ਚੰਡੀਗੜ੍ਹ, 31 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਅਤੇ ਪੰਜਾਬ ਨੂੰ ਵਿੱਤੀ ਮੰਦਹਾਲੀ ਦੇ ਕੰਢੇ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਇਸ ਲੜੀ ਹੇਠ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਪੈਨਸ਼ਨਾਂ ਦੀ ਅਦਾਇਗੀ ਨਾ ਹੋਣ, ਨੌਜ਼ਵਾਨਾਂ ਨੂੰ ਰੋਜ਼ਗਾਰ ਦੇਣ 'ਚ ਸਰਕਾਰ ਦਾ ਫੇਲ੍ਹ ਹੋਣਾ, ਕਿਸਾਨਾਂ ਸਿਰ ਵੱਧ ਰਿਹਾ ਕਰਜ਼ਾ, ਉਦਯੋਗਾਂ ਦਾ ਬੰਦ ਹੋਣਾ ਤੇ ਸੂਬੇ ਦੀਆਂ ਕਈ ਮਹੱਤਵਪੂਰਨ ਜਾਇਦਾਦਾਂ ਬੈਂਕਾਂ ਕੋਲ ਗਹਿਣੇ ਪੈਣਾ ਆਦਿ ਦਾ ਜ਼ਿਕਰ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਪੱਖਪਾਤੀ ਨੀਤੀਆਂ ਕਾਰਨ ਸੂਬਾ ਦੀਵਾਲੀਏਪਣ ਦੀ ਕਗਾਰ 'ਤੇ ਪਹੁੰਚ ਚੁੱਕਾ ਹੈ।
ਜਦਕਿ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦੇ ਦਾਅਵਿਆਂ ਕਿ ਕੇਂਦਰ ਦੀ ਪਿਛਲੀ ਯੂ.ਪੀ.ਏ ਸਰਕਾਰ ਦੇ ਮਤਰੇਈ ਮਾਂ ਵਾਲੇ ਸਲੂਕ ਦੇ ਬਾਵਜੂਦ ਸੂਬੇ ਨੇ ਤਰੱਕੀ ਕੀਤੀ ਹੈ, ਨੂੰ ਸਿਰੇ ਤੋਂ ਖਾਰਿਜ਼ ਕਰਦਿਆਂ ਪੰਜਾਬ ਕਾਂਗਰਸ ਨੇ ਕਿਹਾ ਕਿ ਯੂ.ਪੀ.ਏ ਸ਼ਾਸਨਕਾਲ ਦੌਰਾਨ ਪੰਜਾਬ ਨੇ ਸ਼ਾਨਦਾਰ ਤਰੱਕੀ ਤੇ ਵਿਕਾਸ ਕੀਤਾ ਹੈ। ਇਥੋਂ ਤੱਕ ਕਿ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਵੀ ਕੁਝ ਸਮੇਂ ਪਹਿਲਾਂ ਸਵੀਕਾਰ ਕਰ ਚੁੱਕੇ ਹਨ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਬਹੁਤ ਸਾਰੇ ਫੰਡ ਦਿੱਤੇ ਹਨ ਅਤੇ ਕਈ ਮੌਕਿਆਂ 'ਤੇ ਪੰਜਾਬ ਦੇ ਕਰਜ਼ੇ ਵੀ ਮੁਆਫ ਕੀਤੇ ਗਏ ਹਨ।
ਜੇਤਲੀ ਨੇ ਸਤੰਬਰ 2014 ਨੂੰ ਪੰਜਾਬ ਨੂੰ ਲਿੱਖੀ ਆਪਣੀ ਚਿੱਠੀ 'ਚ ਕਿਹਾ ਸੀ ਕਿ 2013-14 ਦੌਰਾਨ 4431.47 ਕਰੋੜ ਰੁਪਏ ਦੇ ਕੇਂਦਰ ਟੈਕਸ ਸੂਬੇ ਨੂੰ ਦੇ ਦਿੱਤੇ ਗਏ ਸੀ, ਇਸ ਤੋਂ ਇਲਾਵਾ, ਮਾਰਚ 2014 'ਚ 887 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਵੀ ਮਨਜ਼ੂਰ ਕੀਤੀ ਗਈ ਸੀ। ਸਾਲ 2005-06 ਤੋਂ 2007-08 ਤੱਕ 370.70 ਕਰੋੜ ਰੁਪਏ ਦੇ ਕੇਂਦਰੀ ਲੋਨ ਮੁਆਫ ਕੀਤੇ ਗਏ ਸਨ, ਜਦਕਿ ਕੇਂਦਰ ਸਪਾਂਸਰਡ ਸਕੀਮਾਂ ਦੇ ਬਕਾਇਆ 35.69 ਕਰੋੜ ਰੁਪਏ 31 ਜਨਵਰੀ, 2010 ਨੂੰ ਮੁਆਫ ਕਰ ਦਿੱਤੇ ਗਏ ਸਨ। ਇਸੇ ਤਰ੍ਹਾਂ, ਪਾਣੀ ਭਰਨ ਦੀ ਸਮੱਸਿਆ ਦਾ ਨਿਪਟਾਰਾ ਕਰਨ ਲਈ 100 ਕਰੋੜ ਰੁਪਏ ਪਹਿਲਾਂ ਹੀ ਜ਼ਾਰੀ ਕੀਤੇ ਜਾ ਚੁੱਕੇ ਹਨ। ਇਹ ਚਿੱਠੀ ਸੂਬਾ ਸਰਕਾਰ ਵੱਲੋਂ ਕੇਂਦਰ ਨੂੰ ਫੰਡ ਜ਼ਾਰੀ ਕਰਨ ਲਈ ਭੇਜੀ ਅਪੀਲ ਤੋਂ ਬਾਅਦ ਜ਼ਾਰੀ ਕੀਤੀ ਗਈ ਸੀ।
ਪੰਜਾਬ ਕਾਂਗਰਸ ਦੇ ਆਗੂਆਂ ਕੇਵਲ ਸਿੰਘ ਢਿਲੋਂ, ਓ.ਪੀ ਸੋਨੀ ਤੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜੇਤਲੀ ਵੱਲੋਂ ਸੂਬੇ ਨੂੰ ਖਰਚਿਆਂ 'ਚ ਸਾਵਧਾਨੀ ਵਰਤਣ ਅਤੇ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਦੂਜੇ ਰਸਤੇ ਅਪਣਾਉਣ ਸਬੰਧੀ ਸਲਾਹ ਦਿੱਤੇ ਜਾਣ ਦੇ ਬਾਵਜੂਦ ਬਾਦਲ ਸਰਕਾਰ ਸੂਬੇ ਦੇ ਖਜ਼ਾਨੇ ਨੂੰ ਬਰਬਾਦ ਕਰਦੀ ਰਹੀ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਖੁਲਾਸਾ ਕੀਤਾ ਕਿ ਅਸਲਿਅਤ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਹਾਊਸ 'ਚ ਮੰਨਿਆ ਸੀ ਕਿ ਉਨ੍ਹਾਂ ਨੂੰ ਯੂ.ਪੀ.ਏ ਸਰਕਾਰ ਤੋਂ ਪੂਰਾ ਸਮਰਥਨ ਮਿੱਲ ਰਿਹਾ ਹੈ। ਮਜੀਠੀਆ ਚਾਹੇ ਭੁੱਲਣ ਦੀ ਬਿਮਾਰੀ ਨਾਲ ਪੀੜਤ ਹੋਣ, ਲੇਕਿਨ ਬਾਕੀ ਦੇ ਵਿਧਾਇਕਾਂ ਨੂੰ ਯਾਦ ਹੋਵੇਗਾ ਕਿ ਇਥੋਂ ਤੱਕ ਕਿ ਬਾਦਲ ਨੇ ਕਾਂਗਰਸ ਵੱਲੋਂ ਉਨ੍ਹਾਂ ਨੂੰ ਦਿੱਲੀ ਜਾਣ ਤੇ ਕੇਂਦਰ ਸਰਕਾਰ ਤੋਂ ਸਹਾਇਤਾ ਹਾਸਿਲ ਕਰਨ ਦੇ ਆਫਰ ਨੂੰ ਇਹ ਕਹਿ ਕੇ ਨਕਾਰ ਦਿੱਤਾ ਸੀ ਕਿ ਯੂ.ਪੀ.ਏ ਪਹਿਲਾਂ ਹੀ ਬਹੁਤ ਕੁਝ ਕਰ ਰਹੀ ਹੈ।
ਇਥੇ ਜ਼ਾਰੀ ਬਿਆਨ 'ਚ ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਬਾਦਲ ਸਰਕਾਰ ਦਾ ਸਮਰਥਨ ਪ੍ਰਾਪਤ ਮੋਦੀ ਸਰਕਾਰ ਪੰਜਾਬ ਤੇ ਉਸਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ 'ਚ ਨਾਕਾਮ ਰਹੀ ਹੈ। ਇਸ ਦੌਰਾਨ ਮੋਦੀ ਸਰਕਾਰ ਦੇ ਪੰਜਾਬ ਪ੍ਰਤੀ ਮਤਰੇਈ ਮਾਂ ਵਾਲੇ ਸਲੂਕ ਦਾ ਇਸੇ ਤੋਂ ਖੁਲਾਸਾ ਹੁੰਦਾ ਹੈ, ਜਦੋਂ ਹਾਲੇ 'ਚ ਅਕਤੂਬਰ, 2016 ਦੌਰਾਨ ਲੁਧਿਆਣਾ ਫੇਰੀ 'ਤੇ ਪਹੁੰਚੇ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਬਾਦਲ ਦੀਆਂ ਕਿਸਾਨੀ ਤੇ ਉਦਯੋਗਿਕ ਸੈਕਟਰ 'ਚ ਸੁਧਾਰ ਲਈ ਮਦੱਦ ਕਰਨ ਦੀ ਅਪੀਲ ਉਪਰ ਧਿਆਨ ਹੀ ਨਹੀਂ ਦਿੱਤਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਰਿਸ਼ਤਿਆਂ ਦੀ ਗਿਰਾਟ ਸੂਬੇ ਲਈ ਮਹਿੰਗੀ ਸਾਬਤ ਹੋ ਰਹੀ ਹੈ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਮਜੀਠੀਆ ਨੂੰ ਪੰਜਾਬ 'ਚ ਵਿਕਾਸ ਬਾਰੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਕਿਹਾ ਹੈ। ਜਦਕਿ ਮੌਜ਼ੂਦਾ ਅੰਕੜੇ ਸਪੱਸ਼ਟ ਇਸ਼ਾਰਾ ਕਰਦੇ ਹਨ ਕਿ ਸੂਬਾ ਹਰ ਮਾਮਲੇ 'ਚ ਮਾੜੇ ਵਿੱਤੀ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ। ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ 2007 'ਚ 7ਵੇਂ ਨੰਬਰ 'ਤੇ ਰਿਹਾ ਪੰਜਾਬ 2015 'ਚ 14ਵੇਂ ਨੰਬਰ 'ਤੇ ਖਿਸਕ ਚੁੱਕਾ ਹੈ, ਇਸ ਦੌਰਾਨ ਇਸਦੀ ਜੇ.ਐਸ.ਡੀ.ਪੀ 10.2 ਪ੍ਰਤੀਸ਼ਤ ਤੋਂ ਹੇਠਾਂ ਖਿਸਕ ਕੇ 5.3 ਪ੍ਰਤੀਸ਼ਤ ਪਹੁੰਚ ਚੁੱਕੀ ਹੈ। ਖੇਤੀਬਾੜੀ ਵਿਕਾਸ 4 ਪ੍ਰਤੀਸ਼ਤ ਤੋਂ ਹੇਠਾਂ ਖਿਸਕ ਕੇ ਸਿਫਰ ਤੋਂ ਵੀ ਘੱਟ ਮਾਈਨਸ 5.3 ਪ੍ਰਤੀਸ਼ਤ ਪਹੁੰਚ ਚੁੱਕਾ ਹੈ, ਜਦਕਿ ਉਦਯੋਗਿਕ ਵਿਕਾਸ ਦਰ 21.5 ਪ੍ਰਤੀਸ਼ਤ ਤੋਂ 2.1 ਪ੍ਰਤੀਸ਼ਤ ਡਿੱਗ ਚੁੱਕੀ ਹੈ।
ਜਿਨ੍ਹਾਂ ਨੇ ਮਜੀਠੀਆ ਨੂੰ ਦੱਸਣ ਲਈ ਕਿਹਾ ਹੈ ਕਿ ਕੀ ਇਹ ਵਿਕਾਸ ਹੈ? ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਬਾਦਲਾਂ ਦੇ ਸ਼ਾਸਨਕਾਲ ਦੌਰਾਨ ਸਿਰਫ ਬਾਦਲਾਂ ਤੇ ਮਜੀਠੀਆ ਵਰਗੇ ਉਨ੍ਹਾਂ ਦੇ ਰਿਸ਼ਤੇਦਾਰ ਦਾ ਵਿਕਾਸ ਹੋਇਆ ਹੈ। ਜਿਹੜੇ ਪੰਜਾਬ ਦੇ ਲੋਕਾਂ ਵੱਲੋਂ ਮਿਹਨਤ ਨਾਲ ਕਮਾਏ ਪੈਸੇ ਨਾਲ ਆਪਣੀਆਂ ਜੇਬ੍ਹਾਂ ਭਰੀ ਜਾ ਰਹੇ ਹਨ ਅਤੇ ਅਗਲੀ ਸਰਕਾਰ ਵਾਸਤੇ ਖਜ਼ਾਨਾ ਪੂਰੀ ਤਰ੍ਹਾਂ ਖਾਲ੍ਹੀ ਛੱਡ ਰਹੇ ਹਨ।