ਚੰਡੀਗੜ੍ਹ, 25 ਦਸੰਬਰ, 2016 : ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਹੈ ਕਿ ਸੱਠ ਦੇ ਦਹਾਕੇ ਵਿਚ ਜਦੋਂ ਦੇਸ਼ ਵਿਚ ਖੁਰਾਕ ਸੰਕਟ ਪੈਦਾ ਹੋਇਆ ਤਾਂ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਦੀ ਅਗਵਾਈ ਕੀਤੀ ਅਤੇ ਅੱਜ ਖੁਰਾਕ ਸੁਰੱਖਿਆ ਚੱਕਰ ਮਜ਼ਬੂਤ ਹੋ ਚੁੱਕਿਆ ਹੈ, ਜਿਸ ਵਿਚ ਵੱਡਾ ਯੋਗਦਾਨ ਪੰਜਾਬ ਦੇ ਮਿਹਨਤੀ ਕਿਸਾਨਾਂ ਦਾ ਹੈ। ਮੌਸਮ ਦੀ ਖਰਾਬੀ ਕਾਰਨ ਸ੍ਰੀ ਰਾਜਨਾਥ ਸਿੰਘ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਵਲੋਂ ਫਾਜ਼ਿਲਕਾ ਵਿਚ ਕਰਵਾਏ ਕਿਸਾਨ ਸੰਮੇਲਨ ਦੌਰਾਨ ਭਾਵੇਂ ਨਹੀਂ ਪਹੁੰਚ ਸਕੇ, ਲੇਕਿਨ ਉਨ੍ਹਾਂ ਨੇ ਫੋਨ ਰਾਹੀਂ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੈਨਾ ਤੇ ਸੁਰੱਖਿਆ ਬਲਾਂ 'ਚ ਤੈਨਾਤ ਅੱਧੇ ਜਵਾਨ ਕਿਸਾਨ ਪਰਿਵਾਰਾਂ ਵਿਚੋਂ ਹੀ ਹਨ। ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਪਿੰਡ, ਗਰੀਬ ਤੇ ਕਿਸਾਨਾਂ ਦਾ ਵੀ ਉਨ੍ਹੀਂ ਹੀ ਤੇਜ਼ੀ ਨਾਲ ਵਿਕਾਸ ਹੋਵੇ ਅਤੇ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਦੀ ਸੰਵੇਦਨਸ਼ੀਲਤਾ ਦਾ ਇਸ ਤੋਂ ਵੱਡਾ ਉਦਹਰਨ ਹੋਰ ਕੀ ਹੋਵੇਗਾ ਕਿ ਪ੍ਰਧਾਨ ਮੰਤਰੀ ਨੇ ਸੰਕਲਪ ਲਿਆ ਹੈ ਕਿ 2022 ਤੱਕ ਦੇਸ਼ ਦੇ ਕਿਸਾਨਾਂ ਦੀ ਆਮਦਨੀ ਦੁੱਗਣੀ ਹੋ ਜਾਵੇ, ਜਿਸ ਲਈ ਸਰਕਾਰ ਨੇ 'ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ' ਸਮੇਤ ਕਈ ਯੋਜਨਾਵਾਂ ਬਣਾਈਆਂ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਜੋ ਯੋਜਨਾਵਾਂ ਸਨ ਉਨ੍ਹਾਂ ਦਾ ਪ੍ਰੀਮੀਅਮ ਇੰਨ੍ਹਾਂ ਜ਼ਿਆਦਾ ਸੀ ਕਿ ਮੁਸ਼ਕਿਲ ਨਾਲ 20 ਫੀਸਦੀ ਕਵਰੇਜ ਹੀ ਉਨ੍ਹਾਂ ਦੇ ਮਾਧਿਅਮ ਨਾਲ ਸੀ। ਜਦਕਿ ਹੁਣ ਸ੍ਰੀ ਨਰਿੰਦਰ ਮੋਦੀ ਨੇ 'ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ' ਲਿਆਂਦੀ ਹੈ, ਜਿਸ ਵਿਚ ਸਾਰੇ ਕਿਸਾਨਾਂ ਨੂੰ ਬਰਾਬਰ ਦਰ ਉਤੇ ਪ੍ਰੀਮੀਅਮ ਦੀਆਂ ਦਰਾਂ ਰਬੀ ਦੀ ਫਸਲ 'ਤੇ ਸਿਰਫ਼ 1.5 ਫੀਸਦੀ, ਖਰੀਫ਼ ਦੀ ਫਸਲ 'ਤੇ ਸਿਰਫ਼ 2 ਫੀਸਦੀ ਅਤੇ ਫਲਾਂ ਤੇ ਨਕਦੀ ਫਸਲਾਂ ਉਤੇ ਸਿਰਫ਼ 5 ਫੀਸਦੀ ਹੀ ਪ੍ਰੀਮੀਅਮ ਹੋਵੇ। ਇਸ ਤਹਿਤ 90 ਫੀਸਦੀ ਤੋਂ ਵੱਧ ਪ੍ਰੀਮੀਅਮ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਕੁਝ ਲੋਕਾਂ ਵਲੋਂ ਡਰੱਗਜ਼ ਦੇ ਨਾਮ 'ਤੇ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ 1984 ਸਿੱਖ ਕਤਲੇਆਮ ਦੇ ਪੀੜਤ 3325 ਪਰਿਵਾਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਨੂੰ ਵਧਾ ਕੇ 5 ਲੱਖ ਰੁਪਏ ਕਰਨ ਦਾ ਵੀ ਜ਼ਿਕਰ ਕੀਤਾ।
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਫਾਜ਼ਿਲਕਾ ਵਿਚ ਹੋਏ ਵਿਸ਼ਾਲ ਕਿਸਾਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਜਿੰਨ੍ਹੀ ਚਿੰਤਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਹੈ, ਉਨੀਂ ਪਹਿਲਾਂ ਕਿਸੇ ਨੇ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਾਲ 2016-17 ਦੇ ਬੱਜਟ ਵਿਚ ਖੇਤੀਬਾੜੀ ਸੈਕਟਰ ਲਈ 35984 ਕਰੋੜ ਰੁਪਏ ਦਿੱਤੇ ਗਏ ਹਨ ਅਤੇ ਆਜ਼ਾਦੀ ਤੋਂ ਬਾਅਦ ਕਿਸੇ ਕੇਂਦਰ ਸਰਕਾਰ ਵਲੋਂ ਖੇਤੀ ਲਈ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਬੱਜਟ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ 10 ਸਾਲ ਦੇ ਕਾਰਜਕਾਲ ਵਿਚ ਕਿਸਾਨਾਂ ਦੇ ਹਿੱਤ ਲਈ ਇਕ ਵੀ ਯੋਜਨਾ ਨਹੀਂ ਬਣਾਈ, ਜਿਸ ਨਾਲ ਕਿਸਾਨੀ ਸੰਕਟ ਦੀ ਖਾਈ ਏਨੀ ਡੂੰਗੀ ਹੋ ਗਈ, ਜਿਸ ਨੂੰ ਭਰਨ ਲਈ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਖੁਦ ਗਰੀਬ ਪਰਿਵਾਰ ਵਿਚੋਂ ਹਨ ਤੇ ਸੱਚੇ ਹਮਦਰਦ ਹਨ, ਜਿਸ ਕਰਕੇ ਉਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਪਹਿਚਾਣਿਆ ਹੈ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਯਤਨਸ਼ੀਲ ਹਨ।
ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਅਹੁਦਾ ਸੰਭਾਲਦਿਆਂ ਹੀ ਕਿਹਾ ਸੀ ਕਿ ਜਿੰਨੀ ਦੇਰ ਤੱਕ ਕਿਸਾਨਾਂ ਦੀ ਖੇਤੀ ਆਮਦਨ ਲਾਗਤ ਤੋਂ ਦੁੱਗਣੀ ਨਹੀਂ ਹੋ ਜਾਂਦੀ ਉਨ੍ਹੀਂ ਦੇਰ ਕਿਸਾਨੀ ਦਾ ਭਲਾ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਫ਼ਸਲ ਬੀਮਾ ਯੋਜਨਾ ਨੂੰ ਹੋਰ ਸਾਰਥਕ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਖਾਦ ਤੇ ਯੂਰੀਆ ਲਈ ਕਿਸਾਨਾਂ ਨੂੰ ਸੜਕਾਂ 'ਤੇ ਧਰਨੇ ਲਾਉਣੇ ਪੈਂਦੇ ਸਨ, ਜਦਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਯਤਨਾਂ ਨਾਲ 2015 ਵਿਚ ਯੂਰੀਆ ਦਾ ਰਿਕਾਰਡ ਉਤਪਾਦਨ ਹੋਇਆ ਹੈ ਅਤੇ ਨਿੰਮ ਯੁਕਤ ਯੂਰੀਆ ਵੀ ਉਪਲੱਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਾਦ ਦੀ ਕਾਲਾਬਜ਼ਾਰੀ ਖਤਮ ਹੋਣ ਅਤੇ ਸ੍ਰੀ ਮੋਦੀ ਦੀਆਂ ਕਿਸਾਨ ਪੱਖੀ ਨੀਤੀਆਂ ਕਾਰਨ ਹੀ ਪੂਰੇ ਦੇਸ਼ ਵਿਚ ਕਿਸੇ ਵੀ ਚੌਂਕ ਉਤੇ ਕਿਸਾਨਾਂ ਨੂੰ ਧਰਨਾ ਦੇਣ ਦੀ ਲੋੜ ਨਹੀਂ ਪਈ।
ਕੈਬਨਿਟ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਵਲੋਂ ਕਿਸਾਨ ਲਈ ਕ੍ਰੈਡਿਟ ਕਾਰਡ ਸ਼ੁਰੂ ਕੀਤੇ ਗਏ, ਹਰ ਬੱਚੇ ਨੂੰ ਸਕੂਲ ਵਿਦਿਆ ਲਾਜਮੀਂ ਬਣਾਉਣ ਲਈ ਕੰਮ ਕੀਤਾ ਅਤੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਸੜਕਾਂ ਦਾ ਨਿਰਮਾਣ ਕੀਤਾ ਗਿਆ। ਉਨ੍ਹਾਂ ਸ੍ਰੀ ਵਾਜਪਾਈ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਸਿਹਤਯਾਬੀ ਤੇ ਲੰਮੀਂ ਉਮਰ ਦੀ ਕਾਮਨਾ ਵੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਹਿਤਾਂ ਲਈ ਕੀਤੇ ਕੰਮਾਂ ਨੂੰ ਗਿਣਾਉਂਦਿਆਂ ਇਸਦੀ ਪ੍ਰਸ਼ੰਸਾ ਕੀਤੀ
ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਸ੍ਰੀ ਸੁਖਪਾਲ ਸਿੰਘ ਨੰਨੂ ਨੇ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਜਨਤਾ ਨੂੰ ਵਿਕਾਸ ਕੰਮਾਂ ਨੂੰ ਵੇਖ ਕੇ ਵੋਟ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਹਰਜੀਤ ਸਿੰਘ ਗਰੇਵਾਲ, ਮੋਰਚਾ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਭਗਤਾ ਤੇ ਕੁਲਦੀਪ ਸਿੰਘ ਭੰਗੇਆਣਾ, ਭਾਜਪਾ ਆਗੂ ਸ੍ਰੀਮਤੀ ਵਿਜੇ ਲਕਸ਼ਮੀ ਭਾਦੂ, ਜਿਲ੍ਹਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ ਵੀ ਮੌਜੂਦ ਸਨ।