ਮਨਦੀਪ ਖੁਰਮੀ ਹਿੰਮਤਪੁਰਾ
ਗਲਾਸਗੋ, 22 ਫਰਵਰੀ 2021 - ਗਾਇਕ ਪੰਮਾ ਲਸਾੜੀਆ ਬਰਤਾਨੀਆ ਵਿੱਚ ਮਹਿਜ ਗਾਇਕ ਹੀ ਨਹੀਂ ਬਲਕਿ ਬਤੌਰ ਰੇਡੀਓ ਪੇਸ਼ਕਾਰ ਵੀ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ਲੰਮਾ ਸਮਾਂ ਇਟਲੀ ਨੂੰ ਕਰਮਭੂਮੀ ਬਣਾਉਣ ਉਪਰੰਤ ਪੰਮਾ ਲਸਾੜੀਆ ਨੇ ਬਰਤਾਨੀਆ ਆਣ ਬਸੇਰਾ ਕੀਤਾ। ਇੱਥੇ ਆ ਕੇ ਵੀ ਉਸਨੇ ਆਪਣੇ ਅੰਦਰਲੇ ਗਾਇਕ ਨੂੰ ਜੀਵਤ ਰੱਖਿਆ ਹੋਇਆ ਹੈ। ਦਿੱਲੀ ਕਿਸਾਨ ਅੰਦੋਲਨ ਵਿੱਚ ਯੋਗਦਾਨ ਵਜੋਂ ਉਹ ਆਪਣੇ ਗੀਤ "ਨਾਜਰਾ" ਨਾਲ ਹਾਜ਼ਰੀ ਭਰਨ ਬਹੁੜਿਆ ਹੈ। ਇਸ ਗੀਤ ਨੂੰ ਸ੍ਰੋਤਿਆਂ, ਦਰਸ਼ਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ "ਜੀਵਨ ਰਿਕਾਰਡਜ਼ ਯੂਕੇ" ਨੇ ਤੇ ਇਸ ਗੀਤ ਨੂੰ ਸ਼ਬਦਾਂ ਦੀ ਗਾਨੀ 'ਚ ਪ੍ਰੋਇਆ ਹੈ ਰਣਜੀਤ ਸਿੰਘ ਮਠਾੜੂ ਨੇ। ਇੰਦ ਜੱਸੀ ਵੱਲੋਂ ਸੰਗੀਤਕ ਧੁਨਾਂ ਤਿਆਰ ਕੀਤੀਆਂ ਗਈਆਂ ਹਨ ਤੇ ਵੀਡੀਓ ਫਿਲਮਾਂਕਣ ਐੱਚ ਐੱਸ ਬਿੱਲਾ ਦਾ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਪੰਮਾ ਲਸਾੜੀਆ ਨੇ ਕਿਹਾ ਕਿ ਕਿਸਾਨ ਅੰਦੋਲਨ ਹਰ ਉਸ ਸਖਸ਼ ਦਾ ਸਾਥ ਲੋੜਦਾ ਹੈ, ਜੋ ਅੰਨ ਖਾ ਕੇ ਜੀਅ ਰਿਹਾ ਹੈ। ਮੈਂ ਗਾਇਕ ਬਾਅਦ ਵਿੱਚ ਹਾਂ, ਪੰਜਾਬ ਦੀ ਧਰਤੀ ਦਾ ਪੁੱਤਰ ਪਹਿਲਾਂ ਹਾਂ। "ਨਾਜਰਾ" ਗੀਤ ਪੰਜਾਬ ਦੇ ਹਰ ਪੁੱਤਰ ਧੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਸੁਨੇਹਾ ਹੈ, ਹੋਕਾ ਹੈ।