ਜਲੰਧਰ, 6 ਜਨਵਰੀ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਅੱਜ ਕਿਹਾ ਹੈ ਕਿ ਅਕਾਲੀ ਦਲ-ਭਾਜਪਾ ਗੱਠਜੋੜ ਨੇ ਹਰ ਵਰਗ ਲਈ ਵਿਕਾਸ ਕੀਤਾ ਹੈ ਅਤੇ ਖੇਤੀ, ਪੇਂਡੂ ਵਿਕਾਸ, ਉਦਯੋਗ, ਅਰਬਨ ਡਿਵੈਲਪਮੈਂਟ, ਸਿਹਤ, ਰੁਜਗਾਰ ਦੇਣ ਸਮੇਤ ਹਰ ਦ੍ਰਿਸ਼ਟੀ ਤੋਂ ਪੰਜਾਬ ਨੂੰ ਆਦਰਸ਼ ਸੂਬਾ ਬਣਾਉਣ ਦਾ ਕੰਮ ਇੰਨ੍ਹਾਂ ਦਸ ਸਾਲਾਂ ਵਿਚ ਕੀਤਾ ਗਿਆ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਨੇ 30 ਮਹੀਨਿਆਂ ਦੇ ਕਾਰਜਕਾਲ ਵਿਚ 90 ਤੋਂ ਵੱਧ ਵਿਕਾਸ ਪੱਖੀ ਨੀਤੀਆਂ ਲਿਆਂਦੀਆਂ ਹਨ ਅਤੇ ਸੂਬੇ ਵਿਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸੂਬੇ ਵਿਚ ਰਿਕਾਰਡ ਵਿਕਾਸ ਕਾਰਜ ਹੋਏ ਹਨ, ਜਿੰਨ੍ਹਾਂ ਦੇ ਆਧਾਰ 'ਤੇ ਵੋਟਾਂ ਮੰਗਣ ਦਾ ਅਧਿਕਾਰ ਸਿਰਫ਼ ਅਕਾਲੀ-ਭਾਜਪਾ ਗੱਠਜੋੜ ਨੂੰ ਹੀ ਹੈ।
ਜਲੰਧਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਸਾਂਪਲਾ ਨੇ ਕਿਹਾ ਕਿ ਅਕਾਲੀ-ਭਾਜਪਾ ਨੇਤਾ ਗਲੀ-ਮੁਹੱਲੇ ਜਨਤਾ ਨਾਲ ਰਾਬਤਾ ਬਣਾ ਰਹੇ ਹਨ, ਜਦਕਿ ਕਾਂਗਰਸ ਨੇਤਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਤੋਂ ਬਾਹਰ ਮੌਜ ਮਸਤੀ ਵਿਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਨਾਲ ਸਕੂਲ-ਕਾਲਜ ਖੋਲ੍ਹਣ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣ, ਮੁਫ਼ਤ ਵਾਈਫਾਈ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਵਾਉਣ ਦਾ ਇਕ ਵੀ ਵਾਅਦਾ ਪੂਰਾ ਕਰਨਾ ਤਾਂ ਦੂਰ ਬਲਕਿ ਫਾਇਲ ਵਰਕ ਵੀ ਸ਼ੁਰੂ ਨਹੀਂ ਕੀਤਾ। ਅਰਵਿੰਦ ਕੇਜ਼ਰੀਵਾਲ ਨੂੰ ਭਰਿਸ਼ਟਾਚਾਰ ਦੀ ਮਾਂ ਦੱਸਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਕੇਜ਼ਰੀਵਾਲ ਸਵਰਾਜ ਲਿਆਉਣ ਤੇ ਭਰਿਸ਼ਟਾਚਾਰ ਦੂਰ ਕਰਨ ਦੀ ਗੱਲ ਕਰਦਾ ਸੀ, ਲੇਕਿਨ ਉਸਦੀ ਪਾਰਟੀ ਦੇ ਆਗੂਆਂ ਨੇ ਹੀ ਉਸਦਾ ਪਰਦਾਫਾਸ਼ ਕਰ ਦਿੱਤਾ ਹੈ। ਵਿਜੇ ਸਾਂਪਲਾ ਨੇ ਕਿਹਾ ਕਿ ਕੇਜ਼ਰੀਵਾਲ ਤੇ ਉਸਦੇ ਦਿੱਲੀ ਦੇ ਸਾਥੀਆਂ ਵਿਚ ਪੰਜਾਬ ਦੇ ਲੋਕਾਂ ਪ੍ਰਤੀ ਈਰਖਾ ਸਾਫ਼ ਝਲਕਦੀ ਹੈ, ਤਾਂ ਕਿ ਉਸ ਤੋਂ ਹਿਸਾਬ ਕਿਤਾਬ ਮੰਗਣ ਵਾਲਾ ਕੋਈ ਨਾ ਰਹੇ। ਉਨ੍ਹਾਂ ਸੁੱਚਾ ਸਿੰਘ ਛੋਟੇਪੁਰ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਬਦਨਾਮ ਕੀਤਾ ਹੈ ਤੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਨਸ਼ਿਆਂ ਦੀ ਸਭ ਤੋਂ ਵੱਧ ਵਰਤੋਂ ਤੇ ਰੇਵ ਪਾਰਟੀਆਂ ਦਿੱਲੀ ਵਿਚ ਹੀ ਹੋ ਰਹੀਆਂ ਹਨ ਅਤੇ ਮਹਿਲਾਵਾਂ ਲਈ ਵੀ ਵੱਖਰੇ ਠੇਕੇ ਖੋਲ੍ਹੇ ਗਏ ਹਨ, ਜਦਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਲੋਂ ਨਸ਼ਾ ਮੁਕਤੀ ਤੇ ਮੁੜ ਵਸੇਬੇ ਲਈ ਕੰਮ ਕੀਤਾ ਗਿਆ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ 'ਵਿਜੇ ਸੰਕਲਪ ਰਥ ਯਾਤਰਾ' ਨੂੰ ਸੂਬੇ ਵਿਚ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਮੀਡੀਆ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾ ਕਿਹਾ ਕਿ ਭਾਜਪਾ ਇਕ ਜ਼ਿੰਮੇਵਾਰ ਪਾਰਟੀ ਹੈ ਤੇ ਜਿੰਮੇਵਾਰੀ ਨੂੰ ਸਮਝਦਿਆਂ ਕਾਨੂੰਨ ਤੇ ਚੋਣ ਜ਼ਾਬਤੇ ਦਾ ਚੰਗੀ ਤਰ੍ਹਾਂ ਪਾਲਣ ਕੀਤਾ ਜਾ ਰਿਹਾ ਹੈ।