ਬਰਨਾਲਾ, 6 ਜਨਵਰੀ 2021 - ਜ਼ਿਲਾ ਬਰਨਾਲਾ ਦੇ ਪਿੰਡ ਢਿੱਲਵਾਂ ਦੇ ਕਿਸਾਨ ਦੀ ਦਿੱਲੀ ਮੋਰਚੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ 50 ਸਾਲਾ ਕਿਸਾਨ ਨਾਜਰ ਸਿੰਘ 22 ਦਿਨਾਂ ਤੋਂ ਦਿੱਲੀ ਬਾਰਡਰ ’ਤੇ ਕਿਸਾਨੀ ਘੋਲ ’ਚ ਸ਼ਾਮਲ ਸੀ ਅਤੇ ਸਿਹਤ ਵਿਗੜਨ ਕਾਰਨ ਵਾਪਸ ਪਿੰਡ ਪਰਤ ਰਿਹਾ ਸੀ, ਪਰ ਰਸਤੇ ਵਿੱਚ ਉਸਦੀ ਮੌਤ ਹੋ ਗਈ।
ਮ੍ਰਿਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਸਰਗਰਮ ਮੈਂਬਰ ਸੀ। ਜੋ ਕਿ ਖੇਤੀ ਕਰਦਾ ਸੀ. ਪਿੰਡ ਵਾਸੀਆਂ ਅਨੁਸਾਰ ਮ੍ਰਿਤਕ ਦੇ ਸਿਰ ‘ਤੇ ਕਰੀਬ 10 ਲੱਖ ਦਾ ਕਰਜ਼ਾ ਹੈ। ਉਹ ਆਪਣੇ ਪਿੱਛੇ ਪਤਨੀ, ਇਕ ਲੜਕਾ ਅਤੇ ਇਕ ਲੜਕੀ ਛੱਡ ਗਿਆ ਹੈ.
ਕਿਸਾਨ ਯੂਨੀਅਨ ਨੇ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ ਰਾਸ਼ੀ, ਪਰਿਵਾਰ ਦਾ ਪੂਰਾ ਕਰਜ਼ਾ ਮੁਆਫ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਮੰਗਾਂ ਪੂਰੀਆਂ ਹੋਣ ਤੱਕ ਮ੍ਰਿਤਕ ਦਾ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਫਿਲਹਾਲ ਬਰਨਾਲਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ।