ਚੰਡੀਗੜ੍ਹ, 28 ਅਕਤੂਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮਨੋਹਰ ਪਾਰਿਕਰ ਵਰਗਾ ਇਕ ਬੇਵਕੂਫ ਤੇ ਖਾਲ੍ਹੀ ਦਿਮਾਗੀ ਵਾਲਾ ਵਿਅਕਤੀ ਭਾਰਤ ਦੇ ਰੱਖਿਆ ਮੰਤਰਾਲੇ ਵਰਗੇ ਅਹਿਮ ਵਿਭਾਗ ਦੇ ਲਾਇਕ ਨਹੀਂ ਹਨ, ਜਿਨ੍ਹਾਂ ਨੂੰ ਤੁਰੰਤ ਗੈਰ ਰਸਮੀ ਤਰੀਕੇ ਨਾਲ ਹਟਾ ਦਿੱਤਾ ਜਾਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਰੱਖਿਆ ਮੰਤਰਾਲੇ ਦੀ ਵਿਵਾਦਪੂਰਨ ਫੌਜ਼ ਦੀ ਰੈਂਕ ਪ੍ਰਣਾਲੀ 'ਤੇ ਪ੍ਰਤੀਕ੍ਰਿਆ ਜਾਹਿਰ ਕਰ ਰਹੇ ਸਨ, ਜਿਸਨੇ ਰੱਖਿਆ ਫੋਰਸਾਂ ਵਿਚਾਲੇ ਵੱਡੇ ਪੱਧਰ 'ਤੇ ਨਰਾਜ਼ਗੀ ਪੈਦਾ ਕਰ ਦਿੱਤੀ ਹੈ ਅਤੇ ਇਸ ਨਾਲ ਰੱਖਿਆ ਤੇ ਸਿਵਲ ਵਿਚਾਲੇ ਅਸਮਾਨਤਾ ਪੈਦਾ ਹੋ ਗਈ ਹੈ।
ਇਸ ਲੜੀ ਹੇਠ, ਇਕ ਪ੍ਰੈਸ ਬਿਆਨ ਰਾਹੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਮੰਤਰਾਲੇ ਦਾ ਆਪਣੇ ਆਦੇਸ਼ਾਂ ਉਪਰ ਬਣੇ ਰਹਿਣ ਦਾ ਫੈਸਲਾ ਦੇਸ਼ ਦੀਆਂ ਰੱਖਿਆ ਫੋਰਸਾਂ ਵਾਸਤੇ ਇਕ ਵੱਡੇ ਝਟਕੇ ਵਜੋਂ ਬਣ ਕੇ ਸਾਹਮਣੇ ਆਇਆ ਹੈ, ਜਿਹੜੀਆਂ ਪਾਰਿਕਰ ਵੱਲੋਂ ਮੰਗਲਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਅਸਹਿਮਤੀ ਇਕ ਹਫਤੇ ਅੰਦਰ ਦੂਰ ਕਰਨ ਦੇ ਵਾਅਦੇ ਤੋਂ ਬਾਅਦ ਉਕਤ ਨੋਟੀਫਿਕੇਸ਼ਨ ਨੂੰ ਵਾਪਿਸ ਲੈਣ ਦੀਆਂ ਉਮੀਦਾਂ ਲਗਾਈ ਬੈਠੀਆਂ ਸਨ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਰੱਖਿਆ ਮੰਤਰਾਲੇ ਵੱਲੋਂ ਪਾਰਿਕਰ ਦੀ ਅਗਵਾਈ ਹੇਠ ਲਏ ਗਏ ਅੰਤਿਮ ਫੈਸਲੇ ਨੇ ਇਕ ਵਾਰ ਫਿਰ ਤੋਂ ਧੋਖੇਬਾਜ ਰੱਖਿਆ ਮੰਤਰੀ ਦੀ ਘਪਲੇਬਾਜੀ ਦਾ ਭਾਂਡਾਫੋੜ ਕਰ ਦਿੱਤਾ ਹੈ, ਜਿਸਨੂੰ ਤੁਰੰਤ ਇਸ ਅਹਿਮ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਹੁਤ ਹੋ ਗਿਆ, ਉਹ ਰੱਖਿਆ ਫੋਰਸਾਂ ਨਾਲ ਖੇਡਾਂ ਖੇਡ ਰਹੇ ਹਨ ਅਤੇ ਰੱਖਿਆ ਫੋਰਸਾਂ ਦੇ ਮਨੋਬਲ ਨੂੰ ਡੇਗਣ ਲਈ ਉਨ੍ਹਾਂ ਨੇ ਸੱਭ ਕੁਝ ਕੀਤਾ ਹੈ, ਉਨ੍ਹਾਂ ਨੇ ਇਹ ਨਹੀਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਸ ਕਾਰਨ ਦੇਸ਼ ਦੀ ਸੁਰੱਖਿਆ ਤੇ ਏਕਤਾ ਉਪਰ ਅਸਰ ਪੈ ਸਕਦਾ ਹੈ।
ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੱਥਾਂ 'ਚੋਂ ਨਿਕਲਣ ਤੋਂ ਪਹਿਲਾਂ ਹਾਲਾਤਾਂ ਉਪਰ ਕਾਬੂ ਪਾਉਣ ਲਈ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ। ਜਿਨ੍ਹਾਂ ਨੇ ਕਿਹਾ ਕਿ ਜੇ ਪਾਰਿਕਰ ਇੰਨੇ ਹੀ ਬਦਦਿਮਾਗ ਹਨ ਕਿ ਉਹ ਇਹ ਨਹੀਂ ਦੇਖ ਪਾ ਰਹੇ ਕਿ ਰੱਖਿਆ ਫੋਰਸਾਂ ਨਾਲ ਉਹ ਕੀ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਰੱਖਿਆ ਮੰਤਰੀ ਨਹੀਂ ਬਣੇ ਰਹਿਣ ਦਿੱਤਾ ਜਾ ਸਕਦਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਮੋਦੀ ਨੂੰ ਕਿਹਾ ਕਿ ਤੁਸੀਂ ਯਾਦ ਰੱਖੋ, ਦੇਸ਼ ਦੀ ਸੁਰੱਖਿਆ ਦਾਅ 'ਤੇ ਹੈ। ਜਿਸ ਤਰੀਕੇ ਨਾਲ ਪਾਰਿਕਰ ਰੱਖਿਆ ਫੋਰਸਾਂ ਨਾਲ ਵਤੀਰਾ ਅਪਣਾ ਰਹੇ ਹਨ, ਉਨ੍ਹਾਂ ਨੇ ਸ਼ਰਮਨਾਕੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਹਾਲੇ ਸਮੇਂ ਦੌਰਾਨ ਪਾਕਿਸਤਾਨ ਵਿਰੁੱਧ ਸਰਹੱਦ ਉਪਰ ਤਨਾਅ ਦਾ ਮੁਕਾਬਲਾ ਕਰਨ ਅਤੇ ਗੁਆਂਢੀ ਦੇਸ਼ ਖਿਲਾਫ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਰੱਖਿਆ ਫੋਰਸਾਂ ਦੀ ਸ਼ਲਾਘਾ ਕਰਦੀ ਹੈ, ਪਰ ਦੂਜੇ ਹੱਥ ਰੱਖਿਆ ਮੰਤਰਾਲਾ ਜਾਣਬੁਝ ਕੇ ਲਗਾਤਾਰ ਫੌਜ਼ ਦਾ ਮਨੋਬਲ ਡੇਗੀ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਕ ਅਸੈਨਿਕ ਪ੍ਰਿੰਸੀਪਲ ਡਾਇਰੈਕਟਰ ਨੂੰ ਮੇਜਰ ਜਨਰਲ (ਪਹਿਲਾਂ ਬ੍ਰਿਗੇਡਿਅਰ ਦੀ ਜਗ੍ਹਾ) ਦੇ ਬਰਾਬਰ ਦਰਜ਼ਾ ਦੇਣਾ, ਡਾਇਰੈਕਟਰ ਰੈਂਕ ਦੇ ਅਫਸਰ ਨੂੰ ਬ੍ਰਿਗੇਡਿਅਰ ਅਤੇ ਜੁਆਇੰਟ ਡਾਇਰੈਕਟਰ ਨੂੰ ਇਕ ਕਰਨਲ ਦੇ ਬਰਾਬਰ ਜਗ੍ਹਾ ਦੇਣਾ ਫੌਜ਼ ਦੇ ਅਫਸਰਾਂ ਦਾ ਦਰਜ਼ਾ ਸਿਵਲ ਅਫਸਰਾਂ ਨਾਲੋਂ ਘਟਾਉਣ ਦੇ ਸਮਾਨ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਅਫਰਸ਼ਾਹੀ ਨੂੰ ਫਾਇਦੇ ਦੇਣਾ ਚਾਹੁੰਦੀ ਸੀ, ਤਾਂ ਉਹ ਰੱਖਿਆ ਫੋਰਸਾਂ ਦਾ ਮਨੋਬਲ ਡੇਗਣ ਦੀ ਬਜਾਏ ਕੋਈ ਦੂਜਾ ਰਸਤਾ ਅਪਣਾ ਸਕਦੀ ਸੀ।
ਇਸ ਦੌਰਾਨ ਉਕਤ ਕਦਮ ਦੇ ਬਚਾਅ ਹਿੱਤ ਰੱਖਿਆ ਮੰਤਰਾਲੇ ਦੇ ਬੇਤੁੱਕੇ ਤਰਕ ਨੂੰ ਖਾਰਿਜ਼ ਕੀਤਾ ਹੈ ਕਿ ਇਹ ਸਿਰਫ ਡਿਊਟੀਆਂ ਅਤੇ ਕੰਮਕਾਜੀ ਜ਼ਿੰਮੇਵਾਰੀਆਂ ਤੈਅ ਕਰਨ ਦਾ ਮਾਮਲਾ ਹੈ। ਬਲਕਿ ਰੱਖਿਆ ਫੋਰਸਾਂ ਸਮੇਤ ਕਿਸੇ ਵੀ ਸੰਗਠਨ ਜਾਂ ਵਿਭਾਗ 'ਚ ਕੰਮਕਾਜੀ ਜ਼ਿੰਮੇਵਾਰੀਆਂ ਰੈਂਕਿੰਗ ਸਿਸਟਮ ਦਾ ਹਿੱਸਾ ਹੈ ਅਤੇ ਦੋਨਾਂ ਵਿਚਾਲੇ ਅੰਤਰ ਕਰਨ ਦੀ ਕੋਸ਼ਿਸ਼ ਕਰਕੇ ਪਾਰਿਕਰ ਨੇ ਇਕ ਵਾਰ ਫਿਰ ਤੋਂ ਫੌਜ਼ ਦੀ ਕਾਰਜਪ੍ਰਣਾਲੀ ਪ੍ਰਤੀ ਉਨ੍ਹਾਂ 'ਚ ਜਾਣਕਾਰੀ ਦੀ ਘਾਟ ਦਾ ਖੁਲਾਸਾ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਪਾਰਿਕਰ ਖਿਲਾਫ ਤੁਰੰਤ ਕਾਰਵਾਈ ਕਰਨ 'ਚ ਨਾਕਾਮ ਰਹੇ, ਤਾਂ ਉਨ੍ਹਾਂ ਨੂੰ ਇਸਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਜੇ ਨਵੀਂ ਰੈਂਕਿੰਗ ਵਿਵਸਥਾ 'ਤੇ ਰੱਖਿਆ ਫੋਰਸਾਂ ਦੀ ਮੌਜ਼ੂਦਾ ਨਰਾਜ਼ਗੀ ਕੰਟਰੋਲ ਤੋਂ ਬਾਹਰ ਹੋ ਗਈ, ਤਾਂ ਮੋਦੀ ਵੀ ਉਸਨੂੰ ਕਾਬੂ ਨਹੀਂ ਕਰ ਪਾਉਣਗੇ।