← ਪਿਛੇ ਪਰਤੋ
ਚੰਡੀਗੜ੍ਹ 24 ਦਸੰਬਰ, 2016 : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਨੇਡਾ ਦੇਂ ਕੈਲਗਰੀ ਇਲਾਕੇ ਵਿਖੇ ਸਥਿਤ ਇਕ ਗੁਰੂਦੁਆਰਾ ਸਾਹਿਬ ਦੀ ਕੰਧਾਂ ਨੂੰ ਖਰਾਬ ਕਰਨ ਦੀ ਘਟਨਾ ਦੀ ਸਖਤ ਸ਼ਬਦਾ ਵਿਚ ਨਿਖੇਦੀ ਕੀਤੀ ਹੈ। ਸ. ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਉਹ ਕਨੇਡਾ ਦੀ ਸਰਕਾਰ ਨਾਲ ਇਹ ਮੁੱਦਾ ਚੁਕਣ ਅਤੇ ਉਥੋਂਦੀ ਸਰਕਾਰ ਨੂੰ ਇਸ ਘਿਨੌਣੇ ਕਾਰੇ ਪਿਛੇ ਜਿੰਮੇਵਾਰ ਵਿਅਕਤੀਆਂ ਨੂੰ ਜੇਲ ਦੀਆਂ ਸਲਾਖਾਂ ਪਿਛੇ ਡੱਕਣ ਲਈ ਜੋਰ ਪਾਉਣ। ਭਾਰਤ ਅਤੇ ਵਿਦੇਸ਼ਾਂ ਵਿਚ ਬੇਅਦਬੀ ਅਤੇ ਗੁੰਡਾਗਰਦੀ ਦੇ ਕਾਰਿਆਂ ਰਾਹੀਂ ਫਿਰਕੂ ਸਦਭਾਵਨਾ ਨੂੰ ਠੇਸ ਪਹੁੰਚਾਉਣ 'ਤੇ ਚਿੰਤਾ ਜਾਹਿਰ ਕਰਦੇ ਹੋਏ ਉਪ ਮੁੱਖ ਮੰਤਰੀ ਨੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਕਿਹਾ ਕਿ ਉਹ ਕੈਲਗਰੀ ਮਾਮਲੇ ਦੇ ਦੋਸ਼ਿਆਂ ਨੂੰ ਨੱਪਣ ਅਤੇ ਗੁਰੂਦੁਆਰਿਆਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣ ਹਿੱਤ ਕਨੇਡਾ ਦੀ ਸਰਕਾਰ 'ਤੇ ਜੋਰ ਪਾਉਣ। ਬੀਤੇ ਸਮੇਂ ਦੋਰਾਨ ਵਾਪਰੀਆਂ ਅਜਿਹੀਆਂ ਘਟਨਾਵਾਂ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਦਰਦੇ ਹੋਏ ਸ.ਬਾਦਲ ਨੇ ਕਿਹਾ ਕਿ ਉਹ ਇਹ ਮਾਮਲਾ ਕਨੇਡਾ ਵਿਚਲੇ ਪੰਜਾਬੀ ਆਗੂਆਂ ਨਾਲ ਵਿਚਾਰਨਗੇ। ਦੁਨਿਆਂ ਭਰ ਵਿਚ ਫੈਲੇ ਸਿੱਖ ਭਾਈਚਾਰੇ ਨੂੰ ਅਮਨ ਅਤੇ ਫਿਰਕੂ ਸਦਭਾਵਨਾ ਬਣਾਈ ਰਖਣ ਦੀ ਅਪੀਲ ਕਰਦੇ ਹੋਏ ਸ਼ੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਿੱਖ ਕਿਸੇ ਨੂੰ ਵੀ ਉਸ ਦੀ ਸੌੜੀ ਸਿਆਸਤ ਖਾਤਰ ਪੂਰੇ ਸਿੱਖ ਭਾਈਚਾਰੇ ਨੂੰ ਭੜਕਾਉਣ ਦੀ ਆਗਿਆ ਨਹੀਂ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਪੂਰਾ ਸਿੱਖ ਭਾਈਚਾਰਾ ਇਕੱਠੇ ਹੋ ਕੇ ਪੂਰੀ ਮਾਨਵਤਾ ਦੀ ਭਲਾਈ ਹਿੱਤ ਕੰਮ ਕਰੇ।
Total Responses : 266