ਚੰਡੀਗੜ੍ਹ, 2 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਗਿਰਗਿਟ ਵਾਂਗ ਰੰਗ ਬਦਲਦੇ ਆਪ ਮੁਖੀ ਅਰਵਿੰਦ ਕੇਜਰੀਵਾਲ ਤੋਂ ਲੋਕੀਂ ਦੁਖੀ ਹੋ ਚੁੱਕੇ ਹਨ। ਐਸਵਾਈਐਲ ਮੁੱਦੇ ਉੱਤੇ ਕੇਜਰੀਵਾਲ ਦੇ ਨਿੱਤ ਬਦਲਦੇ ਸਟੈਂਡ ਤੋਂ ਪਰੇਸ਼ਾਨ ਹਰਿਆਣਾ ਦੇ ਨੌਜਵਾਨ ਵਿਕਾਸ ਫੋਗਟ ਵੱਲੋਂ ਸੁੱਟੀ ਜੁੱਤੀ ਲੋਕਾਂ ਦੀ ਭੜਾਸ ਦੀ ਨਿਸ਼ਾਨੀ ਸੀ।
ਇਹ ਸ਼ਬਦ ਸ਼੍ਰੋਮਣੀ ਅਕਾਲੀ ਦੇ ਬੁਲਾਰੇ ਅਤੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਝੂਠ ਬੋਲਣ ਦੀ ਇੰਨੀ ਆਦਤ ਪੈ ਚੁੱਕੀ ਹੈ ਕਿ ਉਹ ਇਹ ਵੀ ਭੁੱਲ ਗਿਆ ਹੈ ਕਿ ਲੋਕਾਂ ਨੂੰ ਇਕ ਹੱਦ ਤੋਂ ਜਿਅæਾਦਾ ਮੂਰਖ ਨਹੀਂ ਬਣਾਇਆ ਜਾ ਸਕਦਾ। ਐਸਵਾਈਐਲ ਦੇ ਮੁੱਦੇ ਉੱਤੇ ਉਸ ਦਾ ਸਟੈਂਡ 'ਗੰਗਾ ਗਏੇ ਗੰਗਾ ਦਾਸ ਅਤੇ ਜਮੁਨਾਗਏ ਜਮੁਨਾ ਦਾਸ' ਵਾਲੇ ਭਗਤ ਵਾਂਗ ਬਦਲਦਾ ਹੈ। ਪੰਜਾਬ ਵਿਚ ਉਹ ਦਰਿਆਈ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀਆਂ ਸਹੁੰਾਂ ਖਾ ਰਿਹਾ ਹੈ ਅਤੇ ਦਿੱਲੀ ਜਾ ਕੇ ਇਹ ਕਹਿ ਦਿੰਦਾ ਹੈ ਕਿ ਦਰਿਆਈ ਪਾਣੀਆਂ ਉੱਤੇ ਦਿੱਲੀ ਦਾ ਵੀ ਹੱਕ ਹੈ।
ਸ਼ ਸਿਰਸਾ ਨੇ ਕਿਹਾ ਕਿ ਲੋਕਾਂ ਦੀ ਯਾਦ ਸ਼ਕਤੀ ਇੰਨੀ ਥੋੜ੍ਹੀ ਨਹੀਂ ਹੁੰਦੀ ਕਿ ਉਹ ਇਹ ਗੱਲ ਭੁੱਲ ਜਾਣ ਕਿ ਪਿਛਲੇ ਸਾਲ ਅਪ੍ਰੈਲ ਵਿਚ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਸੁਪਰੀਮ ਕੋਰਟ ਵਿਚ ਹਰਿਆਣਾ ਦੀ ਤਰਫਦਾਰੀ ਕਰਨ ਵਾਲਾ ਹਲਫਨਾਮਾ ਦਿੱਤਾ ਸੀ। ਇਸ ਦੇ ਕਾਨੂੰਨੀ ਸਲਾਹਕਾਰ ਨੇ ਅਦਾਲਤ ਨੂੰ ਦੱਿਸਆ ਸੀ ਕਿ ਪੰਜਾਬ ਨੇ ਆਪਣੀ ਕਾਨੂੰਨੀ ਸੀਮਾ ਨੂੰ ਤੋੜ ਕੇ ਪਾਣੀਆਂ ਦੇ ਸਮਝੌਤੇ ਰੱਦ ਕਰਨ ਵਾਲਾ ਐਕਟ 2004 ਪਾਸ ਕੀਤਾ ਸੀ। ਇਸ ਤਰ੍ਹਾਂ ਉਸ ਨੇ ਹਰਿਆਣਾ ਦੇ ਹੱਕ ਦੀ ਗੱਲ ਕੀਤੀ ਸੀ।
ਉਹਨਾਂ ਅੱਗੇ ਕਿਹਾ ਕਿ ਪਰ ਮਾਰਚ ਵਿਚ ਆਪਣੀ ਪੰਜਾਬ ਫੇਰੀ ਦੌਰਾਨ ਕੇਜਰੀਵਾਲ ਨੇ ਆਪਣੇ ਵਿਚਾਰ ਬਦਲ ਲਏ ਸਨ ਅਤੇ ਪੰਜਾਬ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਸੂਬੇ ਕੋਲ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਇਸ ਤੋਂ ਬਾਅਦ ਹਰਿਆਣਾ ਵਾਸੀਆਂ ਵੱਲੋਂ ਜਤਾਈ ਨਰਾਜਗੀ ਨੂੰ ਵੇਖ ਕੇ ਕੁੱਝ ਦਿਨਾਂ ਮਗਰੋਂ ਹੀ ਉਸ ਨੇ ਇਹ ਬਿਆਨ ਦੇ ਦਿੱਤਾ ਸੀ ਕਿ ਪਾਣੀਆਂ ਦੇ ਮੁੱਦੇ ਉੱਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ।
ਸ਼ ਸਿਰਸਾ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਪੰਜਾਬ ਵਿਚ ਕੀਤੇ ਆਪਣੇ ਤਾਜ਼ਾ ਦੌਰੇ ਦੌਰਾਨ ਕੇਜਰੀਵਾਲ ਨੇ ਐਸਵਾਈਐਲ ਮੁੱਦੇ ਉੱਤੇ ਆਪਣਾ ਦੁਬਾਰਾ ਸਟੈਂਡ ਬਦਲ ਲਿਆ ਸੀ ਅਤੇ ਕਿਹਾ ਸੀ ਕਿ ਪੰਜਾਬ ਕੋਲ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਪਰ ਉਸੇ ਫੇਰੀ ਦੌਰਾਨ ਇੱਕ ਵਾਰ ਦੁਬਾਰਾ ਪਲਟੀ ਮਾਰਦਿਆਂ ਕਿਹਾ ਸੀ ਕਿ ਪੰਜਾਬ ਨੂੰ ਪਾਣੀ ਵਿਚੋਂ ਦਿੱਲੀ ਨੂੰ ਹਿੱਸਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕੇਜਰੀਵਾਲ ਝੂਠਿਆਂ ਦਾ ਸਰਦਾਰ ਹੈ, ਜਿਸ ਉੱਤੇ ਬਿਲਕੁੱਲ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ।
ਉਹਨਾਂ ਕਿਹਾ ਹੈ ਕਿ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਜੇਕਰ ਉਸ ਦੀ ਪਾਰਟੀ ਜਿੱਤ ਜਾਂਦੀ ਹੈ ਤਾਂ ਉਹ ਪੰਜਾਬ ਵਿਚ ਕਿਸੇ ਦਲਿਤ ਨੂੰੁ ਉਪ ਮੁੱਖ ਮੰਤਰੀ ਬਣਾਏਗਾ। ਪਰ ਬਾਅਦ ਵਿਚ ਉਸ ਦੇ ਮੂੰਹੋਂ ਇਹ ਗੱਲ ਨਿਕਲ ਗਈ ਕਿ ਉਸ ਨੇ ਉਪ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਸੀ। ਉਹਨਾਂ ਕਿਹਾ 2014 ਵਿਚ ਭਾਜਪਾ ਆਗੂ ਨਿਤਿਨ ਗਡਕਰੀ ਦੁਆਰਾ ਕੀਤੇ ਮਾਣਹਾਨੀ ਦੇ ਕੇਸ ਵਿਚ ਦਿੱਲੀ ਕੋਰਟ ਨੇ ਕੇਜਰੀਵਾਲ ਨੂੰ ਜ਼ਮਾਨਤ ਦੇ ਪੈਸੇ ਨਾ ਭਰਨ ਕਰਕੇ ਤਿਹਾੜ ਜੇਲ੍ਹ ਭੇਜ ਦਿੱਤਾ ਸੀ। ਕੁੱਝ ਦਿਨ ਜੇਲ੍ਹ ਵਿਚ ਗੁਜ਼ਾਰਨ ਮਗਰੋਂ ਉਸ ਨੇ ਆਪਣਾ ਮਨ ਬਦਲ ਲਿਆ ਅਤੇ ਚੁੱਪ ਚਾਪ ਜ਼ਮਾਨਤ ਦੇ ਪੈਸੇ ਭਰ ਕੇ ਜੇਲ੍ਹ ਵਿਚੋਂ ਬਾਹਰ ਆ ਗਿਆ ਸੀ।