ਪਟਿਆਲਾ, 24 ਅਕਤੂਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਅਵਾਜ਼-ਏ-ਪੰਜਾਬ ਦੇ ਹੋਰਨਾਂ ਆਗੂਆਂ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਕੋਈ ਰੋਕ ਨਹੀਂ ਹੈ।
ਇਥੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਕਹਿੰਦੇ ਆਏ ਹਨ ਕਿ ਕਾਂਗਰਸ ਦੀ ਨੀਤੀਆਂ 'ਤੇ ਵਿਸ਼ਵਾਸ ਕਰਨ ਵਾਲੇ ਸਿੱਧੂ ਤੇ ਹੋਰਨਾਂ ਆਗੂਆਂ ਦਾ ਕਾਂਗਰਸ 'ਚ ਸ਼ਾਮਿਲ ਹੋਣ ਲਈ ਸਵਾਗਤ ਹੈ।
ਇਸ ਲੜੀ ਹੇਠ ਉਹ ਨਹੀਂ ਜਾਣਦੇ ਕਿ ਕਿਉਂ ਵਾਰ ਵਾਰ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਜਾਂਦਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਮੁੱਦੇ ਉਪਰ ਉਨ੍ਹਾਂ ਦਾ ਪੱਖ ਸ਼ੁਰੂ ਤੋਂ ਹੀ ਸਪੱਸ਼ਟ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸਲਿਅਤ 'ਚ ਭਾਰਤੀ ਜਨਤਾ ਪਾਰਟੀ ਛੱਡਣ ਤੋਂ ਬਾਅਦ ਸਿੱਧੂ ਨੂੰ ਕਾਂਗਰਸ 'ਚ ਸ਼ਾਮਿਲ ਹੋਣ ਲਈ ਕਹਿਣ ਵਾਲੇ ਉਹ ਪਹਿਲੇ ਵਿਅਕਤੀ ਸਨ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਭਾਵੇਂ ਸਿੱਧੂ ਹੋਣ ਜਾਂ ਬੈਂਸ ਭਰਾ ਜਾਂ ਫਿਰ ਪਰਗਟ ਸਿੰਘ, ਉਨ੍ਹਾਂ ਲਈ ਮੇਰੀ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਇਨ੍ਹਾਂ ਲੋਕਾਂ ਦੀਆਂ ਜੜ੍ਹਾਂ ਕਾਂਗਰਸ ਨਾਲ ਜੁੜੀਆਂ ਹੋਈਆਂ ਹਨ ਅਤੇ ਇਹ ਲੰਬੇ ਵਕਤ ਤੱਕ ਕਾਂਗਰਸ ਤੋਂ ਦੂਰ ਨਹੀਂ ਰਹਿ ਸਕਦੇ।
ਜਿਨ੍ਹਾਂ ਨੇ ਇਸ ਬਾਰੇ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਉਕਤ ਮੁੱਦੇ ਉਪਰ ਉਨ੍ਹਾਂ ਦਾ ਪੱਖ ਹਮੇਸ਼ਾ ਤੋਂ ਸਾਫ ਤੇ ਸਪੱਸ਼ਟ ਰਿਹਾ ਹੈ ਅਤੇ ਇਸ 'ਚ ਕਿਸੇ ਵੀ ਤਰ੍ਹਾਂ ਦੇ ਸ਼ੱਕ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਅਖੀਰ 'ਚ ਪਾਰਟੀ ਦੇ ਹਿੱਤ ਸੱਭ ਤੋਂ ਉਪਰ ਹਨ। ਪੰਜਾਬ ਕਾਂਗਰਸ ਦੇ ਆਗੂ ਨੇ ਕਿਹਾ ਕਿ ਜੇ ਹਮਖਿਆਲੀ ਲੋਕਾਂ ਦੇ ਜੁੜਨ ਨਾਲ ਪਾਰਟੀ ਮਜ਼ਬੂਤ ਹੁੰਦੀ ਹੈ, ਤਾਂ ਅਸੀਂ ਅਜਿਹੇ ਮੌਕਿਆਂ ਤੋਂ ਫਾਇਦਾ ਲੈ ਸਕਦੇ ਹਾਂ।