, ਗੁਰਮੇਲ ਸ਼ਰਮਾ,ਅਜਮੇਰ ਸਿੰਘ ਮਹਿਲ ਕਲਾਂ, ਕਰਨੈਲ ਸਿੰਘ ਗਾਂਧੀ ਅਤੇ ਬਲਵੰਤ ਸਿੰਘ ਉਪਲੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਲਈ ਕੰਮ ਕਰਨ ਵਾਲੀ ਸੰਸਾਰ ਪ੍ਰਸਿੱਧ ਕਾਰਕੁੰਨ ਅਤੇ ਇਸ ਸਾਲ ਦੇ ਨੋਬਲ ਸ਼ਾਂਤੀ ਐਵਾਰਡ ਲਈ ਨਾਮਜ਼ਦ ਗਰੇਟਾ ਥਨਬਰਗ ਨੇ ਜਦ ਭਾਰਤ ਦੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਿਆ ਸੀ ਤਾਂ ਇਕ ਟੂਲ-ਕਿੱਟ ਆਪਣੇ ਟਵੀਟ ਨਾਲ ਨੱਥੀ ਕੀਤੀ ਸੀ ਅਤੇ ਸਰਕਾਰ ਟੂਲ-ਕਿੱਟ ਸ਼ਬਦ ਨੂੰ ਸਰਕਾਰ ਹਥਿਆਰਾਂ ਦਾ ਕੋਈ ਜਖ਼ੀਰਾ ਹੋਣ ਵਜੋਂ ਪੇਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸਲ ਵਿਚ ਸ਼ੋਸ਼ਲ ਮੀਡੀਆ ਰਾਹੀਂ ਸ਼ਾਤਮਈ ਵਿਰੋਧ-ਪ੍ਰਦਰਸ਼ਨ ਕਰਨ ਲਈ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਦੀ ਸੂਚੀ ਨੂੰ ਟੂਲ-ਕਿੱਟ ਕਹਿ ਦਿਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਇਸ ਸੂਚੀ ਤੋਂ ਬਗ਼ੈਰ ਵੀ ਤਾਂ ਅਸੀਂ ਇਹ ਸਰਗਰਮੀਆਂ ਕਰਦੇ ਹੀ ਹਾਂ। ਸ਼ੋਸ਼ਲ ਮੀਡੀਏ ਦੇ ਇਸ ਯੁੱਗ ਵਿਚ ਟਵਿੱਟਰ ਉਪਰ ਚਲਾਈਆਂ ਜਾਣ ਵਾਲੀਆਂ ਹੈਸ਼ਟੈਗ ਮੁਹਿੰਮਾਂ, ਆਨ-ਲਾਈਨ ਚੇਂਜ਼ ਪਟੀਸ਼ਨਾਂ, ਈ-ਮੇਲ ਮੁਹਿੰਮਾਂ, ਵਟਸਐਪ ਸੁਨੇਹਿਆਂ ਰਾਹੀਂ ਲੋਕ ਹਾਕਮਾਂ ਤੱਕ ਆਪਣੀ ਆਵਾਜ਼ ਪਹੁੰਚਦੀ ਕਰਦੇ ਹਨ। ਵਿਰੋਧ ਪ੍ਰਦਰਸ਼ਨ ਦਾ ਇਹ ਪੂਰੀ ਤਰਾਂ ਸ਼ਾਤਮਈ ਤੇ ਕਾਨੂੰਨੀ ਤਰੀਕਾ ਹੈ ਅਤੇ ਇਸ ਵਿਚ ਕੁੱਝ ਵੀ ਗਲਤ ਨਹੀਂ ਹੈ ਪਰ ਸਰਕਾਰ ਇਸ ਨੂੰ ਇਉਂ ਪੇਸ਼ ਕਰ ਰਹੀ ਹੈ ਜਿਵੇਂ ਗਰੇਟਾ ਥਨਬਰਗ ਨੇ ਕੋਈ ਖਤਰਨਾਕ ਹਥਿਆਰਾਂ ਦਾ ਜਖ਼ੀਰਾ ਭੇਜ ਦਿੱਤਾ ਹੋਵੇ। ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਸਰਕਾਰ ਨੇ ਇਸ ਟੂਲ-ਕਿੱਟ ਨੂੰ ਐਡਿਟ ਕਰਨ ਤੇ ਅਗਾਂਹ ਫਾਰਵਰਡ ਕਰਨ ਦੇ ਦੋਸ਼ ਹੇਠ 21 ਸਾਲਾ ਵਾਤਾਵਰਨਿਕ ਕਾਰਕੁੰਨ ਦਿਸ਼ਾ ਰਵੀ ਨੂੰ ਬੰਗਲੌਰ ਤੋਂ ਗਿ੍ਰਫਤਾਰ ਕਰ ਲਿਆ ਅਤੇ ਹੁਣ ਮੁੰਬਈ ਦੀ ਇਕ ਨੌਜਵਾਨ ਐਡਵੋਕੇਟ ਨਿਕਿਤਾ ਜੈਕਬ ਅਤੇ ਇਕ ਹੋਰ ਕਾਰਕੁੰਨ ਸਾਂਤਨੂੰ ਵਿਰੁੱਧ ਗ਼ੈਰ-ਜਮਾਨਤੀ ਵਾਰੰਟ ਜਾਰੀ ਕਰ ਦਿਤੇ ਹਨ।
ਉਹਨਾਂ ਕਿਹਾ ਕਿ ਸਰਕਾਰ ਡਰ ਦਾ ਮਾਹੌਲ ਪੈਦਾ ਕਰਕੇ ਮੌਜੂਦਾ ਕਿਸਾਨ ਅੰਦੋਲਨ ਤਾਰਪੀਡੋ ਕਰਨਾ ਚਾਹੁੰਦੀ ਹੈ ਪਰ ਲੋਕ ਡਰਾਵਿਆਂ ਕਾਰਨ ਮੰਗ ਤੋਂ ਪਿਛੇ ਹਟਣ ਵਾਲੇ ਨਹੀਂ ਹਨ। ਅਸਲ ਵਿਚ ਸਰਕਾਰ ਇਖਲਾਕੀ ਤੌਰ ‘ਤੇ ਹਾਰ ਚੁੱਕੀ ਹੈ ਅਤੇ ਘਟੀਆ ਹੱਥਕੰਡਿਆਂ ਦਾ ਸਹਾਰਾ ਲੈ ਰਹੀ ਹੈ। ਉਹਨਾਂ ਕਿਹਾ ਕਿ ਗ਼ੈਰ-ਕਿਸਾਨੀ ਤਬਕਿਆਂ ਨੂੰ ਵੀ ਸਮਝ ਆ ਚੁੱਕੀ ਹੈ ਕਿ ਖੇਤੀ ਕਾਨੂੰਨਾਂ ਕਾਰਨ ਜ਼ਿੰਦਗੀ ਵੀ ਬਦਤਰ ਹੋ ਜਾਣ ਰਹੀ ਹੈ ਜਿਸ ਕਰਕੇ ਹਰ ਦਿਨ ਲੋਕ ਇਸ ਅੰਦੋਲਨ ਦਾ ਹਿੱਸਾ ਬਣਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਲਈ ਹੁਣ ਇਹੋ ਬਿਹਤਰ ਰਹੇਗਾ ਕਿ ਤਿੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਅਤੇ ਐਸਐਸਪੀ ਦੀ ਗਾਰੰਟੀ ਵਾਲਾ ਨਵਾਂ ਕਾਨੂੰਨ ਲਿਆਵੇ। ਅੱਜ ਦੇ ਧਰਨੇ ਵਿਚ ਗੁਰਬਖਸ਼ ਸਿੰਘ ਜੋਧਪੁਰ ਨੇ ਅੰਦੋਲਨਜੀਵੀ ਨਾਮ ਦਾ ਸੋਲੋ ਨਾਟਕ ਪੇਸ਼ ਕੀਤਾ । ਨਰਿੰਦਰ ਪਾਲ ਸਿੰਗਲਾ, ਜੁਗਰਾਜ ਸਿੰਘ ਹਮੀਦੀ, ਗੁਰਦੇਵ ਸਿੰਘ ਕਰਾੜਵਾਲਾ ਵਤੇ ਬਹਾਦਰ ਸਿੰਘ ਕਾਲ ਧਨੌਲਾ ਨੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ।