ਚੰਡੀਗੜ, 19 ਅਕਤੂਬਰ, 2016 : ਆਪਣੀ ਮੁਹਿੰਮ ਦੇ ਇੱਕ ਹੋਰ ਗੇੜ ਦੀ ਸ਼ੁਰੂਆਤ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਤਰਨ ਤਾਰਨ ਜ਼ਿਲੇ ’ਚ ਝਬਾਲ ਅਤੇ ਪਿੰਡ ਚੌਹਾਨ ਵਿਖੇ ਪ੍ਰਭਾਵਸ਼ਾਲੀ ਰੈਲੀਆਂ ਕੀਤੀਆਂ ਹਨ। ਵਿਸ਼ਾਲ ਇਕੱਠ ਨਾਲ ਗੱਲਬਾਤ ਦੌਰਾਨ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੇ ਹਨ ਅਤੇ ਸੂਬੇ ਨੂੰ ਰੱਬ ਸਹਾਰੇ ਛੱਡ ਦਿੱਤਾ ਹੈ। ਸੱਤਾਧਾਰੀ ਗੱਠਜੋੜ ਆਗੂਆਂ ਦੀ ਸਰਪ੍ਰਸਤੀ ਹੇਠ ਭੂ, ਰੇਤਾ, ਨਸ਼ਿਆਂ, ਸ਼ਰਾਬ ਸਮੇਤ ਹਰੇਕ ਖੇਤਰ ਵਿੱਚ ਮਾਫ਼ੀਆ ਸਰਗਰਮ ਹੋ ਚੁੱਕਾ ਹੈ ਪੁਲਿਸ ਕੇਵਲ ਆਪਣੇ ਸਿਆਸੀ ਪ੍ਰਭੂਆਂ ਦੇ ਇਸ਼ਾਰਿਆਂ ’ਤੇ ਹੀ ਕੰਮ ਕਰ ਰਹੀ ਹੈ। ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਅਨਸਰ; ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਸਰਪ੍ਰਸਤੀ ਹੇਠ ਪ੍ਰਫ਼ੁੱਲਤ ਹੋ ਰਹੇ ਹਨ ਅਤੇ ਉਨਾਂ ਨੇ ਕੇਵਲ ਆਪਣੇ ਆਰਥਿਕ ਲਾਹਿਆਂ ਲਈ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਨਾਲ ਬਰਬਾਦ ਕਰ ਕੇ ਰੱਖ ਦਿੱਤਾ ਹੈ। ਪਹਿਲਾਂ, ਪੰਜਾਬ ਸਖ਼ਤ ਮਿਹਨਤੀ ਕਿਸਾਨਾਂ ਕਰ ਕੇ ਜਾਣਿਆ ਜਾਂਦਾ ਸੀ, ਜਿਹੜੇ ਅਨਾਜ ਦੇ ਰਾਸ਼ਟਰੀ ਭੰਡਾਰ ਵਿੱਚ ਆਪਣਾ ਵੱਡਾ ਹਿੱਸਾ ਪਾਉਦੇ ਸਨ ਪਰ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀਆਂ ਕਿਸਾਨ-ਵਿਰੋਧੀ ਅਤੇ ਪੂੰਜੀਪਤੀ-ਪੱਖੀ ਨੀਤੀਆਂ ਨੇ ਕਿਸਾਨਾਂ ਨੂੰ ਕਰਜ਼ਦਾਰ ਬਣਾ ਕੇ ਰੱਖ ਦਿੱਤਾ ਹੈ; ਜਿਸ ਕਰ ਕੇ ਉਹ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ ਕਿਉਕਿ ਆਮਦਨ ਦਾ ਕੋਈ ਪੱਕਾ ਸਾਧਨ ਹੀ ਉਨਾਂ ਲਈ ਮੌਜੂਦ ਨਹੀਂ ਹੈ। ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਨੇ ਆਉਣ ਵਾਲੀਆਂ ਚੋਣਾਂ ਨੂੰ ‘ਖ਼ਾਸ’ ਅਤੇ ‘ਆਮ’ ਵਿਚਾਲੇ ਈਮਾਨਦਾਰੀ ਦੀ ਜੰਗ ਕਰਾਰ ਦਿੰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਸਿਆਸਤ ਨੂੰ ਕੇਵਲ ਆਪਣੇ ਨਿਜੀ ਕਾਰੋਬਾਰ ਵਧਾਉਣ ਲਈ ਵਰਤਿਆ ਅਤੇ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਿਆਸੀ ਨਕਸ਼ੇ ਉੱਤੇ ਉੱਭਰਨ ਨਾਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਅੰਦਰਖਾਤੇ ਇੱਕ ਅਜਿਹਾ ਸਮਝੌਤਾ ਕਰਨ ਲਈ ਮਜਬੂਰ ਹੋ ਗਏ ਕਿ ਤਾਂ ਜੋ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਿਆ ਜਾ ਸਕੇ ਅਤੇ ਉਨਾਂ ਦੇ ਸਾਰੇ ਗ਼ੈਰ-ਕਾਨੂੰਨੀ ਕੰਮ ਆਮ ਲੋਕਾਂ ਤੋਂ ਲੁਕੇ-ਛਿਪੇ ਹੀ ਬਣੇ ਰਹਿਣ। ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਗੁੰਡਿਆਂ ਨੇ ਸਮੁੱਚੇ ਪੰਜਾਬ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਾ ਕੇ ਰੱਖਿਆ ਹੋਇਆ ਹੈ, ਜਿਸ ਕਰ ਕੇ ਹਰੇਕ ਕਾਰੋਬਾਰ ਅਤੇ ਿਗ ਦੇ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪੰਜਾਬ ਦਾ ਹਰੇਕ ਵਿਅਕਤੀ ਇਸ ਵੇਲੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਿਹਾ ਹੈ, ਜਦੋਂ ਉਹ ‘ਆਮ ਆਦਮੀ ਪਾਰਟੀ’ ਦੀ ਸਰਕਾਰ ਬਣਾਏਗਾ ਅਤੇ ਇਨਾਂ ਭਿ੍ਰਸ਼ਟ, ਭਾਵਨਾਹੀਣ ਤੇ ਸੁਆਰਥੀ ਆਗੁਆਂ ਨੂੰ ਸ਼ੀਸ਼ਾ ਵਿਖਾਏਗਾ। ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਤਾਰ ਸਿੰਘ, ਯੁਵਾ ਆਗੂ ਮਨਜਿੰਦਰ ਸਿੰਘ ਸਿੱਧੂ, ਸੁਖਬੀਰ ਸਿੰਘ ਵਲਟੋਹਾ, ਰਣਜੀਤ ਸਿੰਘ ਚੀਮਾ, ਹਰਜੀਤ ਸਿੰਘ ਸੰਧੂ ਅਤੇ ਹੋਰ ਵਲੰਟੀਅਰ ਵੀ ਇਸ ਮੌਕੇ ਮੌਜੂਦ ਸਨ।