ਚੰਡੀਗੜ, 25 ਦਸੰਬਰ, 2016 : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ’ਚੋਂ 24 ਘੰਟਿਆਂ ਦੇ ਅੰਦਰ ਨਸ਼ਿਆਂ ਦੀ ਸਮੱਗਿਗ ਤੇ ਕਾਰੋਬਾਰ ਕਰਨ ਵਾਲੇ ਮਾਫ਼ੀਆ ਦਾ ਸਫ਼ਾਇਆ ਕਰਨ ਦੇ ਦਾਅਵੇ ਦਾ ਮਖ਼ੌਲ ਉਡਾਇਆ ਹੈ।
ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਮੋੜਵੇ-ਜਵਾਬ ਵਿੱਚ ਕਿਹਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਹੁਣ ਸੱਤਾ ਵਿੱਚ ਨਹੀਂ ਆਵੇਗੀ ਅਤੇ ਦੂਜੇ, ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਰਿਕਾਰਡ ਨਸ਼ਿਆਂ ਦੇ ਸਮੱਗਲਰਾਂ ਦੀ ਪੁਸ਼ਤ-ਪਨਾਹੀ ਕਰਨ ਦਾ ਰਿਹਾ ਹੈ ਕਿਉਕਿ ਉਨਾਂ ਦੀ ਆਪਣੀ ਪਾਰਟੀ ਵਿੱਚ ਅਜਿਹੇ ਬਹੁਤ ਸਾਰੇ ਲੋਕ ਮੌਜੂਦ ਹਨ।
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ। ਉਨਾਂ ਚੇਤੇ ਕਰਵਾਇਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿੱਚ ਮਾਲ ਮੰਤਰੀ ਤੇ ਆਪਣੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਵਿਰੁੱਧ ਸੀ.ਬੀ.ਆਈ. ਦੀ ਜਾਂਚ ਕਰਵਾਏ ਜਾਣ ਦੀ ਮੰਗ ਉੱਠੀ ਸੀ, ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਹੀ ਇਸ ਦਾ ਵਿਰੋਧ ਕੀਤਾ ਸੀ, ਜਦ ਕਿ ਮਜੀਠੀਆ ਦਾ ਨਾਂਅ ਸਾਬਕਾ ਪੁਲਿਸ ਅਧਿਕਾਰੀ ਤੋਂ ਨਸ਼ਿਆਂ ਦੇ ਸਮੱਗਲਰ ਬਣੇ ਜਗਦੀਸ਼ ਭੋਲਾ ਨੇ ਪੁਲਿਸ-ਪੁੱਛਗਿੱਛ ਦੌਰਾਨ ਲਿਆ ਸੀ। ਉੱਧਰ ਕਾਂਗਰਸ ਪਾਰਟੀ ਨੇ ਸੀ.ਬੀ.ਆਈ. ਜਾਂਚ ਕਰਵਾਏ ਜਾਣ ਦੇ ਹੱਕ ਵਿੱਚ ਲੜੀਵਾਰ ਭੁੱਖ ਹੜਤਾਲ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਸੀ ਪਰ ਤਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੀਆਂ ਲੀਹਾਂ ਤੋਂ ਵੀ ਉਲਟ ਜਾ ਕੇ ਸਿੰਥੈਟਿਕ ਨਸ਼ਿਆਂ ਦੇ ਇਸ ਘੁਟਾਲੇ ’ਚੋਂ ਮਜੀਠੀਆ ਨੂੰ ਬਚਾਇਆ ਸੀ।
ਵੜੈਚ ਨੇ ਕਿਹਾ ਕਿ ਨਸ਼ਿਆਂ ਦੇ ਇਸ ਕਾਰੋਬਾਰ ਵਿੱਚ ਕਾਂਗਰਸੀ ਅਤੇ ਅਕਾਲੀ ਆਗੂਆਂ ਦੀ ਆਪਸੀ ਮਿਲੀਭੁਗਤ ਰਹੀ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਕੁਝ ਸੋਚਿਆ ਸੀ, ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਉਸ ਦਾ ਵਪਾਰੀਕਰਨ ਕਰ ਦਿੱਤਾ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਆਮ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। 2002 ਤੋਂ ਲੈ ਕੇ 2007 ਤੱਕ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਸਨ, ਤਦ ਵੀ ਉਨਾਂ ਅਜਿਹੇ ਬਿਆਨ ਦਿੱਤੇ ਸਨ, ਭਾਵੇਂ ਜਲੰਧਰ ਵਿੱਚ ਯੂਥ ਕਾਂਗਰਸ ਦਾ ਇੱਕ ਆਗੂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਸਮੇਤ ਗਿ੍ਰਫ਼ਤਾਰ ਹੋਇਆ ਸੀ।
ਵੜੈਚ ਨੇ ਕਿਹਾ ਕਿ ਪੰਜਾਬ ਦੀ ਜਨਤਾ ਦਾ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਅਤੇ ਪ੍ਰਤੀਬੱਧਤਾਵਾਂ ਉੱਤੇ ਕੋਈ ਭਰੋਸਾ ਨਹੀਂ ਰਿਹਾ ਕਿਉਕਿ ਉਹ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਵਾਲੀ ਸਰਕਾਰ ਵਾਂਗ ਭਿ੍ਰਸ਼ਟਾਚਾਰ ਅਤੇ ਬੇਥਵੇ ਹਨ।