ਅਸ਼ੋਕ ਵਰਮਾ
ਬਠਿੰਡਾ, 20 ਜਨਵਰੀ 2021 ਬਠਿੰਡਾ ਜਿਲ੍ਹੇ ਦੇ ਪਿੰਡ ਕੋਟਸ਼ਮੀਰ ਦੀ ਨਗਰ ਪੰਚਾਇਤ ਲਈ ਕਰਵਾਈਆਂ ਜਾ ਰਹੀਆਂ ਚੋਣਾਂ ਮੌਕੇ ਵਾਰਡ ਨੰਬਰ ’ਚ ਵਾਰਡ ਵਾਸੀਆਂ ਨੇ ਸਰਬਸੰਮਤੀ ਨਾਲ ਲੋਕ ਹੱਕਾਂ ਲਈ ਸੰਘਰਸ਼ ਕਰਨ ਵਾਲੇ ਆਗੂ ਨੂੰ ਉਮੀਦਵਾਰ ਬਣਾ ਲਿਆ ਹੈ। ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਫਿਰੋਜ਼ਪੁਰ ਡਵੀਜ਼ਨ ਦਾ ਪ੍ਰਧਾਨ ਜਸਕਰਨ ਸਿੰਘ ਇਸ ਪਿੰਡ ਦਾ ਬਾਸ਼ਿੰਦਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਪਿੰਡ ਦੀ ਸਹਿਕਾਰੀ ਸਭਾ ’ਚ ਸੇਵਾਵਾਂ ਨਿਭਾ ਰਿਹਾ ਹੈ। ਉਸ ਵੱਲੋਂ ਸਭਾ ਦੇ ਕੰਮ ਕਾਜ ਦੌਰਾਨ ਨਿਭਾਈਆਂ ਸੇਵਾਵਾਂ ਅਤੇ ਕਿਸਾਨਾਂ ਦੀਆਂ ਜਾਇਜ ਮੰਗਾਂ ਖਾਤਰ ਹਰ ਵਕਤ ਪ੍ਰਸ਼ਾਸ਼ਨ ਨਾਲ ਭਿੜਨ ਲਈ ਤਿਆਰ ਰਹਿਣ ਕਾਰਨ ਵਾਰਡ ਦੇ ਵੋਟਰ ਇੱਕ ਮੋਰੀ ਨਿੱਕਲ ਗਏ ਅਤੇ ਜਸਕਰਨ ਸਿੰਘ ਨੂੰ ਉਮੀਦਵਾਰ ਬਣਾ ਲਿਆ।
ਅੱਜ ਵਾਰਡ ਵਾਸੀਆਂ ਨੇ ਟੀਮ ਬਣਾਕੇ ਵਾਰਡ ’ਚ ਭਲਵਾਨੀ ਗੇੇੜਾ ਲਾਇਆ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਮੌਕੇ ਹਾਜਰ ਸਾਬਕਾ ਸਰਪੰਚ ਰੱਖਾ ਸਿੰਘ ਅਤੇ ਹੋਰ ਆਗੂਆਂ ਨੇ ਸਮੱਚੇ ਵਾਰਡ ਨੂੰ ਅਪੀਲ ਕੀਤੀ ਕਿ ਉਹ ਜਸਕਰਨ ਸਿੰਘ ਦੀ ਦਿਆਨਤਦਾਰੀ,ਕੰਮ ਪ੍ਰਤੀ ਇਮਾਨਦਤਾਰੀ ਅਤੇ ਲੋਕ ਹੱਕਾਂ ਤੇ ਪਹਿਰਾ ਦੇਣ ਦੀ ਫਿਤਰਤ ਨੂੰ ਦੇਖਦਿਆਂ ਉਸ ਨੂੰ ਪਾਰਟੀਬਾਜੀ ਅਤੇ ਸਿਆਸੀ ਵਲਗਣਾਂ ਤੋਂ ਉੱਪਰ ਉੱਠ ਕੇ ਵੋਟਾਂ ਪਾਉਣ। ਉਹਨਾਂ ਆਖਿਆ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਆਪਣੇ ਲਈ ਜਰੂਰੀ ਹੈ ਕਿ ਪਿੰਡ ਵਾਸੀਆਂ ਦੇ ਕੰਮ ਧੰਦਿਆਂ ਨੂੰ ਮੋਹਰੀ ਹੋਕੇ ਕਰਵਾਉਣ ਦੀ ਸਮਰੱਥਾ ਵਾਲੇ ਉਮੀਦਵਾਰ ਨੂੰ ਵੋਟਾਂ ਪਾਈਏ। ਕੁਝ ਵਾਰਡ ਵਾਸੀਆਂ ਨੇ ਦੱਸਿਆ ਕਿ ਉਹ ਜਸਕਰਨ ਸਿੰਘ ਨੂੰ ਨਿਰਵਿਰੋਧ ਜਿਤਾਉਣਾ ਚਾਹੁੰਦੇ ਸਨ ਪਰ ਇੱਕ ਹੋਰ ਉਮੀਦਵਾਰ ਕਾਰਨ ਚੋਣ ਲੜਨੀ ਪਵੇਗੀ।
ਵਾਰਡ ਨੰਬਰ 4 ਦੇ ਵੋਟਰਾਂ ਨੇ ਦੱਸਿਆ ਕਿ ਉਹ ਵੋਟਾਂ ਤੋਂ ਨਹੀਂ ਭੱਜਦੇ ਪਰ ਸਰਬਸੰਮਤੀ ਨਾਲ ਭਾਈਚਾਰਾ ਵਧਦਾ ਹੈ ਅਤੇ ਆਪਸੀ ਗਿਲੇ ਸ਼ਿਕਵੇ ਦੌੂਰ ਹੁੰਦੇ ਹਨ। ਦੱਸਣਯੋਗ ਹੈ ਕਿ ਸਹਿਕਾਰੀ ਸਭਾਵਾਂ ’ਚ ਡਿਊਟੀ ਦੌਰਾਨ ਜਿਲ੍ਹਾ ਬਠਿੰਡਾ ਦਾ ਪ੍ਰਧਾਨ ਹੁੰਦਿਆਂ ਜਸਕਰਨ ਸਿੰਘ ਕੋਟਸ਼ਮੀਰ ਦੀ ਅਗਵਾਈ ਹੇਠ ਕਿਸਾਨੀ ਮੰਗਾਂ ਨੂੰ ਲੈਕੇ ਸਹਿਕਾਰੀ ਸਭਾਵਾਂ ਯੂਨੀਅਨ ਵੱਲੋਂ ਕਈ ਵਾਰ ਧਰਨਿਆਂ ਮੁਜਾਹਰਿਆਂ ਦਾ ਰਾਹ ਫੜਿਆ ਗਿਆ ਸੀ। ਇਹਨਾਂ ਹੱਕਾਂ ਲਈ ਸੰਘਰਸ਼ ਦੌਰਾਨ ਜਸਕਰਨ ਸਿੰਘ ਨੂੰ ਪੁਲਿਸ ਕੇਸਾਂ ਦਾ ਸਾਹਮਣਾ ਕਰਨਾ ਪਿਆ ਜਦੋਂਕਿ ਉਸ ਨੂੰ ਜੇਹਲ ਯਾਤਰਾ ਵੀ ਕਰਨੀ ਪਈ ਅਤੇ ਪੁਲਿਸ ਨਾਲ ਆਹਮਣਾ ਸਾਹਮਣਾਂ ਤਾ ਕਾਫੀ ਵਾਰ ਹੋਇਆ ਹੈ। ਮੁਲਾਜਮ ਆਗੂ ਦੇ ਇਸੇ ਸੁਭਾਅ ਕਾਰਨ ਵਾਰਡ ਵਾਸੀਆਂ ਨੇ ਉਸ ਨੂੰ ਤਰਜੀਹ ਦਿੱਤੀ ਅਤੇ ਉਮੀਦਵਾਰ ਬਣਾ ਲਿਆ।
ਵਾਰਡ ਦਾ ਵਿਕਾਸ ਤਰਜੀਹ:ਜਸਕਰਨ ਸਿੰਘ
ਅੱਜ ਵੀ ਗੱਲਬਾਤ ਦੌਰਾਨ ਜਸਕਰਨ ਸਿੰਘ ਦਾ ਪ੍ਰਤੀਕਰਮ ਸੀ ਕਿ ਜਦੋਂ ਤੱਕ ਸਾਹ ਵਗਦੇ ਹਨ ਉਹ ਜਨਤਕ ਹੱਕਾਂ ਲਈ ਲੜਾਈ ਲੜਾਈ ਲੜਦਾ ਰਹੇਗਾ। ਉਸ ਨੇ ਚੁਣੇ ਜਾਣ ਤੇ ਵਾਰਡ ਦੇ ਵਿਕਾਸ ਨੂੰ ਆਪਣੀ ਤਰਜੀਹ ਅਤੇ ਮਾਨਵਤਾ ਭਲਾਈ ਨੂੰ ਆਪਣੀ ਤਰਜੀਹ ਦੱਸਿਆ। ਉਹ ਆਖਦਾ ਹੈ ਕਿ ਅਸਲ ਪੰਜਾਬ ਪਿੰਡਾਂ ’ਚ ਵੱਸਦਾ ਹੈ ਇਸ ਲਈ ਸਮੂਹ ਨੌਜਵਾਨਾਂ ਨੂੰ ਪਿੰਡਾਂ ਦੀ ਨੁਹਾਰ ਬਦਲਣ ਲਈ ਯੋਗਦਾਨ ਪਾਉਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ।
ਅੱਜ ਦੀ ਟੀਮ ’ਚ ਇਹ ਵੀ ਸਨ ਹਾਜਰ
ਅੱਜ ਕੋਟਸ਼ਮੀਰ ਨਗਰ ਪੰਚਾਇਤ ਦੀ ਚੋਣ ਲਈ ਪ੍ਰਚਾਰ ਦੌਰਾਨ ਬਲਤੇਜ ਸਿੰਘ ਭੋਲੇਕਾ ,ਗੁਰਚਰਨ ਸਿੰਘ ਭੋਲੇਕਾ ,ਰਾਮ ਸਿੰਘ ਮੋਹਨ ਕਾ , ਕੁਲਦੀਪ ਸਿੰਘ ਭੋਲੇਕਾ, ਟਹਿਲ ਸਿੰਘ ਰੱਤੜਾ, ਮਲਕੀਤ ਸਿੰਘ ਪ੍ਰਧਾਨ, ਹਰਜਾਪ ਸਿੰਘਬਾਬੇ ਕਾ , ਕਰਤਾਰ ਸਿੰਘ ਚੌਧਰੇ ਕਾ , ਅੰਗਰੇਜ ਸਿੰਘ ਪੰਮੀ, ਹਰਦੀਪ ਸਿੰਘ, ਹਰਦੇਵ ਸਿੰਘ ਸੋਹਣੇ ਕਾ, ਗੁਰਤੇਜ ਸਿੰਘ, ਗੁਰਮੇਲ ਸਿੰਘ ਮੈਂਬਰ, ਸੁਖਦੇਵ ਸਿੰਘ ਨੰਬਰਦਾਰ, ਸਵਰਨ ਸਿੰਘ ਸਰਨੀ, ਨਛੱਤਰ ਸਿੰਘ, ਪਾਲ ਸਿੰਘ , ਕਾਲਾ ਸਿੰਘ, ਸਿਕੰਦਰ ਸਿੰਘ ਮਾਨ, ਮੰਦਰ ਸਿੰਘ, ਲੀਲਾ ਸਿੰਘ ਖਾਲਸਾ, ਗੁਰਸੇਵਕ ਸਿੰਘ, ਬਾਘ ਸਿੰਘ , ਪਰਮਜੀਤ ਸਿੰਘ ਪੰਮਾ, ਅਤੇ ਹਰਦੀਪ ਹੈਪੀ ਸਿੰਘ ਆਦਿ ਹਾਜਰ ਸਨ।