ਦੀਪ ਸਿੱਧੂ ਅਤੇ ਹੋਰਨਾਂ ਦੀ ਰਿਹਾਈ ਲਈ ਅੰਮ੍ਰਿਤਸਰ 'ਚ ਕੀਤਾ ਸਾਈਕਲ ਰੋਸ ਮਾਰਚ
ਅੰਮ੍ਰਿਤਸਰ, 15 ਫਰਵਰੀ 2021: ਕਿਸਾਨ ਸੰਘਰਸ਼ ਦੌਰਾਨ ਮੋਦੀ ਸਰਕਾਰ ਦੇ ਦਬਾਅ ਹੇਠ ਦਿੱਲੀ ਪੁਲਿਸ ਵੱਲੋਂ ਕੀਤੀਆਂ ਗ੍ਰਿਫ਼ਤਾਰੀਆਂ ਵਿਰੁੱਧ ਰੋਹ ਅਤੇ ਰੋਸ ਵਜੋਂ ਅੱਜ ਅੰਮ੍ਰਿਤਸਰ ਦੇ ਸਿੱਖ ਨੌਜਵਾਨਾਂ ਵੱਲੋਂ ਵਿਸ਼ਾਲ ਮੋਟਰ ਸਾਈਕਲ ਮਾਰਚ ਕੱਢਿਆ ਗਿਆ। ਇਹ ਮਾਰਚ ਖ਼ਜ਼ਾਨਾ ਗੇਟ ਤੋਂ ਅਰੰਭ ਹੋ ਕੇ ਹਾਲ ਗੇਟ ਤੋਂ ਹੁੰਦਾ ਹੋਇਆ ਬਾਰ੍ਹਾਂ ਇਤਿਹਾਸਕ ਦਰਵਾਜ਼ਿਆਂ ਦਾ ਚੱਕਰ ਲਾ ਕੇ ਸੰਤੋਖ ਸਰ ਸਾਹਿਬ ਸਮਾਪਤ ਹੋਇਆ। ਮਾਰਚ ਵਿੱਚ ਨੌਜਵਾਨਾਂ ਨੇ ਦੀਪ ਸਿੱਧੂ, ਨੌਦੀਪ ਕੌਰ, ਲੱਖਾ ਸਿਧਾਣਾ, ਰਣਜੀਤ ਸਿੰਘ, ਸ਼ਿਵ ਕੁਮਾਰ, ਦਿਸ਼ਾ ਰਾਵੀ ਦੀਆਂ ਤਸਵੀਰਾਂ ਹੱਥਾਂ 'ਚ ਫੜੀਆਂ ਹੋਈਆਂ ਸਨ ਤੇ ਉਹਨਾਂ ਨੇ ਕਿਸਾਨ ਅੰਦੋਲਨ ਨਾਲ ਸੰਬੰਧਿਤ ਨਜ਼ਰਬੰਦਾਂ ਦੀ ਰਿਹਾਈ ਦੀ ਮੰਗ ਕਰਦਿਆਂ ਮੋਦੀ ਸਰਕਾਰ ਤੇ ਦਿੱਲੀ ਪੁਲਿਸ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਦਲ ਖ਼ਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਉਹਨਾਂ ਨੂੰ ਤਿੰਨ ਤਰੀਕਿਆਂ ਨਾਲ ਮਾਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਆਪਣੇ ਪਿੱਠੂਆਂ ਰਾਹੀਂ ਕਿਸਾਨਾਂ 'ਚ ਫੁੱਟ ਪਾ ਰਹੀ ਹੈ, ਦੂਜਾ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਤੇ ਤੀਜਾ ਇਸ ਸੰਘਰਸ਼ ਨੂੰ ਮਿਲ ਰਹੀ ਕੌਮਾਂਤਰੀ ਹਮਾਇਤ ਨੂੰ ਡਰਾ-ਧਮਕਾਅ ਕੇ ਰੋਕਣ ਦੇ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਬਹੁਪੱਖੀ-ਹਮਲਿਆਂ ਨੂੰ ਰੋਕਣ ਲਈ ਹੁਣ ਕਿਸਾਨਾਂ ਨੂੰ ਤੁਰੰਤ ਸਰਕਾਰ 'ਤੇ ਹਮਲਾਵਰ ਰੁੱਖ ਅਪਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸਾਨ ਆਗੂਆਂ ਨੂੰ 1 ਫਰਵਰੀ ਦੇ ਆਪਣੇ ਪਾਰਲੀਮੈਂਟ ਘੇਰਨ ਦੇ ਮੁਲਤਵੀ ਕੀਤੇ ਪ੍ਰੋਗਰਾਮ ਨੂੰ ਮੁੜ ਸੁਰਜੀਤ ਕਰਕੇ ਨਵੇਂ ਸਿਰਿਓਂ ਅਗਲੀ ਤਰੀਕ ਦਾ ਐਲਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸਾਨ ਆਗੂ ਹਮਲਾਵਰ ਰੁੱਖ ਅਪਣਾਉਂਦਿਆਂ ਸਖ਼ਤ ਪ੍ਰੋਗਰਾਮ ਦੇ ਕੇ ਨੌਜਵਾਨਾਂ 'ਤੇ ਹੋ ਰਹੇ ਜਬਰ ਨੂੰ ਠੱਲ੍ਹ ਪਾ ਸਕਦੇ ਹਨ ਤੇ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸਰਕਾਰ 'ਤੇ ਦਬਾਅ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀ ਸੂਈ ਖ਼ਾਲਿਸਤਾਨ ‘ਤੇ ਅੜੀ ਹੋਈ ਹੈ ਅਤੇ ਹੁਣ ਉਹਨਾਂ ਨੇ ਟੂਲ ਕਿੱਟ ਨੂੰ ਵੀ ਕੈਨੇਡਾ ਦੀ ਜਸਟਿਸ ਫਾਊਂਡੇਸ਼ਨ ਰਾਹੀਂ ਖ਼ਾਲਿਸਤਾਨ ਦੇ ਸੰਘਰਸ਼ ਨਾਲ ਜੋੜਨ ਦੀ ਚਾਲ ਚੱਲੀ ਹੈ।
ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਦੀਪ ਸਿੱਧੂ ਤੋਂ ਬਾਅਦ ਲੱਖਾ ਸਿਧਾਣਾ ਨੂੰ ਸਰਕਾਰ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ, ਜਦ ਕਿ ਉਸ ਨੇ ਕੋਈ ਹਿੰਸਾ ਨਹੀਂ ਕੀਤੀ ਪਰ ਸਰਕਾਰ ਉਸ ਨੂੰ ਝੂਠੇ ਕੇਸ 'ਚ ਫਸਾਉਣਾ ਚਾਹੁੰਦੀ ਹੈ ਤਾਂ ਜੋ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ।
ਅੱਜ ਦੀ ਰੈਲੀ ਦੇ ਪ੍ਰਬੰਧਕ ਭਾਈ ਭੁਪਿੰਦਰ ਸਿੰਘ (ਛੇ ਜੂਨ) ਸਨ ਜਿਨ੍ਹਾਂ ਨੇ ਸਰਕਾਰ ਦੇ ਜਬਰ ਵਿਰੁੱਧ ਅਤੇ ਗ੍ਰਿਫ਼ਤਾਰ ਨੌਜਵਾਨਾਂ ਦੇ ਹੱਕ ਵਿੱਚ ਖੜ੍ਹਨ ਲਈ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ (ਛੇ ਜੂਨ), ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਬਲਬੀਰ ਸਿੰਘ ਮੁੱਛਲ, ਮਨਿੰਦਰ ਕੌਰ ਨੰਗਲੀ, ਹਰਪ੍ਰੀਤ ਸਿੰਘ ਨੀਟੂ, ਤੇਜਿੰਦਰ ਸਿੰਘ ਪਰਦੇਸੀ, ਪਰਮਜੀਤ ਸਿੰਘ ਅਕਾਲੀ, ਜਸਵਿੰਦਰ ਸਿੰਘ ਬਹੋੜੂ, ਪਾਰਸ ਸਿੰਘ, ਗਗਨਦੀਪ ਸਿੰਘ ਸੁਲਤਾਨਵਿੰਡ, ਰਾਜੇਸ਼ ਸਿੰਘ ਬੱਗਾ, ਹਰਪ੍ਰੀਤ ਸਿੰਘ ਬੰਟੀ, ਗੁਰਲਾਲ ਸਿੰਘ, ਜਗਜੀਤ ਸਿੰਘ ਰਿਆੜ, ਮਨਦੀਪ ਸਿੰਘ ਆਦਿ ਹਾਜ਼ਰ ਸਨ।