ਸੰਗਰੂਰ, 7 ਨਵੰਬਰ, 2016 : ਪੰਜਾਬ ਦੇ ਖਿਡਾਰੀਆਂ ਨੇ ਆਪਣੀ ਖੇਡ ਦੇ ਦਮ 'ਤੇ ਪੂਰੇ ਵਿਸ਼ਵ ਵਿੱਚ ਅਨੇਕਾਂ ਵਾਰ ਲੋਹਾ ਮੰਨਵਾਇਆ ਹੈ, ਜਿਸ ਕਾਰਨ ਪੂਰੇ ਵਿਸ਼ਵ ਵਿੱਚ ਪੰਜਾਬੀਆਂ ਦੀ ਚੜ੍ਹਤ ਬਰਕਰਾਰ ਹੈ, ਪਰ ਕੁਝ ਸਿਆਸੀ ਪਾਰਟੀਆਂ ਆਪਣੀਆਂ ਰਾਜਸੀ ਰੋਟੀਆਂ ਸੇਕਣ ਲਈ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇੜੀ ਆਖ ਕੇ ਬਦਨਾਮ ਕਰ ਰਹੀਆਂ ਹਨ, ਜਦੋਂਕਿ ਹਕੀਕਤ ਇਹ ਹੈ ਕਿ ਪੰਜਾਬ ਵਿੱਚ ਹੋਰਨਾਂ ਸੂਬਿਆਂ ਦੇ ਮੁਕਾਬਲੇ ਨਸ਼ਾ ਬਹੁਤ ਘੱਟ ਹੈ ਅਤੇ ਪੰਜਾਬ ਦੀ ਜਿਆਦਾਤਰ ਨੌਜਵਾਨ ਪੀੜ੍ਹੀ ਜਾਗਰੂਕ ਹੈ ਅਤੇ ਹਰ ਖੇਤਰ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਮੋਹਰੀ ਰੋਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਅੱਜ ਸਥਾਨਕ ਵਾਰ ਹੀਰੋਜ ਸਟੇਡੀਅਮ ਵਿਖੇ 62ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦਾ ਉਦਘਾਟਨ ਕਰਦਿਆਂ ਕੀਤਾ। 11 ਨਵੰਬਰ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਦੇ ਅੱਜ ਪਹਿਲੇ ਦਿਨ ਵਾਲੀਬਾਲ ਅੰਡਰ 19 ਲੜਕੀਆਂ ਦੇ ਦਿਲਚਸਪ ਮੁਕਾਬਲੇ ਹੋਏ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮਹਿਮਾਨ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਾਰੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਪੂਰੀ ਲਗਨ ਤੇ ਮਿਹਨਤ ਨਾਲ ਖੇਡਣ ਲਈ ਪ੍ਰੇਰਿਆ।
ਜਲੰਧਰ ਅਤੇ ਫਤਹਿਗੜ੍ਹ ਦੀ ਟੀਮ ਵਿੱਚ ਹੋਏ ਪਹਿਲੇ ਮੁਕਾਬਲੇ ਦੌਰਾਨ ਜਲੰਧਰ ਦੀ ਟੀਮ 2-0 ਨਾਲ ਜੇਤੂ ਰਹੀ। ਇਸੇ ਤਰ੍ਹਾਂ ਮੁਕਤਸਰ ਨੇ ਫਾਜਿਲਕਾ ਨੂੰ 2-0 ਨਾਲ, ਹੁਸ਼ਿਆਰਪੁਰ ਨੇ ਬਰਨਾਲਾ ਨੂੰ 2-0 ਨਾਲ, ਬਠਿੰਡਾ ਨੇ ਗੁਰਦਾਸਪੁਰ ਨੂੰ 2-0 ਨਾਲ ਅਤੇ ਫਰੀਦਕੋਟ ਦੀਆਂ ਕੁੜੀਆਂ ਨੇ ਸੰਗਰੂਰ ਦੀ ਟੀਮ ਨੂੰ 2-0 ਨਾਲ ਹਰਾ ਕੇ ਆਪਣੇ ਆਪਣੇ ਮੁਕਾਬਲੇ ਜਿੱਤੇ। ਮੁਕਾਬਲੇ ਹਾਲੇ ਵੀ ਨਿਰੰਤਰ ਜਾਰੀ ਸਨ।
ਇਸ ਮੌਕੇ ਹਾਜਰੀਨ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਗਰਗ ਨੇ ਕਿਹਾ ਕਿ ਖੇਡਾਂ ਜਿੱਥੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ, ਉੱਥੇ ਭਵਿੱਖ ਨੂੰ ਸੰਵਾਰਨ ਦੇ ਅਹਿਮ ਮੌਕੇ ਵੀ ਪ੍ਰਦਾਨ ਕਰਦੀਆਂ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕਰੋੜਾਂ ਰੁਪਏ ਖਰਚ ਕੇ ਅਨੇਕਾਂ ਉਪਰਾਲੇ ਕੀਤੇ ਗਏ ਹਨ। ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪਹਿਲ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਸਮੇਤ ਅਨੇਕਾਂ ਲਾਭ ਦਿੱਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦੁਆਇਆ ਕਿ ਆਉਣ ਵਾਲੇ ਸਮੇਂ ਵਿੱਚ ਖੇਡ ਖੇਤਰ ਵਿੱਚ ਹੋਰ ਵੀ ਵਧੇਰੇ ਸੁਧਾਰ ਕੀਤੇ ਜਾਣਗੇ, ਜਿਸਦਾ ਖਿਡਾਰੀਆਂ ਨੂੰ ਬਹੁਤ ਵੱਡਾ ਲਾਭ ਹੋਵੇਗਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਇੰਦੂ ਸਿਮਕ, ਖੇਡ ਅਪਸਰ ਗੁਰਮੀਤ ਸਿੰਘ, ਲੈਕਚਰਾਰ ਜਤਿੰਦਰ ਸਿੰਘ ਵਿੱਕੀ, ਲੈਕਚਰਾਰ ਜਵਾਹਰ ਲਾਲ, ਗੁਰਸ਼ਰਨ ਸਿੰਘ, ਮਨੋਜ ਮੰਨੂ ਟੂਰਨਾਮੈਂਟ ਕਨਵੀਨਰ, ਇੰਦਰਜੀਤ ਸਿੰਘ, ਗੁਰਦੀਪ ਸਿੰਘ ਮੌੜ, ਕੂਕਾ ਸਿੰਘ ਸਮੇਤ ਸਮੂਹ ਪ੍ਰਬੰਧਕ ਕਮੇਟੀ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜਿਰ ਸਨ।