ਅਸ਼ੋਕ ਵਰਮਾ
ਮਾਨਸਾ,18ਫਰਵਰੀ2021:ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਦੌਰਾਨ ਰੇਲਾਂ ਰੋਕਣ ਦੇ ਆਏ ਸੱਦੇ ਤਹਿਤ ਅੱਜ ਮਾਨਸਾ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੰਦਰਲੇ ਫਾਟਕ ਕੋਲ ਰੇਲਵੇ ਲਾਈਨ ਤੇ ਧਰਨਾ ਦੇ ਕੇ 4 ਘੰਟੇ ਰੇਲ ਆਵਾਜਾਈ ਠੱਪ ਕੀਤੀ ਗਈ। ਅੱਜ ਦੇ ਜਾਮ ਵਿੱਚ ਕਿਸਾਨਾਂ ਮਜਦੂਰਾਂ, ਔਰਤਾਂ ਅਤੇ ਨੌਜਵਾਨਾਂ ਦਾ ਹੜ ਆਇਆ ਹੋਇਆ ਸੀ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੋਦੀ ਸਰਕਾਰ ਹੰਕਾਰ ਤੋਂ ਕੰਮ ਲੈ ਰਹੀ ਹੈ। ਉਹਨਾਂ ਕਿਹਾ ਕਿ ਨਵੇਂ ਕਾਨੂੰਨਾਂ ਦੇ ਖਿਲਾਫ ਦੇਸ਼ ਦੇ ਕਿਸਾਨ ਅੰਦੋਲਨ ਕਰ ਰਹੇ ਹਨ ਜਿਹਨਾਂ ਦੀ ਗੱਲ ਅੱਖੋਂ ਪਰੋਖੇ ਕਰ ਕੇ ਪ੍ਰਧਾਨ ਮੰਤਰੀ ਵੱਲੋਂ ਪਾਰਲੀਮੈਂਟ ਵਿੱਚ ਕਿਸਾਨਾਂ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ ਜਿਸ ਨਾਲ ਸਰਕਾਰ ਦੀ ਹੰਕਾਰ ਭਰੀ ਨੀਤੀ ਸਾਬਿਤ ਹੁੰਦੀ ਹੈ।
ਉਹਨਾਂ ਕਿਹਾ ਕਿ ਚੱਲ ਰਹੇ ਅੰਦੋਲਨ ਨੂੰ 9 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਜੋ ਉਦੋਂ ਤੱਕ ਜਾਰੀ ਰਹੇਗਾ ਜਿੰਨਾ ਚਿਰ ਸਰਕਾਰ ਆਪਣੇ ਫੈਸਲੇ ਨਹੀਂ ਬਦਲਦੀ। ਉਹਨਾਂ ਕਿਹਾ ਕਿ ਦਿੱਲੀ ਮੋਰਚੇ ਦੇ ਨਾਲ-ਨਾਲ ਪੰਜਾਬ ਵਿੱਚ ਲੋਕਾਂ ਨੂੰ ਸੰਘਰਸ਼ ਲਈ ਹੋਰ ਤਕੜਾਈ ਨਾਲ ਲਾਮਬੰਦ ਕਰਨ ਲਈ 21 ਫਰਵਰੀ ਨੂੰ ਬਰਨਾਲਾ ਵਿੱਚ ਵੱਡੀ ਕਿਸਾਨ-ਮਜਦੂਰ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਪਰਿਵਾਰਾਂ ਸਮੇਤ ਪੁੱਜਣ ਦਾ ਸੱਦਾ ਦਿੱਤਾ। ਜਿਲਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਨਵੇਂ ਕਾਨੂੰਨਾਂ ਤਹਿਤ ਸਰਕਾਰੀ ਖਰੀਦ ਹੌਲੀ ਹੌਲੀ ਖਤਮ ਹੋ ਜਾਵੇਗੀ ਅਤੇ ਸਰਕਾਰੀ ਮੰਡੀ ਸਿਸਟਮ ਟੁੱਟ ਜਾਣਾ ਹੈ ।
ਉਹਨਾਂ ਕਿਹਾ ਕਿ ਇਸ ਤੋਂ ਬਾਅਦ ਪ੍ਰਾਈਵੇਟ ਵੱਡੀਆਂ ਕੰਪਨੀਆਂ ਮਨਮਰਜੀ ਦੇ ਰੇਟ ਤੇ ਕਿਸਾਨਾਂ ਦੀਆਂ ਫਸਲਾਂ ਲੁੱਟਣਗੀਆਂ, ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋਣਗੇ, ਖੇਤੀ ਦੇ ਸਾਰੇ ਕਾਰੋਬਾਰ ਤੇ ਕੰਪਨੀਆਂ ਕਾਬਜ ਹੋਣਗੀਆਂ ਅਤੇ ਵੱਡੇ ਖੇਤੀ ਫਾਰਮ ਬਣਾਏ ਜਾਣਗੇ। ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਸੁਖਪਾਲ ਸਿੰਘ ਗੋਰਖਨਾਥ, ਮੇਜਰ ਸਿੰਘ ਗੋਬਿੰਦਪੁਰਾ, ਸਾਧੂ ਸਿੰਘ ਅਲੀਸ਼ੇਰ, ਮਲਕੀਤ ਸਿੰਘ ਕੋਟ ਧਰਮੂ, ਜੱਗਾ ਸਿੰਘ ਜਟਾਣਾ, ਜੁਗਰਾਜ ਸਿੰਘ ਮਾਨਸਾ, ਰਾਣੀ ਕੌਰ, ਸਰੋਜ ਰਾਣੀ, ਨਰਿੰਦਰ ਕੌਰ, ਮੇਘ ਰਾਜ ਰੱਲਾ ਨੇ ਸੰਬੋਧਨ ਕੀਤਾ।