ਨਵੀਂ ਦਿੱਲੀ, 4 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਵੱਲੋਂ ਸੂਬੇ ਅੰਦਰ ਇਕ ਪੜਾਅ 'ਚ ਵੋਟਿੰਗ ਕਰਵਾਉਣ ਦੀ ਯੋਜਨਾ ਤੇ ਚੋਣ ਜਾਬਤਾ ਲਾਗੂ ਕਰਨ ਦਾ ਸਵਾਗਤ ਕਰਦਿਆਂ, ਭਰੋਸਾ ਪ੍ਰਗਟਾਇਆ ਹੈ ਕਿ ਪਾਰਟੀ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅੰਦਰ ਸਪੱਸ਼ਟ ਜਿੱਤ ਦਰਜ ਕਰਦਿਆਂ 70 ਤੋਂ ਵੱਧ ਸੀਟਾਂ 'ਤੇ ਜਿੱਤ ਹਾਸਿਲ ਕਰੇਗੀ।
ਕੈਪਟਨ ਅਮਰਿੰਦਰ ਨੇ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਮਿੱਲਣ ਦੀ ਗੱਲ ਨੂੰ ਖਾਰਿਜ਼ ਕਰਦਿਆਂ, ਇਨ੍ਹਾਂ ਚੋਣਾਂ 'ਚ ਬਾਦਲ ਸਰਕਾਰ ਦੌਰਾਨ ਨਸ਼ਿਆਂ, ਭ੍ਰਿਸ਼ਟਾਚਾਰ ਤੇ ਕੁਸ਼ਾਸਨ ਨੂੰ ਮੁੱਖ ਮੁੱਦੇ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਖਿਲਾਫ ਲੋਕਾਂ ਦੇ ਰੋਹ ਤੇ ਪਹਿਲਾਂ ਇਕ ਅੰਦੋਲਨ ਵਜੋਂ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀ ਆਪ ਦੇ ਪੂਰੀ ਤਰ੍ਹਾਂ ਢਹਿ ਜਾਣ ਨਾਲ ਉਨ੍ਹਾਂ ਨੂੰ ਮਜ਼ਬੂਤੀ ਮਿਲੇਗੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿਥੇ ਬਾਦਲਾਂ ਦੀ ਅਗਵਾਈ ਵਾਲੀ ਅਕਾਲੀ ਦਲ ਸਰਕਾਰ ਨੇ ਸੂਬੇ ਅੰਦਰ ਵਪਾਰ, ਉਦਯੋਗ ਤੇ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਸੂਬਾ ਅੱਜ ਬੇਰੁਜ਼ਗਾਰੀ ਤੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਉਥੇ ਹੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਬਾਹਰੀਆਂ ਕਰਕੇ ਬਦਹਾਲੀ ਦੀ ਸ਼ਿਕਾਰ ਹੋ ਚੁੱਕੀ ਹੈ ਅਤੇ ਸੰਜੈ ਸਿੰਘ ਇਸਨੂੰ ਚੋਣਾ ਦੌਰਾਨ ਨਿਸ਼ਚਿਤ ਹਾਰ ਤੋਂ ਨਹੀਂ ਬਚਾ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਅਸਫਲ ਰਹੀ ਆਪ ਦੇ ਪੰਜਾਬ 'ਚ ਆਚਰਨ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਪਾਰਟੀ 'ਚ ਕੋਈ ਭਰੋਸਾ ਨਹੀਂ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ, ਟਿਕਟਾਂ ਦੀ ਵਿਕ੍ਰੀ, ਲੜਕੀਆਂ ਨਾਲ ਛੇੜਛਾੜ ਆਦਿ ਨਾਲ ਸਬੰਧਤ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੀ ਆਪ ਦਾ ਸੂਬੇ ਅੰਦਰ ਕੋਈ ਅਧਾਰ ਨਹੀਂ ਬੱਚਿਆ ਹੈ। ਇਥੋਂ ਤੱਕ ਕਿ ਕੇਜਰੀਵਾਲ ਵੀ ਪੰਜਾਬ 'ਚ ਚੋਣ ਲੜਨ ਤੋਂ ਡਰ ਰਹੇ ਹਨ, ਲੇਕਿਨ ਉਹ ਉਨ੍ਹਾਂ ਦੀ ਪਾਰਟੀ ਦੇ ਜਿੱਤਣ 'ਤੇ ਮੁੱਖ ਮੰਤਰੀ ਬਣਨਾ ਚਾਅ ਰਹੇ ਹਨ।
ਇਸ ਦੌਰਾਨ ਕੇਜਰੀਵਾਲ ਉਪਰ ਬਾਦਲਾਂ ਨਾਲ ਮਿਲੀਭੁਗਤ ਕਰਨ ਤੇ ਜਾਣਬੁਝ ਕੇ ਜਰਨੈਲ ਸਿੰਘ ਵਰਗੇ ਉਮੀਦਵਾਰ ਨੂੰ ਖੜ੍ਹਾ ਕਰਕੇ ਉਨ੍ਹਾਂ ਦੀ ਮਦੱਦ ਕਰਨ ਦਾ ਦੋਸ਼ ਲਗਾਉਂਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਪਤਾ ਚੱਲਣਾ ਹੈ ਕਿ ਆਪ ਪੰਜਾਬ ਅੰਦਰ ਖਤਮ ਹੋ ਚੁੱਕੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਉਨ੍ਹਾਂ ਨੂੰ ਇਕ ਫੌਜ਼ੀ, ਜਰਨਲ ਜੇ.ਜੇ ਸਿੰਘ ਖਿਲਾਫ ਲੜਨ 'ਚ ਖੁਸ਼ੀ ਹੋਵੇਗੀ, ਹਾਲਾਂਕਿ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਰਨਲ ਸਿੰਘ ਦਾ ਪਟਿਆਲਾ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਹੀਂ ਹੈ। ਕੈਪਟਨ ਨੇ ਹਲਕੇ ਅੰਦਾਜ਼ 'ਚ ਕਿਹਾ ਕਿ ਇਹ ਕਹਿੰਦੇ ਹਨ ਕਿ ਪਟਿਆਲਾ 'ਚ ਇਨ੍ਹਾਂ ਦੇ ਨਾਨਕੇ ਹਨ ਅਤੇ ਅਸੀਂ ਇਨ੍ਹਾਂ ਨੂੰ ਨਾਨੀ ਯਾਦ ਦਿਲਾ ਦਿਆਂਗੇ।
ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪੰਜਾਬ ਲਈ ਕਾਂਗਰਸ ਦੇ ਮੈਨਿਫੈਸਟੋ ਨੂੰ ਲੈ ਕੇ ਬਹੁਤ ਖੁਸ਼ ਹਨ। ਉਨ੍ਹਾ ਨੇ ਕਿਹਾ ਕਿ ਇਹ ਮੈਨਿਫੈਸਟੋ ਇਕ ਵਿਆਪਕ ਦਸਤਾਵੇਜ ਹੈ, ਜਿਹੜਾ ਪਾਰਟੀ ਦੀ ਨਸ਼ਿਆਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਖਿਲਾਫ ਲੜਾਈ ਲਈ ਰਸਤਾ ਤਿਆਰ ਕਰੇਗਾ।
ਇਕ ਹੋਰ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜ਼ਲਦੀ ਹੀ ਕਾਂਗਰਸ 'ਚ ਸ਼ਾਮਿਲ ਹੋਣਗੇ ਤੇ ਉਨ੍ਹਾਂ ਨੇ ਕੇਜਰੀਵਾਲ ਉਪਰ ਕਾਂਗਰਸ 'ਚ ਉਨ੍ਹਾਂ (ਕੈਪਟਨ) ਦੀ ਭੂਮਿਕਾ ਨੂੰ ਕਮਜ਼ੋਰ ਕਰਨ ਲਈ ਉਕਤ ਮੁੱਦੇ 'ਤੇ ਗਲਤ ਜਾਣਕਾਰੀ ਫੈਲ੍ਹਾਉਣ ਦੀ ਨਿਰਾਸ਼ਾਜਨਕ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਆਪ ਆਗੂ ਉਨ੍ਹਾਂ ਤੋਂ ਡਰੇ ਹੋਏ ਹਨ ਅਤੇ ਕੇਜਰੀਵਾਲ ਨੂੰ ਆਪਣੀ ਪਾਰਟੀ ਦੀ ਚਿੰਤਾ ਕਰਨੀ ਚਾਹੀਦੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿਥੇ ਸਿੱਧੂ ਤੇ ਉਨ੍ਹਾਂ ਦੀ ਪਤਨੀ ਨੇ ਫੈਸਲਾ ਲੈਣਾ ਹੈ ਕਿ ਅੰਮ੍ਰਿਤਸਰ ਪੂਰਬੀ ਸੀਟ ਤੋਂ ਕੌਣ ਲੜਗੇ, ਪਾਰਟੀ ਪੂਰੇ ਸੂਬੇ ਅੰਦਰ ਪ੍ਰਚਾਰ ਲਈ ਉਨ੍ਹਾਂ ਦੀਆਂ ਸੇਵਾਵਾਂ ਲਵੇਗੀ।
ਜਦਕਿ ਨਸ਼ਿਆਂ ਦੇ ਮੁੱਦੇ 'ਤੇ, ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਉਨ੍ਹਾਂ ਨੇ ਬਿਕ੍ਰਮ ਸਿੰਘ ਮਜੀਠੀਆ ਖਿਲਾਫ ਜਾਂਚ ਨੂੰ ਸੀ.ਬੀ.ਆਈ ਹਵਾਲੇ ਕਰਨ ਦਾ ਵਿਰੋਧ ਇਸ ਲਈ ਕੀਤਾ ਸੀ, ਕਿਉਂਕਿ ਹੋਰ ਏਜੰਸੀਆਂ ਪਹਿਲਾਂ ਤੋਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਸੀ.ਬੀ.ਆਈ ਨੂੰ ਸ਼ਾਮਿਲ ਕਰਨ ਨਾਲ ਸਿਰਫ ਜਾਂਚ 'ਚ ਦੇਰੀ ਹੋਵੇਗੀ।
ਉਨ੍ਹਾਂ ਨੇ ਪਾਰਟੀ 'ਚ ਟਿਕਟਾਂ ਨੂੰ ਲੈ ਕੇ ਲੜਾਈ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਾਦਲਾਂ ਦੇ ਕੁਸ਼ਾਸਨ ਤੋਂ ਮੁਕਤੀ ਦਿਲਾਉਣ ਤੇ ਆਪ ਦੀਆਂ ਨੀਚ ਚਾਲਾਂ ਤੋਂ ਬਚਾਉਣ ਦੀ ਲੜਾਈ 'ਚ ਪੂਰੀ ਕਾਂਗਰਸ ਇਕਜੁੱਟ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਦੀਆਂ ਟਿਕਟਾਂ ਦਾ ਐਲਾਨ ਵੀ ਜ਼ਲਦੀ ਕਰ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਪੰਜਾਬ ਦੇ ਚੋਣਾਂ ਦੇ ਮਾਹੌਲ ਨੂੰ ਹੋਰ ਬਿਗੜਨ ਤੋ ਬਚਾਉਣ ਲਈ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਲਾਗੂ ਕਰਨ ਨੂੰ ਇਕ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ, ਇਸਦਾ ਸਵਾਗਤ ਕੀਤਾ। ਜਿਸਨੂੰ ਬਾਦਲ ਸਰਕਾਰ ਨੇ ਆਪਣੀ ਲੋਕ ਵਿਰੋਧੀ ਨੀਤੀਆਂ ਤੇ ਸੱਤਾ ਦੀ ਧੁੰਨ 'ਚ ਕੀਤੇ ਗਏ ਬੁਰੇ ਕੰਮਾਂ ਰਾਹੀਂ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ।
ਉਨ੍ਹਾਂ ਨੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਇਕ ਹੀ ਪੜਾਅ 'ਚ ਕਰਵਾਉਣ ਦਾ ਸਵਾਗਤ ਕਰਦਿਆਂ, ਇਸ ਬਾਰੇ ਉਨ੍ਹਾਂ ਦੇ ਸੁਝਾਅ ਨੂੰ ਮੰਨਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਸੀ ਕਿ ਬਾਦਲਾਂ ਦੇ ਪੁਲਿਸ ਵਰਗੇ ਹਰੇਕ ਸਰਕਾਰੀ ਵਿਭਾਗ ਤੇ ਹੋਰ ਮਹੱਤਵਪੂਰਨ ਸੰਸਥਾਵਾਂ 'ਚ ਸ਼ਿਕੰਜੇ, ਅਤੇ ਇਨ੍ਹਾਂ ਵੱਲੋਂ ਸੂਬੇ ਅੰਦਰ ਪੈਦਾ ਕੀਤੇ ਗੁੰਡਾਰਾਜ ਦੇ ਮੱਦੇਨਜ਼ਰ ਕਈ ਪੜਾਆਂ 'ਚ ਵੋਟਿੰਗ ਕਰਵਾਉਣਾ ਨਿਰਪੱਖ ਤੇ ਸੁਤੰਤਰ ਚੋਣਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕਈ ਪੜਾਆ 'ਚ ਵੋਟਿੰਗ ਨਾਲ ਸੱਤਾਧਾਰੀ ਗਠਜੋੜ ਨੂੰ ਉਸਦੇ ਹਥਿਆਰਬੰਦ ਗੁੰਡਿਆਂ ਨੂੰ ਇਕ ਵਿਧਾਨ ਸਭਾ ਹਲਕੇ ਤੋਂ ਦੂਜੇ ਹਲਕੇ 'ਚ ਪਹੁੰਚਾਉਣ ਦਾ ਵਕਤ ਮਿੱਲ ਜਾਵੇਗਾ।
ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਪੰਜਾਬ ਅੰਦਰ ਪਾਰਟੀ ਲਈ ਪ੍ਰਚਾਰ ਕਰਨ ਦੀ ਅਪੀਲ ਕਰਨਗੇ।