ਚੰਡੀਗੜ੍ਹ, 29 ਦਸੰਬਰ, 2016 : ਪੰਜਾਬ ਦੇ ਸਥਾਨਕ ਸਰਕਾਰ, ਡਾਕਟਰੀ ਸਿੱਖਿਆ ਅਤੇ ਖੋਜ਼ ਮੰਤਰੀ ਅੱਜ ਸ਼੍ਰੀ ਅਨਿਲ ਜ਼ੋਸ਼ੀ ਨੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਪ੍ਰਗਤੀ ਦੀ ਰਾਹ ਤੇ ਛਪੇ ਕਿਤਾਬਚੇ ਦੀ ਘੁੰਡ ਚੁਕਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਸ਼੍ਰੀ ਡੀ.ਪੀ. ਰੈਡੀ, ਮਾਨਯੋਗ ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ, ਸ਼੍ਰੀ ਇਕਬਾਲ ਸਿੰਘ ਚੰਨੀ, ਵਾਈਸ ਚੇਅਰਮੈਨ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ, ਸ਼੍ਰੀ ਡੀ.ਕੇ ਤਿਵਾੜੀ, ਆਈ.ਏ.ਐਸ., ਮੁੱਖ ਕਾਰਜਕਾਰੀ ਅਫਸਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ, ਸ਼੍ਰੀ ਪ੍ਰਵੀਨ ਕੁਮਾਰ ਥਿੰਦ,ਆਈ.ਏ.ਐਸ., ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ ਚੰਡੀਗੜ੍ਹ ਅਤੇ ਵਿਭਾਗ ਦੇ ਸਮੂਹ ਅਧਿਕਾਰੀ ਹਾਜ਼ਰ ਸਨ।
ਇਹ ਕਿਤਾਬਚਾ ਜਾਰੀ ਕਰਨ ਉਪਰੰਤ ਸ੍ਰੀ ਜ਼ੋਸੀ ਨੇ ਦਸਿਆ ਕਿ ਸਾਲ 2007 ਤੋਂ 2012 ਤੱਕ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੰਮਾਂ ਤੇ 1510 ਕਰੋੜ ਰੁਪਿਆ ਅਤੇ ਸਾਲ 2012 ਤੋਂ ਅਕਤੂਬਰ-2016 ਤੱਕ 2234 ਕਰੋੜ ਰੁਪਏ ਦੇ ਕੰਮ ਕੀਤੇ ਗਏ ਹਨ। ਉਨ੍ਹਾਂ ਅੱਗੇ ਦਸਿਆ ਕਿ ਸ਼ਹਿਰਾਂ ਵਿਚ ਪਾਣੀ, ਸੀਵਰ, ਸੜਕਾਂ, ਸਟਰੀਟ ਲਾਈਟਾਂ ਅਤੇ ਹੋਰ ਵਿਕਾਸ ਦੇ ਕੰਮਾਂ ਲਈ 6000 ਕਰੋੜ ਰੁਪਏ ਤੋਂ ਵੱਧ ਦੇ ਅਰਬਨ ਮਿਸ਼ਨ ਪ੍ਰੋਜੈਕਟ ਚਲਾਏ ਜਾ ਰਹੇ ਹਨ।ਇਸ ਮੌਕੇ ਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸ੍ਰ:ਪਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ ਜੀ ਦੀ ਰਹਿਨੁਮਾਈ ਹੇਠ ਸ਼ਹਿਰਾਂ ਦੇ ਵਿਕਾਸ ਦੇ ਕੰਮ ਪੂਰੇ ਕੀਤੇ ਜਾ ਰਹੇ ਹਨ ਅਤੇ ਸਾਰੇ ਸ਼ਹਿਰਾਂ ਦੇ ਵਿਚ 100% ਵਾਟਰ ਸਪਲਾਈ ਅਤੇ ਸੀਵਰੇਜ਼ ਮੁਹੱਈਆ ਕਰਵਾਉਣ ਲਈ ਕੰਮ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਅੱਗੇ ਦਸਿਆ ਕਿ ਸੀਵਰੇਜ਼ ਬੋਰਡ ਨੂੰ ਰੀਸਟਰੱਕਚਰ ਕੀਤਾ ਗਿਆ ਹੈ ਜਿਸ ਦੇ ਨਾਲ ਨਗਰ ਕੋਸਲਾਂ ਦੇ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੰਮਾਂ ਦੀ ਓਪਰੇਸ਼ਨ ਅਤੇ ਮੇਨਟੀਨੈਂਸ ਦਾ ਕੰਮ ਵੀ ਸੀਵਰੇਜ਼ ਬੋਰਡ ਨੂੰ ਦਿਤਾ ਗਿਆ ਹੈ।ਕਲੱਸਟਰ ਪ੍ਰੋਜੈਕਟਾਂ ਜਿਵੇਂ ਕਿ ਅੰਮ੍ਰਿਤਸਰ, ਬਠਿੰਡਾ, ਅਬੋਹਰ, ਫਰੀਦਕੋਟ, ਕੋਟਕਪੂਰਾ, ਜੈਤੋਂ, ਸੰਗਰੂਰ, ਧੂਰੀ, ਸਰਹੰਦ ਅਤੇ ਬੱਸੀ ਪਠਾਣਾਂ ਆਦਿ ਸ਼ਹਿਰਾਂ ਵਿਚ ਵੱਡੀਆਂ ਕੰਪਨੀਆਂ ਨੂੰ ਕੰਮ ਅਲਾਟ ਕੀਤੇ ਗਏ ਹਨ ਜਿਸ ਵਿਚ ਉਹ ਵਾਟਰ ਸਪਲਾਈ, ਸੀਵਰੇਜ਼, ਸੜਕਾਂ ਅਤੇ ਸਟਰੀਟ ਲਾਈਟਾਂ ਦੇ ਕੰਮਾਂ ਦੇ ਨਾਲ ਨਾਲ ਉਨ੍ਹਾਂ ਦੀ 10 ਸਾਲ ਦੇ ਲਈ ਰੱਖ ਰਖਾਓ ਦਾ ਕੰਮ ਵੀ ਕਰਨਗੇ।ਪੰਜਾਬ ਵਿਚ ਸਾਲ 2007 ਤੋਂ ਅਕਤੂਬਰ-2016 ਤੱਕ ਗੰਦੇ ਪਾਣੀ ਨੂੰ ਸਾਫ ਕਰਨ ਲਈ 56 ਸੀਵਰੇਜ਼ ਟਰੀਟਮੈਂਟ ਪਲਾਂਟ ਲਗਾਏ ਗਏ ਹਨ।ਇਸੇ ਸਮੇਂ ਦੌਰਾਨ ਹੀ 5391 ਕਿਲੋਮੀਟਰ ਸੀਵਰ ਲਾਈਨਾਂ, 4205 ਕਿਲੋਮੀਟਰ ਵਾਟਰ ਸਪਲਾਈ ਦੀਆਂ ਪਾਈਪਾਂ, 94 ਉਚੇ ਪਾਣੀ ਦੀਆਂ ਟੈਂਕੀਆਂ, 1120 ਟਿਊਬਵੈਲ ਅਤੇ 7 ਵਾਟਰ ਟਰੀਟਮੈਂਟ ਪਲਾਂਟ ਵੀ ਉਸਾਰੇ ਗਏ ਹਨ।
ਸਰਦਾਰ ਪਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਸਥਾਨਕ ਸਰਕਾਰ ਵਿਭਾਗ ਦੁਆਰਾ ਸਵੱਛ ਭਾਰਤ ਮਿਸ਼ਨ ਅਧੀਨ ਸ਼ਹਿਰਾਂ ਨੂੰ ਸਾਫ ਕਰਨ ਦੀ ਮੁਹਿੰਮ ਚਲਾਈ ਗਈ ਹੈ।ਸੜਕਾਂ ਦੀ ਸਫਾਈ ਮਸ਼ੀਨਾਂ ਨਾਲ ਕਰਨ ਦਾ ਪ੍ਰਬੰਧ ਵੱਡੇ ਸ਼ਹਿਰਾਂ ਵਿਚ ਕੀਤਾ ਗਿਆ ਹੈ ਇਸੇ ਤਰ੍ਹਾਂ ਸੀਵਰੇਜ਼ ਦੀ ਸਫਾਈ ਸੁਪਰ ਸਕਰ ਮਸ਼ੀਨਾਂ ਨਾਲ ਕਰਵਾਈ ਜਾ ਰਹੀ ਹੈ।ਸ੍ਰੀ ਅਨਿਲ ਜੋਸ਼ੀ ਜੀ ਨੇ ਅੱਗੇ ਦਸਿਆ ਕਿ ਅਜ਼ਾਦੀ ਤੋਂ ਬਾਦ 70 ਸਾਲ ਦੇ ਇਤਿਹਾਸ ਵਿਚ ਇਹ ਪਹਿਲੀ ਵਾਰੀ ਹੈ,ਕਿ 6000 ਕਰੋੜ ਤੋਂ ਜ਼ਿਆਦਾ ਦੇ ਕੰਮ ਹੋਏ ਹਨ ਜਿਸ ਨਾਲ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਦੀ ਖਾਈ ਪੂਰੀ ਹੋਈ ਹੈ। ਮੈਂ ਇਸ ਮੌਕੇ ਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਚੰਡੀਗੜ੍ਹ ਅਤੇ ਸਥਾਨਕ ਸਰਕਾਰ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦਾ ਹਾਂ ਜਿੰਨ੍ਹਾਂ ਨੇ ਮਿਹਨਤ ਕਰਕੇ ਲੋਕਾਂ ਲਈ ਸਰਕਾਰ ਵਲੋ ਚਲਾਈਆਂ ਜਾ ਰਹੀਆਂ ਇਨ੍ਹਾਂ ਸਕੀਮਾਂ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ ਹੈ।