ਚੰਡੀਗੜ੍ਹ, 29 ਦਸੰਬਰ, 2016 : ਆਮ ਆਦਮੀ ਪਾਰਟੀ ਦਿੱਲੀ ਤੋਂ ਲਿਆਂਦੇ ਗਮਲੇ ਦੇ ਪੌਦੇ ਦਾ ਪੰਜਾਬ ਦੇ ਬੋਹੜ ਨਾਲ ਮੁਕਾਬਲਾ ਕਰਵਾਉਣ ਲੱਗੀ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਪੌਦਾ ਵੱਡੇ ਦਰੱਖਤ ਨਾਲ ਇਸ ਗੱਲ ਉੱਤੇ ਬਹਿਸ ਕਰਨਾ ਚਾਹੁੰਦਾ ਹੈ ਕਿ ਬਹਾਰ ਕੀ ਹੁੰਦੀ ਹੈ?
ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ਼ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਆਪ ਦੁਆਰਾ ਵਿਧਾਨ ਸਭਾ ਹਲਕਾ ਲੰਬੀ ਤੋਂ ਸੀਨੀਅਰ ਅਕਾਲੀ ਆਗੂ ਅਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਖਿਲਾਫ ਚੋਣ ਮੈਦਾਨ ਵਿਚ ਉਤਾਰੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਬਾਰੇ ਟਿੱਪਣੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਸ਼ ਬਾਦਲ ਪਿਛਲੇ 7 ਦਹਾਕਿਆਂ ਤੋਂ ਸਿਆਸਤ ਵਿਚ ਸਰਗਰਮ ਹਨ, ਜਿਸ ਦੌਰਾਨ ਉਹਨਾਂ ਨੇ 10 ਵਾਰ ਵਿਧਾਨ ਸਭਾ ਚੋਣ ਜਿੱਤੀ ਹੈ ਅਤੇ 5 ਵਾਰ ਸੂਬੇ ਦੇ ਮੁੱਖ ਮੰਤਰੀ ਦਾ ਕਾਰਜਭਾਲ ਸੰਭਾਲਿਆ ਹੈ। ਇੰਨੇ ਲੰਬੇ ਅਤੇ ਵਿਸ਼ਾਲ ਤਜਰਬੇ ਵਾਲੇ ਸਿਆਸੀ ਆਗੂ ਨਾਲ ਮੁਕਾਬਲੇ ਵਾਸਤੇ ਆਪ ਨੇ ਇੱਕ ਅਜਿਹਾ ਲੀਡਰ ਮੂਹਰੇ ਕੀਤਾ ਹੈ, ਜਿਸ ਨੇ 2 ਸਾਲ ਪਹਿਲਾਂ ਸਿਆਸਤ ਵਿਚ ਪੈਰ ਧਰਿਆ ਹੈ। ਪਿਛਲੇ 2 ਸਾਲਾਂ ਦੌਰਾਨ ਜਰਨੈਲ ਸਿੰਘ ਨੇ ਦੋ ਵਾਰ ਚੋਣ ਲੜੀ ਹੈ, ਜਿਸ ਵਿਚੋਂ 2014 ਵਾਲੀ ਲੋਕ ਸਭਾ ਚੋਣ ਉਹ ਭਾਜਪਾ ਆਗੂ ਹੱਥੋਂ ਬੁਰੀ ਤਰ੍ਹਾ ਹਾਰਿਆ ਸੀ ਅਤੇ 2015 ਵਾਲੀ ਵਿਧਾਨ ਸਭਾ ਚੋਣ ਵੀ ਉਸ ਨੇ ਬਹੁਤ ਥੋੜ੍ਹੀਆਂ ਵੋਟਾਂ ਨਾਲ ਜਿੱਤੀ ਸੀ।
ਸ਼ ਢੀਂਡਸਾ ਨੇ ਕਿਹਾ ਕਿ ਆਪ ਆਗੂ ਦੁਆਰਾ ਸੂਬੇ ਦੇ ਵਿਕਾਸ ਦੇ ਮੁੱਦਿਆ ਉੱਤੇ ਸ਼ ਬਾਦਲ ਨੂੰ ਬਹਿਸ ਲਈ ਸੱਦਣਾ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਗਮਲੇ ਦਾ ਪੌਦਾ ਕਿਸੇ ਵੱਡੇ ਦਰੱਖਤ ਨੂੰ ਇਹ ਦੱਸਣ ਲੱਗੇ ਕਿ ਬਹਾਰ ਕੀ ਹੁੰਦੀ ਹੈ? ਉਹਨਾਂ ਕਿਹਾ ਕਿ ਸ਼ ਬਾਦਲ ਦੀ ਸਾਰੀ ਜ਼ਿੰਦਗੀ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਲੜਦਿਆਂ ਲੰਘੀ ਹੈ। ਇੱਥੋਂ ਤੱਕ ਕਿ ਉਮਰ ਦੇ 90ਵੇਂ ਵਰ੍ਹੇ ਵਿਚ ਵੀ ਉਹਨਾਂ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਆਰ-ਪਾਰ ਦੀ ਲੜਾਈ ਲੜਦਿਆਂ ਐਸਵਾਈਐਲ ਨਹਿਰ ਦੇ ਮੁੱਦੇ ਦਾ ਸਦਾ ਲਈ ਭੋਗ ਪਾ ਦਿੱਤਾ ਹੈ। ਦੂਜੇ ਪਾਸੇ ਆਪ ਆਗੂ ਦਾ ਸਿਆਸੀ ਕੱਦ ਇੰਨਾ ਛੋਟਾ ਹੈ ਕਿ ਦਿੱਲੀ ਸਰਕਾਰ ਨੇ ਉਸ ਨੂੰ ਅਜੇ ਤੀਕ ਕੋਈ ਮੰਤਰਾਲਾ ਦੇਣਾ ਵੀ ਵਾਜਿਬ ਨਹੀਂ ਸਮਝਿਆ। ਇੱਥੋਂ ਤੱਕ ਕਿ ਪੰਜਾਬ ਦੇ ਗੰਭੀਰ ਮੁੱਦਿਆਂ ਬਾਰੇ ਵੀ ਜਰਨੈਲ ਸਿੰਘ ਤੋਂ ਕੋਈ ਰਾਇ ਨਹੀਂ ਲਈ ਜਾਂਦੀ।
ਪੰਜਾਬ ਦੇ ਆਗੂਆਂ ਨੂੰ ਦਰਕਿਨਾਰ ਕਰਕੇ ਦਿੱਲੀ ਦੇ ਆਗੂਆਂ ਦੀ 'ਆਪ' ਅੰਦਰ ਵਧ ਰਹੀ ਸਰਦਾਰੀ 'ਤੇ ਟਿੱਪਣੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਵੱਡੇ ਆਗੂ ਖਿਲਾਫ ਮੁਕਾਬਲੇ ਵਿਚ ਉਤਾਰਨ ਲਈ ਆਮ ਆਦਮੀ ਪਾਰਟੀ ਨੇ ਦਿੱਲੀ ਦਾ ਆਗੂ ਚੁਣਿਆ ਹੈ। ਕੀ ਉਹਨਾਂ ਕੋਲ ਪੰਜਾਬ ਵਿਚ ਕੋਈ ਤਕੜਾ ਆਗੂ ਨਹੀਂ ਹੈ ਜਾਂ ਫਿਰ ਉਹ ਪੰਜਾਬ ਦੇ ਆਗੂਆਂ ਨੂੰ ਦਿੱਲੀ ਵਾਲਿਆਂ ਦੇ ਪਿੱਛਲੱਗੂ ਬਣਾ ਕੇ ਰੱਖਣਾ ਚਾਹੁੰਦੇ ਹਨ?
ਸ਼ ਢੀਂਡਸਾ ਨੇ ਕਿਹਾ ਕਿ ਜਰਨੈਲ ਸਿੰਘ ਪੰਜਾਬ ਅਤੇ ਪੰਜਾਬੀਆਂ ਦੇ ਮੁੱਦਿਆਂ ਨੂੰ ਦਿੱਲੀ ਵਾਲਿਆਂ ਦੀ ਨਜ਼ਰ ਨਾਲ ਵੇਖਦਾ ਹੈ। ਜੇਕਰ ਉਸ ਦੀ ਪੰਜਾਬ ਨਾਲ ਰੱਤੀ ਭਰ ਵੀ ਜਜ਼ਬਾਤੀ ਸਾਂਝ ਹੁੰਦੀ ਤਾਂ ਨਾ ਤਾਂ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਝਾੜੂ ਦੇ ਬਰਾਬਰ ਸ੍ਰੀ ਹਰਮਿੰਦਰ ਸਾਹਿਬ ਦੀ ਫੋਟੋ ਲਗਾ ਕੇ ਸਿੱਖਾਂ ਭਾਈਚਾਰੇ ਦੀਆਂ ਭਾਵਨਾਵਾਂ ਉੱਤੇ ਸੱਟ ਮਾਰਨ ਦੀ ਹਿੰਮਤ ਕਰਨੀ ਸੀ ਅਤੇ ਨਾ ਹੀ ਐਸਵਾਈਐਲ ਦੇ ਮੁੱਦੇ ਉੱਤੇ ਪਾਰਟੀ ਨੇ ਚੁੱਪ ਵੱਟਣੀ ਸੀ।