ਚੰਡੀਗੜ੍ਹ, 30 ਦਸੰਬਰ, 2016 : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਅੱਜ ਕਿਹਾ ਕਿ ਪੰਜਾਬ ਪੁਲਿਸ ਦੇ ਖੁਫੀਆ ਕਾਡਰ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ 'ਗੁਪਤ ਭਰਤੀ' ਹੋਰ ਕੁਝ ਨਹੀਂ, ਬਲਕਿ ਉਹ ਨਿਜੀ ਫੌਜ ਤਿਆਰ ਕਰਨਾ ਚਾਹੁੰਦੇ ਹਨ, ਤਾਂ ਜੋ ਉਹ ਇਸ ਦਾ ਇਸਤੇਮਾਲ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਰ ਸਕਣ।
ਵੜੈਚ ਨੇ ਕਿਹਾ, "ਇਹ ਬਹੁਤ ਹੀ ਅਫਸੋਸਨਾਕ ਗੱਲ ਹੈ ਕਿ ਵਿਸ਼ੇਸ਼ ਖੁਫੀਆ ਕਾਡਰ ਵਿਚ ਭਰਤੀ ਦੇ ਰੂਪ ਵਿੱਚ ਸੁਖਬੀਰ ਬਾਦਲ ਇੱਕ ਨਿਜੀ ਫੌਜ ਬਣਾਉਣਾ ਚਾਹੁੰਦੇ ਹਨ, ਤਾਂ ਜੋ ਚੋਣਾਂ ਦੇ ਦੌਰਾਨ ਇਸ ਦਾ ਗ਼ਲਤ ਇਸਤੇਮਾਲ ਕੀਤਾ ਜਾ ਸਕੇ।" ਵੜੈਚ ਨੇ ਖੁਲਾਸਾ ਕਰਦਿਆਂ ਕਿਹਾ ਕਿ ਕੁੱਲ ਭਰਤੀ 22 ਨੌਜਵਾਨਾਂ ਵਿੱਚੋਂ 21 ਨੌਜਵਾਨ ਸੁਖਬੀਰ ਬਾਦਲ ਦੇ ਜਲਾਲਾਬਾਦ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਹਨ।
ਵੜੈਚ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਖਜਾਨੇ ਉਤੇ ਬੋਝ ਪਾ ਕੇ ਇਸ ਫੌਜ ਦਾ ਲਾਹਾ ਵਿਧਾਨ ਸਭਾ ਚੋਣਾਂ ਵਿੱਚ ਲਿਆ ਜਾਵੇਗਾ। ਉਨਾਂ ਸਵਾਲ ਕੀਤਾ ਕਿ ਪੰਜਾਬ ਪੁਲਿਸ ਦੇ ਖੁਫੀਆ ਨੈੱਟਵਰਕ ਦਾ ਕੀ ਬਣਿਆ? ਕੀ ਇਹ ਪੂਰੀ ਤਰਾਂ ਨਕਾਰਾ ਹੋ ਗਿਆ ਹੈ?
ਵੜੈਚ ਨੇ ਇਸ ਵਿਸ਼ੇਸ਼ ਫੋਰਸ 'ਤੇ ਤੁਰੰਤ ਪਾਬੰਦੀ ਦੀ ਮੰਗ ਕੀਤੀ ਅਤੇ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣ ਲਈ ਅਪੀਲ ਕੀਤੀ।
ਇੱਥੇ ਇਹ ਵਰਣਨਯੋਗ ਹੈ ਕਿ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਤੋਂ 21 ਨੌਜਵਾਨ ਪੰਜਾਬ ਪੁਲਿਸ ਦੇ ਖੂਫੀਆ ਕਾਡਰ ਵਿੱਚ ਪਿਛਲੇ ਹਫਤੇ ਭਰਤੀ ਕੀਤੇ ਗਏ ਸਨ।
ਵੜੈਚ ਨੇ ਕਿਹਾ, "ਇਹ ਹੋਰ ਕੁਝ ਨਹੀਂ ਹੈ, ਬਲਕਿ ਚੋਣਾਂ ਦੇ ਦੌਰਾਨ ਲੋਕਾਂ ਨੂੰ ਅਸਿੱਧੇ ਢੰਗ ਨਾਲ ਰਾਜਨੀਤਿਕ ਰਿਸ਼ਵਤ ਦੇ ਕੇ ਵਿਧਾਨਸਭਾ ਚੋਣਾਂ ਦੌਰਾਨ ਉਨਾਂ ਨੂੰ ਵਰਤਣ ਦਾ ਹੀਲਾ ਹੈ।