ਮਾਨਸਾ, 16 ਅਕਤੂਬਰ, 2016 : ਪਿਛਲੇ ਦਿਨੀ ਸ਼ਰਾਬ ਮਾਫੀਆ ਵੱਲੋਂ ਬੜੀ ਬੇਰਹਿਮੀ ਨਾਲ ਅੰਗ ਕੱਟ ਕੱਟ ਕੇ ਕਤਲ ਕੀਤੇ ਗਏ ਦਲਿਤ ਨੌਜਵਾਨ ਸੁਖਚੈਨ ਸਿੰਘ ਪਾਲੀ ਦੇ ਅੱਜ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਅਤੇ ਇਸ ਕਤਲ ਕਾਂਡ ਵਿੱਚ ਇਨਸਾਫ ਪ੍ਰਾਪਤੀ ਲਈ ਗਠਿਤ ਸੰਘਰਸ਼ ਕਮੇਟੀ ਦੇ ਮੈਂਬਰਾਂ ਵਲੋਂ ਫੁੱਲ ਚੁਗੇ ਗਏ। ਇਸ ਉਪਰੰਤ ਕਤਲ ਹੋਏ ਇਸ ਨੌਜਵਾਨ ਦੀ ਆਤਮਾ ਦੀ ਸ਼ਾਂਤੀ ਪ੍ਰਤੀ ਸਹਿਜ ਪਾਠ ਦਾ ਪ੍ਰਕਾਸ਼ ਪਿੰਡ ਦੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਕਰਵਾ ਦਿੱਤਾ ਗਿਆ ਹੈ ਜਿਸਦਾ ਭੋਗ 23 ਅਕਤੂਬਰ ਦਿਨ ਐਤਵਾਰ ਨੁੂੰ ਪਾਇਆ ਜਾਵੇਗਾ। ਇਸ ਉਪਰੰਤ ਪਰਿਵਾਰ ਦੇ ਮੈਂਬਰਾਂ ਵੱਲੋਂ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਅਤੇ ਸਮੂਹ ਇਨਸਾਫ ਪਸੰਦ ਅਤੇ ਜਨਤਕ ਜਥੇਬੰਦੀਆਂ, ਜਮਹੂਰੀ ਰਾਜਨੀਤਿਕ ਪਾਰਟੀਆਂ ਨੂੰ ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਤਾਂਕਿ ਇਸ ਮ੍ਰਿਤਕ ਨੌਜਵਾਨ ਦੇ ਬੇਰਹਿਮੀ ਨਾਲ ਹੋਏ ਕਤਲ ਲਈ ਜਿੰਕਾਤਲਾਂ ਨੂੰ ਢੁੱਕਵੀਂ ਸਜ਼ਾ ਦਿਵਾਈ ਜਾ ਸਕੇ। ਇਸ ਸਮੇਂ ਕਤਲ ਕੀਤੇ ਗਏ ਦਲਿਤ ਨੌਜਵਾਨ ਸੁਖਚੈਨ ਸਿੰਘ ਪਾਲੀ ਦੇ ਪਿਤਾ ਰੇਸ਼ਮ ਸਿੰਘ, ਭਰਾ ਸੁਖਵੀਰ ਸਿੰਘ ਅਤੇ ਸੰਘਰਸ਼ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਘਰਾਂਗਣਾ, ਅੰਗਰੇਜ਼ ਸਿੰਘ ਘਰਾਂਗਣਾ, ਬੂਟਾ ਸਿੰਘ, ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਜਥੇਦਾਰ ਕੌਰ ਸਿੰਘ ਨੇ ਕਿਹਾ ਕਿ ਜੋ ਥਾਣਾ ਕੋਟ ਧਰਮੂ ਦੇ ਐਸ.ਐਚ.ਓ. ਚੰਨਣ ਸਿੰਘ ਅਤੇ ਏ.ਐਸ.ਆਈ. ਕੁਲਵੰਤ ਸਿੰਘ, ਜਿੰਨ੍ਹਾਂ ਦੀ ਮਿਲਭੁਗਤ ਕਰਕੇ ਇਹ ਕਤਲ ਹੋਇਆ ਹੈ, ਨੂੰ ਬਿਨਾਂ ਤਫਤੀਸ਼ ਕੀਤੇ ਹੀ ਲਾਇਨ ਹਾਜ਼ਰ ਕਰਕੇ ਪੁਲਿਸ ਨੇ ਆਪਣਾ ਪੱਲਾ ਝਾੜ ਲਿਆ ਹੈ ਜਿਸਤੋਂ ਉਹ ਬਿਲਕੁਲ ਵੀ ਸੰਤੁਸ਼ਟ ਨਹੀਂ ਹਨ ਕਿਉਂਕਿ ਇੰਨ੍ਹਾਂ ਅਧਿਕਾਰੀਆਂ ਨੇ ਕਤਲ ਉਪਰੰਤ ਵੀ ਸਹੀ ਢੰਗ ਨਾਲ ਨਾਂ ਤਾਂ ਪੜਤਾਲ ਕੀਤੀ ਅਤੇ ਨਾਂ ਹੀ ਸਹੀ ਤੱਥ ਐਫ.ਆਈ.ਆਰ ਵਿੱਚ ਦਰਜ਼ ਕੀਤੇ ਹਨ ਹਾਲਾਂਕਿ ਸਾਰੀ ਘਟਨਾਂ ਉਨ੍ਹਾਂ ਦੇ ਪੂਰੀ ਤਰ੍ਹਾਂ ਧਿਆਨ ਵਿੱਚ ਸੀ। ਇੰਨ੍ਹਾਂ ਨੇ ਇਤਨੀ ਬੇਰਹਿਮੀ ਨਾਲ ਹੋਏ ਕਤਲ ਨੂੰ, ਜਿਸ ਵਿੱਚ ਮਕਤੂਲ ਦੀ ਲੱਤ ਕੱਟਕੇ ਹੀ ਕਾਤਲ ਲੈ ਗਏ ਸਨ, ਨੂੰ ਇੱਕ ਸਾਧਾਰਣ ਲੜਾਈ ਦੀ ਕਹਾਣੀ ਬਣਾਇਆ ਜਿਵੇਂਕਿ ਮਕਤੂਲ ਦੀ ਲਾਸ਼ ਖੁਦ ਪੁਲਿਸ ਲੈਕੇ ਗਈ ਸੀ ਪਰ ਐਫ.ਆਈ.ਆਰ. ਵਿੱਚ ਇਹ ਤੱਥ ਸਹੀ ਲਿਖਣ ਦੀ ਬਜਾਏ ਪਰਿਵਾਰ ਵਲੋਂ ਹਸਪਤਾਲ ਵਿੱਚ ਦਾਖਲ ਕਰਵਾਉਣ ਆਦਿ ਗੱਲਾਂ ਲਿਖਕੇ ਕੇਸ ਨੂੰ ਜਾਣ ਬੁੱਝਕੇ ਕਮਜ਼ੋਰ ਬਨਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਮਕਤੂਲ ਨੌਜਵਾਨ ਨੂੰ ਤਾਂ ਕਾਤਲ ਮੌਕੇ ਤੇ ਮਾਰਕੇ ਹੀ ਗਏ ਸਨ ਅਤੇ ਲੱਤ ਵੱਢਕੇ ਲਿਜਾਂਦੇ ਵੇਲੇ ਵੀ ਲਲਕਾਰ ਕੇ ਗਏ ਸਨ ਜਿਸ ਬਾਰੇ ਚਸ਼ਮਦੀਦ ਗਵਾਹਾਂ ਵਲੋਂ ਦੱਸਣ ਦੇ ਬਾਵਜੂਦ ਵੀ ਐਫ.ਆਈ.ਆਰ ਵਿੱਚ ਸਹੀ ਤੱਥ ਦਰਜ਼ ਨਹੀਂ ਕੀਤੇ ਗਏ।
ਮਕਤੂਲ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਉਸਦੇ ਪੁੱਤਰ ਦੇ ਬੇਰਹਿਮੀ ਨਾਲ ਹੋਏ ਕਤਲ ਦੀ ਵਜ੍ਹਾ ਕਰਕੇ ਉਹ ਤਾਂ ਪੂਰੀ ਤਰ੍ਹਾਂ ਹੋਸ਼ ਵਿੱਚ ਹੀ ਨਹੀਂ ਸੀ ਪਰ ਫਿਰ ਵੀ ਉਕਤ ਅਧਿਕਾਰੀ ਉਸਨੂੰ ਕੁੱਝ ਦੱਸੇ ਪੜ੍ਹਾਏ ਹੀ ਕਾਗਜ਼ਾਂ ਤੇ ਅੰਗੂਠੇ ਲਗਵਾਕੇ ਲੈ ਗਏ ਜੋ ਕਿ ਬਿਲਕੁਲ ਗਲਤ ਹੈ ਅਤੇ ਧੱਕਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਅਧਿਕਾਰੀਆਂ ਵਲੋਂ ਸ਼ਰ੍ਹੇੇਆਮ ਦੋਸ਼ੀਆਂ ਦੀ ਮੱਦਦ ਕੀਤੀ ਗਈ ਅਤੇ ਕੀਤੀ ਜਾ ਰਹੀ ਹੈ ਜਦੋਂਕਿ ਉੱਚ ਅਫਸਰਾਂ ਵੱਲੋਂ ਇੰਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਲਾਇਨ ਹਾਜ਼ਰ ਕਰਕੇ ਪੱਲਾ ਝਾੜ ਲਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਐਫ.ਆਈ.ਆਰ. ਵਿੱਚ ਸਹੀ ਤੱਥਾਂ ਦੀ ਸੋਧ ਕੀਤੀ ਜਾਵੇ ਅਤੇ ਸਹੀ ਜਾਂਚ ਕਰਵਾਈ ਜਾਵੇ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਸਮਾਉਂ ਅਤੇ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ ਵਲੋਂ ਮੰਗ ਕੀਤੀ ਗਈ ਕਿ ਅਗਰ ਇਸ ਸਬੰਧੀ ਜਲਦੀ ਸਹੀ ਬਣਦੀ ਕਾਰਵਾਈ ਨਾਂ ਕੀਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਕਤੂਲ ਦੇ ਚਾਚਾ ਨਛੱਤਰ ਸਿੰਘ, ਦਾਦਾ ਬਲਵੰਤ ਸਿੰਘ, ਮਾਮਾ ਬਿੱਕਰ ਸਿੰਘ ਭੱਮੇ, ਜੀਜਾ ਨਿਰਮਲ ਸਿੰਘ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਅਮਰੀਕ ਸਿੰਘ, ਭੋਲਾ ਸਿੰਘ, ਬੀਰ੍ਹਾ ਸਿੰਘ, ਬਾਬਾ ਚਾਨਣ ਸਿੰਘ, ਕੁਲਦੀਪ ਸਿੰਘ ਮਾਨਸਾ ਅਤੇ ਰਿਸ਼ਤੇਦਾਰ ਹਾਜ਼ਰ ਸਨ।