- ਕਿਰਤੀ ਕਿਸਾਨ ਯੂਨੀਅਨ ਨੇ ਉਸਦੇ ਮਾਪਿਆਂ ਨਾਲ ਕੀਤੀ ਮੁਲਾਕਾਤ
ਨਵਾਂਸ਼ਹਿਰ, 31 ਜਨਵਰੀ 2021 - ਦਿੱਲੀ ਪੁਲਿਸ ਵੱਲੋਂ ਕਈ ਸੰਗੀਨ ਧਰਾਵਾਂ ਤਹਿਤ ਗ੍ਰਿਫਤਾਰ ਕੀਤੇ ਪਿੰਡ ਕਾਜਮਪੁਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ 22ਸਾਲਾ ਨੌਜਵਾਨ ਰਣਜੀਤ ਸਿੰਘ ਦੇ ਮਾਪੇ ਭਾਰੀ ਪ੍ਰੇਸ਼ਾਨੀ ਵਿਚ ਹਨ।ਅੱਜ ਜਦੋਂ ਇਸ ਪੱਤਰਕਾਰ ਨੇ ਇਸ ਨੌਜਵਾਨ ਦੇ ਮਾਪਿਆਂ ਦੀ ਮਨੋਦਸ਼ਾ ਦਾ ਪਤਾ ਲਾਉਣ ਲਈ ਉਹਨਾਂ ਨਾਲ ਮੁਲਾਕਾਤ ਕੀਤੀ ਤਾਂ ਉਸਦੀ ਮਾਤਾ ਸਰਬਜੀਤ ਕੌਰ ਗੱਲ ਕਰਦਿਆਂ ਭੁੱਬੀਂ ਰੋ ਪਈ।ਉਸਦੀ ਵੱਡੀ ਭੈਣ ਸੰਦੀਪ ਕੌਰ ਵੀ ਭਾਰੀ ਚਿੰਤਤ ਨਜਰ ਆਈ।
ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਪੁਲਿਸ ਦੀ ਸ਼ਹਿ ਉੱਤੇ 500-600ਸ਼ਰਾਰਤੀ ਅਨਸਰਾਂ ਨੇ ਧਰਨੇ ਉੱਤੇ ਬੈਠੇ ਕਿਸਾਨਾਂ ਉੱਪਰ ਪਥਰਾਓ ਕੀਤਾ।ਉਸ ਸਮੇਂ ਪੁਲਿਸ ਉਹਨਾਂ ਨੂੰ ਰੋਕਣ ਦੀ ਥਾਂ ਮੂਕ ਦਰਸ਼ਕ ਬਣਕੇ ਖੜੀ ਰਹੀ।ਜਦੋਂ ਕਿਸਾਨਾਂ ਨੇ ਪਥਰਾਓ ਕਰਨ ਵਾਲੇ ਵਿਅਕਤੀਆਂ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਕਿਸਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਉਲਟਾ ਕਿਸਾਨਾਂ ਉੱਤੇ ਹੀ ਸੰਗੀਨ ਅਪਰਾਧਕ ਧਰਾਵਾਂ ਤਹਿਤ ਕੇਸ ਦਰਜ ਕਰ ਲਏ।ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਨੇ ਉਹਨਾਂ ਦੇ ਲੜਕੇ ਨਾਲ ਧੱਕਾ ਅਤੇ ਨਾਇਨਸਾਫੀ ਕੀਤੀ ਹੈ।ਉਹਨਾਂ ਨਾਲ ਹੀ ਕਿਹਾ ਕਿ ਇਸ ਤਰ੍ਹਾਂ ਕਿਸਾਨੀ ਘੋਲ ਨੂੰ ਦਬਾਇਆ ਨਹੀਂ ਜਾ ਸਕਦਾ।ਉਹ ਰਣਜੀਤ ਸਿੰਘ ਦੇ ਇਨਸਾਫ ਲਈ ਲੜਨਗੇ।
ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪਿੰਡ ਕਾਜਮਪੁਰ ਦੇ ਵਾਸੀਆਂ ਨੂੰ ਇਕੱਠੇ ਕਰਕੇ ਦਿੱਲੀ ਧਰਨੇ ਦੇ ਤਾਜਾ ਹਾਲਾਤ ਤੋਂ ਜਾਣੂੰ ਕਰਵਾਇਆ ।ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ ਪਾਖਰ ਸਿੰਘ, ਬੀਬੀ ਗੁਰਬਖਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਉਸਦੇ ਏਜੰਟ ਦੀਪ ਸਿੱਧੂ, ਆਰ.ਐਸ. ਐਸ ਦੇ ਵਰਕਰ, ਭਾਰਤੀ ਜਨਤਾ ਪਾਰਟੀ, ਸਰਕਾਰ ਦਾ ਖੁਫੀਆ ਤੰਤਰ ਅਤੇ ਦਿੱਲੀ ਪੁਲਿਸ ਹੋਛੇ ਹੱਥਕੰਡੇ ਵਰਤਕੇ ਕਿਸਾਨੀ ਘੋਲ ਨੂੰ ਬਦਨਾਮ ਕਰਨ ਦੇ ਯਤਨ ਕਰ ਰਹੀਆਂ ਹਨ ਪਰ ਇਸ ਵਿਚ ਸਰਕਾਰ ਕਾਮਯਾਬ ਨਹੀਂ ਹੋਵੇਗੀ।ਉਹਨਾਂ ਨੇ ਰਣਜੀਤ ਸਿੰਘ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।
ਇੱਥੇ ਵਰਨਣਯੋਗ ਹੈ ਕਿ ਦਿੱਲੀ ਪੁਲਸ ਨੇ ਅਲੀਪੁਰ ਥਾਣੇ ਵਿੱਚ ਰਣਜੀਤ ਸਿੰਘ ਅਤੇ ਹੋਰ 43 ਜਣਿਆਂ ਉੱਤੇ ਅਧੀਨ ਧਾਰਾ 186/353/332/307/147/148/149/152ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਹੈ।ਪੁਲਿਸ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਚੁੱਕੀ ਹੈ।ਇਸ ਮੌਕੇ ਅਜੈਬ ਸਿੰਘ ਅਸਮਾਨ ਪੁਰ, ਗੁਰਬਾਜ ਸਿੰਘ ਆਸਮਾਨ ਪੁਰ, ਹਰਜੀਤ ਸਿੰਘ, ਕਰਨੈਲ ਸਿੰਘ, ਪ੍ਰਦੀਪ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ, ਮੋਹਨ ਸਿੰਘ, ਦਯਾ ਸਿੰਘ, ਸੁਖਦੇਵ ਸਿੰਘ, ਗੁਰਮੁਖ ਸਿੰਘ, ਬਲਜੀਤ ਸਿੰਘ ਆਦਿ ਪਿੰਡ ਵਾਸੀ ਵੀ ਮੌਜੂਦ ਸਨ।