ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 17 ਜਨਵਰੀ 2021 - ਅੱਜ ਸਵੇਰੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਰਾਂ ਦੀ ਅਗਵਾਈ ਹੇਠ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ਾਂ ਦਾ ਸਾਥ ਦੇ ਰਹੀਆਂ ਹਨ ਤੇ ਖੇਤੀ ਬਿੱਲਾਂ ਦਾ ਜੋਰਦਾਰ ਵਿਰੋਧ ਕਰ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਪੰਜਾਬ ਭਰ ਵਿੱਚੋਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸਿੰਘੂ ਅਤੇ ਟਿੱਕਰੀ ਬਾਰਡਰ ਲਈ ਰਵਾਨਾ ਹੋਈਆਂ ਹਨ ਤੇ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹੋਰਨਾਂ ਰਾਜਾਂ ਤੋਂ ਵੀ ਵਰਕਰਾਂ ਪੁੱਜ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਜੋਰਦਾਰ ਨਿੰਦਾ ਕਰਦੀਆਂ ਹਨ ਤੇ ਜਦੋਂ ਤੱਕ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਕਿਸਾਨਾਂ ਦਾ ਪੂਰਾ ਸਾਥ ਦੇਣਗੀਆਂ ਤੇ ਹਰ ਸੰਘਰਸ਼ ਵਿੱਚ ਸ਼ਾਮਲ ਹੋਣਗੀਆਂ। ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ, ਚਰਨਜੀਤ ਕੌਰ, ਪਰਮਜੀਤ ਕੌਰ, ਰਾਜਪਾਲ ਕੌਰ ਚੜੇਵਾਨ, ਰਾਜਿੰਦਰ ਕੌਰ ਸਦਰਵਾਲਾ, ਪਰਮਜੀਤ ਕੌਰ ਕੋਟਲੀ ਦੇਵਨ, ਗੁਰਮੇਲ ਕੌਰ ਸੰਗੂਧੌਣ, ਅਜੀਤ ਕੌਰ ਥਾਂਦੇਵਾਲਾ, ਪੁਸ਼ਪਾ ਰਾਣੀ ਥਾਂਦੇਵਾਲਾ, ਮਧੂਬਾਲਾ ਮੁਕਤਸਰ ਤੇ ਗੁਰਮੀਤ ਕੌਰ ਚੜੇਵਾਨ ਆਦਿ ਆਗੂ ਮੌਜੂਦ ਸਨ ।