ਚੰਡੀਗੜ੍ਹ, 28 ਦਸੰਬਰ, 2016 : ਦਲਿਤ ਆਗੂ ਬੰਤ ਸਿੰਘ ਦੀ ਧੀ ਨਾਲ ਦਰਿੰਦਗੀ ਕਰਨ ਵਾਲੇ ਦੋਸ਼ੀਆਂ ਨੂੰ 'ਆਮ ਆਦਮੀ ਪਾਰਟੀ' 'ਚ ਸ਼ਾਮਲ ਕਰਨ ਤੋਂ ਬਾਅਦ ਵਿਵਾਦਾਂ 'ਚ ਘਿਰੇ ਆਪ ਆਗੂ ਸੰਜੇ ਸਿੰਘ ਨੇ ਮੁਆਫੀ ਮੰਗ ਲਈ ਹੈ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਬੰਤ ਸਿੰਘ ਕੋਲੋਂ ਮੁਆਫੀ ਮੰਗੀ ਹੈ। ਉਨ੍ਹਾਂ ਦੇ ਮੁਆਫੀ ਮੰਗਣ ਤੋਂ ਬਾਅਦ 'ਆਪ' 'ਚ ਸ਼ਾਮਲ ਹੋਏ ਬੰਤ ਸਿੰਘ ਨੇ ਵੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਇਸ ਮਾਮਲੇ ਸੰਬੰਧੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਦੇ ਗੈਸਟ ਹਾਊਸ 'ਚ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕਰ ਰਹੇ ਹਨ। ਇਸ ਮੀਟਿੰਗ 'ਚ ਬੰਤ ਸਿੰਘ ਝੱਬਰ ਵੀ ਮੌਜੂਦ ਸਨ। ਕੇਜਰੀਵਾਲ ਅਤੇ ਸੰਜੇ ਸਿੰਘ ਨੇ ਉਨ੍ਹਾਂ ਤੋਂ ਮੁਆਫੀ ਮੰਗੀ, ਜਿਸ ਤੋਂ ਬਾਅਦ ਬੰਤ ਸਿੰਘ ਨੇ ਵੀ ਪਾਰਟੀ ਨਾਲ ਕੰਮ ਕਰਨ ਦੀ ਗੱਲ ਕਹੀ।
ਸੰਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਣਜਾਣੇ 'ਚ ਪਾਰਟੀ 'ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕਰ ਲਿਆ, ਜਿਨ੍ਹਾਂ ਨੇ ਬੰਤ ਸਿੰਘ 'ਤੇ ਜ਼ੁਲਮ ਕੀਤੇ ਸਨ ਅਤੇ ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਕਤ ਲੋਕਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਹੱਥ ਜੋੜ ਕੇ ਬੰਤ ਸਿੰਘ ਕੋਲੋਂ ਇਸ ਗੱਲ ਲਈ ਮੁਆਫੀ ਮੰਗਦੇ ਹਨ। ਪੈਸੇ ਲੈ ਕੇ ਟਿਕਟਾਂ ਵੰਡਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਜਿਸ ਨੂੰ ਟਿਕਟ ਨਹੀਂ ਮਿਲਦੀ, ਉਹ ਕਈ ਤਰ੍ਹਾਂ ਦੇ ਦੋਸ਼ ਲਾਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਈ ਸਬੂਤ ਨਾ ਹੋਵੇ, ਉਸ ਦੀ ਸਫਾਈ ਦੇਣ ਦੀ ਵੀ ਲੋੜ ਨਹੀਂ ਹੁੰਦੀ।
ਜ਼ਿਕਰਯੋਗ ਹੈ ਕਿ ਹਰਬਿੰਦਰ ਸਿੰਘ ਅਤੇ ਨਵਦੀਪ ਸਿੰਘ ਨਾਂ ਦੇ ਵਿਅਕਤੀਆਂ ਨੇ ਦਲਿਤ ਸੰਘਰਸ਼ ਦੀ ਆਵਾਜ਼ ਬਣ ਚੁੱਕੇ ਬੰਤ ਸਿੰਘ ਦੀ ਧੀ ਨਾਲ ਸਮੂਹਕ ਬਲਾਤਕਾਰ ਕੀਤਾ ਸੀ ਅਤੇ ਜਦੋਂ ਬੰਤ ਸਿੰਘ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੇ ਹੱਥ-ਪੈਰ ਦੋਸ਼ੀਆਂ ਨੇ ਵੱਢ ਦਿੱਤੇ ਸਨ। ਹੁਣ ਬੰਤ ਸਿੰਘ ਦੇ ਨਾਲ ਉਕਤ ਦੋਹਾਂ ਦੋਸ਼ੀਆਂ ਨੂੰ ਸੰਜੇ ਸਿੰਘ ਨੇ ਪਾਰਟੀ 'ਚ ਸ਼ਾਮਲ ਕਰ ਲਿਆ ਸੀ, ਜਿਸ ਤੋਂ ਬਾਅਦ ਆਪ ਆਗੂ ਵਿਵਾਦਾਂ 'ਚ ਘਿਰ ਗਏ ਸਨ ਪਰ ਅੱਜ ਉਨ੍ਹਾਂ ਨੇ ਇਸ ਪੂਰੇ ਮਾਮਲੇ ਸੰਬੰਧੀ ਮੁਆਫੀ ਮੰਗ ਲਈ ਹੈ ਅਤੇ ਪਾਰਟੀ ਵਲੋਂ ਵੀ ਦੋਹਾਂ ਦੋਸ਼ੀਆਂ ਦੀ ਮੈਂਬਰਸ਼ਿਪ 'ਤੇ ਰੋਕ ਲਾ ਦਿੱਤੀ ਗਈ ਹੈ।