ਚੰਡੀਗੜ੍ਹ, 2 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਅੰਦਰ ਬਿਜਲੀ ਸਰਪਲੱਸ ਹੋਣ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਸਿਰਫ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਨ ਲਈ ਕੀਤੇ ਜਾ ਰਹੇ ਹਨ।
ਇੱਥੋਂ ਇੱਕ ਜਾਰੀ ਪ੍ਰੈਸ ਬਿਆਨ ਵਿੱਚ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਬਿਜਲੀ ਦੇ ਬਿਲਾਂ ਦੀ ਅਦਾਇਗੀ ਨਾ ਹੋਣ ਕਰਕੇ ਸਵਾ ਸੌ ਪੇਂਡੂ ਡਿਸਪੈਂਸਰੀਆਂ ਦੀ ਬਿਜਲੀ ਕੱਟ ਦਿੱਤੀ ਗਈ ਹੈ। ਉਨਾਂ ਕਿਹਾ ਕਿ ਪੇਂਡੂ ਡਿਸਪੈਂਸਰੀਆਂ ਦੀ ਸਾਰ ਲੈਣਾ ਤਾਂ ਦੂਰ ਦੀ ਗੱਲ, ਇਨਾਂ ਦੇ ਬਿਜਲੀ ਦੇ ਬਿਲ ਵੀ ਸਰਕਾਰ ਵੱਲੋਂ ਨਹੀਂ ਭਰੇ ਗਏ। ਵੜੈਚ ਨੇ ਕਿਹਾ ਕਿ ਇਨਾਂ ਡਿਸਪੈਂਸਰੀਆਂ ਵਿੱਚ ਸਿਰਫ ਪਰਚੀ ਤੋਂ ਰਕਮ ਇਕੱਠੀ ਹੁੰਦੀ ਹੈ ਅਤੇ ਉਹ ਪੈਸਾ ਵੀ ਜਿਲਾ ਪ੍ਰੀਸ਼ਦਾਂ ਦੇ ਖਜਾਨੇ ਵਿੱਚ ਜਾਂਦਾ ਹੈ। ਅਜਿਹੇ ਵਿੱਚ ਡਿਸਪੈਂਸਰੀਆਂ ਸਿਰਫ ਸਰਕਾਰ ਵੱਲੋਂ ਮਿਲਣ ਵਾਲੀਆਂ ਗ੍ਰਾਂਟਾਂ ਉਤੇ ਨਿਰਭਰ ਹੋ ਜਾਂਦੀਆਂ ਹਨ, ਜਾਂ ਫਿਰ ਪੰਚਾਇਤਾਂ ਨੂੰ ਖਰਚਾ ਚੁੱਕਣਾ ਪੈਂਦਾ ਹੈ।
ਪੰਜਾਬ ਕਨਵੀਨਰ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਦੱਸ ਕੇ ਸਿਰਫ ਗੱਪਾਂ ਹੀ ਮਾਰ ਰਹੇ ਹਨ, ਜੇਕਰ ਅਸਲੀਅਤ ਵਿੱਚ ਵਾਧੂ ਬਿਜਲੀ ਹੁੰਦੀ ਤਾਂ ਇਨਾਂ ਡਿਸਪੈਂਸਰੀਆਂ ਦੀ ਬਿਜਲੀ ਕਿਓਂ ਕੱਟੀ ਗਈ, ਜਦਕਿ ਪੈਦਾ ਹੋਈ ਬਿਜਲੀ ਨੂੰ ਭੰਡਾਰ ਨਹੀਂ ਕੀਤਾ ਜਾ ਸਕਦਾ।
ਵੜੈਚ ਨੇ ਕਿਹਾ ਕਿ ਇਨਾਂ ਪੇਂਡੂ ਡਿਸਪੈਂਸਰੀਆਂ ਦੀ ਬਿਜਲੀ ਦੇ ਹੀ ਨਹੀਂ, ਸਗੋਂ ਪਾਣੀ ਦੇ ਕਨੈਕਸ਼ਨ ਵੀ ਕੱਟੇ ਗਏ ਹਨ, ਜਿਸ ਕਾਰਨ ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਆਉਣ ਵਾਲੇ ਮਰੀਜਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਹੀ ਉਨਾਂ ਨੇ ਸਿਹਤ ਵਿਭਾਗ ਦੀ ਕਾਰਗੁਜਾਰੀ ਉਤੇ ਵੀ ਸਵਾਲੀਆ ਨਿਸ਼ਾਨ ਲਗਾਏ। ਵੜੈਚ ਸਵਾਲ ਕੀਤਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਅੰਦਰ ਵੱਡੇ-ਵੱਡੇ ਹਸਪਤਾਲ ਖੋਲੇ ਜਾਣ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਝੂਠੇ ਵਾਅਦੇ ਕਿਓਂ ਕੀਤੇ ਜਾਂਦੇ ਹਨ, ਜਦੋਂ ਕਿ ਇਨਾਂ ਕੋਲੋਂ ਡਿਸਪੈਂਸਰੀਆਂ ਦੀ ਸਾਰ ਤਾਂ ਲੈ ਨਹੀਂ ਹੁੰਦੀ।
ਗੁਰਪ੍ਰੀਤ ਸਿੰਘ ਵੜੈਚ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ 2017 ਦੀਆਂ ਚੋਣਾਂ ਮਗਰੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਲੋਕਾਂ ਨੂੰ ਬੁਨਿਆਦੀ ਅਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਦੇ ਹਰੇਕ ਪਿੰਡ ਵਿੱਚ ਪਿੰਡ ਕਲੀਨਿਕ ਖੋਲੇ ਜਾਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਨਾਂ ਕਲੀਨਿਕਾਂ ਦਾ ਸਾਰਾ ਖਰਚਾ ਖੁਦ ਚੁੱਕੇਗੀ।
ਲੁਧਿਆਣਾ ਦੇ ਦੱਖਣੀ ਬਾਈਪਾਸ ਵਿੱਚ ਤਰੇੜ ਆਉਣ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਨੂੰ ਆਪਣਾ ਡ੍ਰੀਮ ਪ੍ਰੋਜੈਕਟ ਦੱਸਦੇ ਹਨ ਅਤੇ ਉਨਾਂ ਦੇ ਸੁਪਨੇ ਵਿੱਚ ਇੱਕ ਸਾਲ ਅੰਦਰ ਹੀ ਆਈ ਦੂਜੀ ਵਾਰ ਤਰੇੜ ਨੇ ਸੁਖਬੀਰ ਸਿੰਘ ਬਾਦਲ ਨੂੰ ਨੀਂਦ ਵਿੱਚੋਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਬਾਈਪਾਸ ਵਿੱਚ ਆਈ ਤਰੇੜ ਖੁਦ ਸੁਖਬੀਰ ਸਿੰਘ ਬਾਦਲ ਦਾ ਮਜਾਕ ਉਡਾ ਰਹੀ ਹੈ, ਜਦਕਿ ਪਾਣੀ ਵਾਲੀ ਬੱਸ ਦਾ ਸੁਖਬੀਰ ਸਿੰਘ ਬਾਦਲ ਦਾ ਸੁਪਨਾ ਕਿਸਾਨਾਂ ਦੀ ਫਸਲ ਤਬਾਹ ਕਰਨ ਤੋਂ ਇਲਾਵਾ ਸਿਰਫ ਸੁਪਨਾ ਹੀ ਰਹਿ ਗਿਆ ਹੈ। ਵੜੈਚ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਖੁਦ ਸੁਪਨਿਆਂ ਵਿੱਚ ਰਹਿੰਦੇ ਹਨ ਅਤੇ ਲੋਕਾਂ ਨੂੰ ਸਬਜਬਾਗ ਵਿਖਾ ਕੇ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਪੰਜਾਬ ਦੀ ਜਨਤਾ ਹੁਣ ਇਸਦੇ ਲਾਰਿਆਂ ਵਿੱਚ ਆਉਣ ਵਾਲੀ ਨਹੀਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਸੁਖਬੀਰ ਬਾਦਲ ਨੂੰ ਨੀਂਦ ਵਿੱਚੋਂ ਜਗਾ ਕੇ ਅਸਲੀਅਤ ਦਾ ਸਾਹਮਣਾ ਕਰਵਾਏਗੀ।