ਅਸ਼ੋਕ ਵਰਮਾ
ਬਰਨਾਲਾ, 11 ਫਰਵਰੀ 2021 - ਸਾਂਝੇ ਕਿਸਾਨ ਮੋਰਚੇ ਵੱਲੋਂ ਸ਼ਹੀਦ ਕਿਸਾਨ ਪ੍ਰੀਵਾਰਾਂ ਨੂੰ ਮੁਆਵਜਾ ਦੇਣ ਦੇ ਮਾਮਲੇ ਤੇ ਸ਼ੁਰੂ ਕੀਤੇ ਸਿਰੜੀ ਸੰਘਰਸ਼ ਅੱਗੇ ਝੁਕਦਿਆਂ ਬਰਨਾਲਾ ਪ੍ਰਸ਼ਾਸਨ ਨੇ ਤਿੰਨਾਂ ਸ਼ਹੀਦਾਂ ਦੇ ਮਾਮਲੇ ’ਚ ਅੱਜ ਚੈਕ ਜਾਰੀ ਕਰ ਦਿੱਤੇ ਹਨ। ਬੁੱਧਵਾਰ ਨੂੰ ਕਿਸਾਨ ਜੱਥੇਬੰਦੀਆਂ ਨੇ ਦਿਨ ਰਾਤ ਦਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਸੀ ਜਿਸ ਨੂੰ ਦੇਖਿਿਦਆਂ ਪ੍ਰਸ਼ਾਸ਼ਨ ਪਿੱਛੇ ਹਟਣ ਲਈ ਮਜਬੂਰ ਹੋ ਗਿਆ।
ਡੀਸੀ ਦਫਤਰ ਬਰਨਾਲਾ ਦਾ ਮੁਕੰਮਲ ਘਿਰਾਉ ਦੂਜੇ ਦਿਨ ਵੀ ਜਾਰੀ ਰਿਹਾ। ਜਥੇਬੰਦੀਆਂ ਦੇ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਪਰਮਿੰਦਰ ਸਿੰਘ ਹੰਢਿਆਇਆ, ਗੁਰਮੇਲ ਰਾਮ ਸ਼ਰਮਾ, ਅਮਰਜੀਤ ਕੌਰ, ਗੁਰਚਰਨ ਸਿੰਘ ਸਰਪੰਚ, ਹਰਚਰਨ ਸਿੰਘ ਚੰਨਾ,ਬਿੱਕਰ ਸਿੰਘ ਅੋਲਖ, ਲਖਵੀਰ ਸਿੰਘ ਦੁੱਲਮਸਰ,ਮੇਲਾ ਸਿੰਘ ਕੱਟੂ ਨੇ ਕਿਹਾ ਕਿ ਪਿੰਡ ਸੰਘੇੜਾ ਦੇ ਕਿਸਾਨ ਕੁਲਵਿੰਦਰ ਸਿੰਘ, ਅਤਰ ਸਿੰਘ ਵਾਲਾ ਦੇ ਕਿਸਾਨ ਗੁਰਦੇਵ ਸਿੰਘ ਦੇ ਪ੍ਰੀਵਾਰ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਮੁਆਵਜਾ ਰਾਸ਼ੀ ਪੰਜ ਲੱਖ ਰੁ. ਅਦਾ ਕਰਨ ਤੋਂ ਜਿਲਾ ਪ੍ਰਸ਼ਾਸ਼ਨ ਲਗਤਾਰ ਆਨਾਕਾਨੀ ਕਰ ਰਿਹਾ ਹੈ।
ਉਹਨਾਂ ਦੱਸਿਆ ਕਿ 8 ਫਰਵਰੀ ਨੂੰ ਸ਼ਹੀਦ ਹੋਏ ਕਿਸਾਨ ਆਗੂ ਬਲਵੀਰ ਸਿੰਘ ਭਦੌੜ ਦਾ ਪੰਜ ਲੱਖ ਰੁ. ਦਾ ਚੈੱਕ ਜਾਰੀ ਕਰ ਦਿੱਤਾ ਸੀ ਪਰ ਬਲਵੀਰ ਸਿੰਘ ਦੇ ਭਰਾ ਕੁਲਵੰਤ ਸਿੰਘ ਨੇ ਸਟੇਜ ਤੋਂ ਐਲਾਨ ਕੀਤਾ ਕਿ ਜਦੋਂ ਤੱਕ ਦੂਜੇ ਦੋਵੇਂ ਪ੍ਰੀਵਾਰਾਂ ਦੇ ਮਾਆਵਜਾ ਰਾਸ਼ੀ ਦੇ ਚੈਕ ਜਾਰੀ ਨਹੀਂ ਕੀਤੇ ਜਾਂਦੇ ਉਹ ਵੀ ਚੈਕ ਨਹੀਂ ਲੈਣਗੇ। ਅੱਜ ਦੇ ਇਕੱਠ ਵਿੱਚ ਦੋਵੇਂ ਅੱਖਾਂ ਦੀ ਰੋਸ਼ਨੀ ਗਵਾ ਚੁੱਕੀ ਸ਼ਹੀਦ ਗੁਰਦੇਵ ਸਿੰਘ ਅਤਰਗੜ ਦੀ ਵਿਧਵਾ ਸੁਰਜੀਤ ਕੌਰ ਅਤੇ ਸ਼ਹੀਦ ਬਲਵੀਰ ਸਿੰਘ ਭਦੌੜ ਦਾ ਮਰੀਜ ਬੇਟਾ ਬਲਵਿੰਦਰ ਸਿੰਘ ਵੀ ਸੰਘਰਸ਼ ਦੇ ਮੋਰਚੇ ਵਿੱਚ ਡਟੇ ਹੋਏ ਸਨ। ਬੁਲਾਰਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਿਸਾਨੀ ਸੰਘਰਸ਼ ਨਾਲ ਹੇਜ ਜਤਾਉਣ ਦਾ ਖੇਖਣ ਕਰ ਰਹੀ ਹੈ ਪਰ ਦੂਜੇ ਪਾਸੇ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੰਵਾਉਣ ਵਾਲੇ ਪ੍ਰੀਵਾਰਾਂ ਪ੍ਰਤੀ ਰਤੀ ਭਰ ਵੀ ਗੰਭੀਰ ਨਹੀਂ ਹੈ।
ਆਗੂਆਂ ਕਿਹਾ ਕਿ ਡੀਸੀ ਦਫਤਰ ਬਰਨਾਲਾ ਦਾ ਘਿਰਾਓ ਅਣਮਿਥੇ ਸਮੇਂ ਲਈ ਲਗਾਤਾਰ ਜਾਰੀ ਰਹੇਗਾ ਅਤੇ ਮੰਗਾਂ ਮੰਨਣ ਤੇ ਹੀ ਸ਼ਹੀਦ ਕਿਸਾਨ ਬਲਵੀਰ ਸਿੰਘ ਦਾ ਸਸਕਾਰ ਕਰਨਗੇ। ਇਸ ਸਮੇਂ ਕਰਮਜੀਤ ਸਿੰਘ ਭਦੌੜ, ਮੇਜਰ ਸਿੰਘ ਸੰਘੇੜਾ, ਜਗਰਾਜ ਸਿੰਘ ਹਮੀਦੀ,ਬਲਵੀਰ ਕੌਰ, ਮਨਜੀਤ ਕੌਰ ਨੇ ਵੀ ਵਿਚਾਰ ਪੇਸ਼ ਕੀਤੇ। ਨਰਿੰਦਰਪਾਲ ਸਿੰਗਲਾ,ਜਗਦੇਵ ਸਿੰਘ ਭੁਪਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸੇ ਦੌਰਾਨ ਐਸਡੀਐਮ ਬਰਨਾਲਾ ਨੇ ਤਿੰਨਾਂ ਪ੍ਰੀਵਾਰਾਂ ਦੇ ਚੈਕ ਸੌਂਪੇ ਤਾਂ ਡੀਸੀ ਬਰਨਾਲਾ ਦਫਤਰ ਦਾ ਘਿਰਾਓ ਖਤਮ ਕਰਨ ਦਾ ਐਲਾਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਮੋਰਚਾ ਪਹਿਲਾਂ ਵਾਲੀ ਥਾਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਚੱਲੇਗਾ। ਆਗੂਆਂ ਐਲਾਨ ਕੀਤਾ ਕਿ 12 ਫਰਵਰੀ ਨੂੰ ਸ਼ਹੀਦ ਬਲਵੀਰ ਸਿੰਘ ਦਾ ਅੰਤਮ ਸਸਕਾਰ ਜਥੇਬੰਦਕ ਸਨਮਾਨਾਂ ਨਾਲ ਭਦੌੜ ਵਿਖੇ ਬਾਅਦ ਦੁਪਿਹਰ ਕੀਤਾ ਜਾਵੇਗਾ।