ਅਸ਼ੋਕ ਵਰਮਾ
ਮਹਿਲਕਲਾਂ,27ਫਰਵਰੀ2021:ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਟੋਲ ਪਲਾਜਾ ਮਹਿਲਕਲਾਂ ਦੇ ਮੁਕੰਮਲ ਬੰਦ ਦੌਰਾਨ ਚੱਲ ਰਿਹਾ ਸੰਘਰਸ਼ ਅੱਜ 149 ਵਾਂ ਦਿਨ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਦਿਹਾੜੇ, ਸ਼ਹੀਦ ਚੰਦਰ ਸ਼ੇਖਰ ਆਜਾਦ ਅਤੇ ਛੇ ਬੱਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਰਿਹਾ। ਇਸ ਮੌਕੇ ਬੁਲਾਰਿਆਂ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਛੇ ਸੌ ਸਾਲ ਪਹਿਲਾਂ ਸਿਰਜੇ ਮਨੁੱਖਤਾ ਪੱਖੀ ਊਚ ਨੀਚ, ਜਾਤ ਪਾਤ ਰਹਿਤ ਸਮਾਜ ਬਰਾਬਰਤਾ ਵਾਲੇ ਸਮਾਜ ਦੀ ਬੁਨਿਆਦ ਰੱਖੀ ਅਤੇ ਉਸ ਸਮੇਂ ਦੀਆਂ ਰਾਜ ਭਾਗ ਤੇ ਕਾਬਕ ਤਾਕਤਾਂ ਦੇ ਵੱਡੇ ਵਿਰੋਧ ਦਾ ਸ਼ਾਹਮਣਾ ਵੀ ਕਰਨਾ ਪਿਆ ਪਰ ਭਗਤ ਰਵਿਦਾਸ ਜੀ ਆਪਣੇ ਟੀਚੇ ਨੂੰ ਅੱਗੇ ਵਧਾਉਣ ਲਈ ਦਿ੍ਰੜ ਸੰਕਲਪ ਰਹੇ।
ਇਸੇ ਹੀ ਤਰਾਂ ਅੱਜ ਦੇ ਦਿਨ ਹਿੰਦੋਸਤਾਨ ਸੋਸ਼ਲਿਸਟ ਰੀਪਬਲਕਿਨ ਐਸੋਸੀਏਸ਼ਨ ਨੂੰ ਮੁੜ ਨਵੀਆਂ ਲੀਹਾਂ,ਨਵੇਂ ਸਮਾਜਵਾਦੀ ਸਿਧਾਂਤ ਅਨੁਸਾਰ ਮੁੜ ਜਥੇਬੰਦ ਕਰਨ ਵਾਲੇ ਸ਼ਹੀਦ ਚੰਦਰ ਸ਼ੇਖਰ ਅਜਾਦ ਦਾ ਸ਼ਹੀਦੀ ਦਿਨ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਮੌਜੂਦਾ ਸਾਮਰਾਜੀਆਂ ਦੀਆਂ ਦਲਾਲ ਸਰਕਾਰਾਂ ਖਿਲ਼ਾਫ ਜੰਗ ਜਾਰੀ ਰੱਖਣ ਦਾ ਅਹਿਦ ਕੀਤਾ। ਬੁਲਾਰਿਆਂ ਕਿਹਾ ਕਿ ਸ਼ਹੀਦ ਚੰਦਰ ਸ਼ੇਖਰ ਆਜਾਦ ਨੇ ਕਾਕੋਰੀ ਕਾਂਡ ਤੋਂ ਲੈਕੇ ਅਨੇਕਾਂ ਬਰਤਾਨਵੀ ਸਾਮਰਾਜੀ ਵਿਰੋਧੀ ਬਗਾਵਤਾਂ ਦੀ ਅਗਵਾਈ ਕੀਤੀ।ਇਸੇ ਹੀ ਤਰ੍ਹਾਂ ਅੱਜ ਦੇ ਦਿਨ ਬਰਤਾਨਵੀ ਹਕੂਮਤ ਨੇ ਛੇ ਬੱਬਰਾਂ(ਬੱਬਰ ਕਿਸ਼ਨ ਸਿੰਗ ਗੜਗੱਜ,ਬੱਬਰ ਕਰਮ ਸਿੰਘ ਮਾਣਕੋ, ਬੱਬਰ ਨੰਦ ਸਿੰਘ,ਬੱਬਰ ਸੰਤਾ ਸਿੰਘ,ਬੱਬਰ ਦਲੀਪ ਸਿੰਘ ਅਤੇ ਬੱਬਰ ਧਰਮ ਸਿੰਘ) ਨੂੰ ਫਾਂਸੀ ਦਿੱਤੀ ਗਈ ਸੀ ਜੋ ਅੱਜ ਦੇ ਕਿਸਾਨੀ ਸੰਘਰਸ਼ ਲਈ ਪ੍ਰੇਰਨਾ ਸੋ੍ਰਤ ਹਨ।
ਕਿਸਾਨ ਆਗੂਆਂ ਮਲਕੀਤ ਸਿੰਘ ਮਹਿਲਕਲਾਂ, ਗੁਰਮੇਲ ਸਿੰਘ ਠੁੱਲੀਵਾਲ,ਜਗਤਾਰ ਸਿੰਘ ਛੀਨੀਵਾਲਕਲਾਂ, ਗੋਬਿੰਦਰ ਸਿੰਘ ਮਹਿਲਕਲਾਂ, ਜਗਤਾਰ ਸਿੰਘ ਦਾਨਗੜ੍ਹ, ਬਲਜਿੰਦਰ ਕੁਮਾਰ (ਪ੍ਰਭੂ) ,ਰਜਿੰਦਰ ਕੁਮਾਰ,ਸੁਖਦੇਵ ਸਿੰਘ ਕੁਰੜ, ਜਗਤਾਰ ਸਿੰਘ ਕਲਾਲਮਾਜਰਾ ਬੁਲਾਰਿਆਂ ਨੇ ਕਿਹਾ ਕਿ ਲੋਕ ਹੁਣ ਸਮਝ ਚੁੱਕੇ ਹਨ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਖੇਤੀ ਖੇਤਰ ਦੇ ਨਾਲ-ਨਾਲ ਸਮੁੱਚਾ ਅਰਥਚਾਰਾ ਅਤੇ ਸੱਭਿਅਤਾ ਸਮੇਤ ਜੀਵਨ ਅਧਾਰ ਹੀ ਇਨ੍ਹਾਂ ਕਾਨੂੰਨਾਂ ਦੀ ਮਾਰ ਹੇਠ ਆਕੇ ਤਬਾਹ ਹੋ ਜਾਵੇਗਾ।ਇਸੇ ਕਰਕੇ ਹੁਣ ਸਮੁੱਚੇ ਭਾਰਤ ਅੰਦਰ ਚੱਲ ਰਿਹਾ ਸੰਘਰਸ਼ ਕਿਸਾਨਾਂ ਦਾ ਨਾਂ ਰਹਿਕੇ ਲੋਕ ਸੰਘਰਸ਼ ਵਿੱਚ ਤਬਦੀਲ ਹੋ ਗਿਆ ਹੈ। ਇਨ੍ਹਾਂ ਕਿਸਾਨ/ਲੋਕ ਵਿਰੋਧੀ ਕਾਨੂੰਨਾਂ ਨਾਲ ਪ੍ਰਭਾਵਿਤ ਹੋਣ ਵਾਲਾ ਹਰ ਤਬਕਾ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।
ਇਸੇ ਹੀ ਤਰਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਦਾ ਘਿਰਾਓ 146 ਵੇਂ ਦਿਨ ਜਾਰੀ ਰਿਹਾ। ਇਸ ਸਮੇਂ ਪਰਮਿੰਦਰ ਸਿੰਘ ਹੰਢਿਆਇਆ, ਮੇਜਰ ਸਿੰਘ ਸੰਘੇੜਾ, ਜਸਵੰਤ ਸਿੰਘ ਸੰਘੇੜਾ ਨੇ ਵਿਚਾਰ ਪੇਸ਼ ਕਰਦਿਆਂ ਨੂੰ ਭਗਤ ਰਵੀਦਾਸ ਜੀ ਦੇ ਜਨਮ ਦਿਵਸ,ਸ਼ਹੀਦ ਚੰਦਰ ਸ਼ੇਖਰ ਆਜਾਦ ਅਤੇ ਛੱ ਬੱਬਰਾਂ ਦੀ ਸ਼ਹਾਦਤ ਦਿਵਸ ਨੂੰ ਸਮਰਪਿਤ ਕਰਨ ਸਮੇਂ ਵੱਡੀ ਗਿਣਤੀ ਵਿੱਚ ਹਾਜਰ ਕਿਸਾਨਾਂ ਨੂੰ ਸਾਂਝੀਵਾਲਤਾ, ਬਰਾਬਰਤਾ,ਭਾਈਚਾਰੇ ਵਾਲੇ ਸਮਾਜ ਸਿਰਜਣ ਦੀ ਗੱਲ ਕੀਤੀ।ਇਸ ਮੌਕੇ ਭਜਨ ਸਿੰਘ,ਨਾਜਰ ਸਿੰਘ, ਮੱਘਰ ਸਿੰਘ, ਦਲੀਪ ਸਿੰਘ,ਮਲਕੀਤ ਸਿੰਘ ਅਤੇ ਤੇਜਾ ਸਿੰਘ ਨੇ ਵੀ ਵਿਚਾਰ ਪੇਸ਼ ਕਰਦਿਆਂ ਕਿਸਾਨ ਸੰਘਰਸ਼ ਪ੍ਰਤੀ ਹੋਰ ਤਨਦੇਹੀ ਅਤੇ ਜਿੰਮੇਵਾਰੀ ਨਾਲ ਜੁਟ ਜਾਣ ਦਾ ਸੱਦਾ ਦਿੱਤਾ।