ਚੰਡੀਗੜ੍ਹ, 3 ਜਨਵਰੀ, 2017 : ਕਾਂਗਰਸੀ ਵਿਧਾਇਕ ਐਸਵਾਈਐਲ ਮੁੱਦੇ ਉੱਤੇ ਵਿਧਾਨ ਸਭਾ ਤੋਂ ਦਿੱਤੇ ਅਸਤੀਫਿਆਂ ਦੀ ਪੁਸ਼ਟੀ ਕਰਨ ਤੋਂ ਇਸ ਲਈ ਟਾਲਾ ਵੱਟ ਰਹੇ ਹਨ, ਕਿਉਂਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਇਸ ਦੇ ਖਿਲਾਫ ਹੈ। ਇਹੀ ਵਜ੍ਹਾ ਹੈ ਕਿ ਸਪੀਕਰ ਡਾæ ਚਰਨਜੀਤ ਸਿੰਘ ਅਟਵਾਲ ਵੱਲੋਂ ਦੋ ਵਾਰ ਕਹਿਣ ਦੇ ਬਾਵਜੂਦ ਵੀ ਕਾਂਗਰਸੀ ਵਿਧਾਇਕ ਆਪਣੇ ਅਸਤੀਫਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਸ਼ਬਦ ਸ਼ੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਦੁਆਰਾ ਵਾਰ ਵਾਰ ਘੜੇ ਜਾ ਰਹੇ ਬਹਾਨਿਆਂ ਤੋਂ ਸਾਫ ਹੋ ਗਿਆ ਹੈ ਕਿ ਉਹਨਾਂ ਨੇ ਸੋਨੀਆਂ ਗਾਂਧੀ ਦੇ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਹੁਣ ਉਹ ਆਪਣੇ ਅਸਤੀਫੇ ਮਨਜ਼ੂਰ ਕਰਵਾਉਣ ਦੇ ਰੌਂਅ ਵਿਚ ਨਹੀਂ ਹਨ।
ਸ਼ ਸਿਰਸਾ ਨੇ ਕਿਹਾ ਕਿ ਦਰਿਆਈ ਪਾਣੀਆਂ ਦੇ ਮੁੱਦੇ ਉੱਤੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਨਾਲ ਹਰ ਕਦਮ ਉੱਤੇ ਕੀਤੇ ਵਿਸਵਾਸ਼ਘਾਤ ਤੋਂ ਸਾਰੇ ਵਾਕਿਫ ਹਨ। ਅਸੰਬਲੀ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕਾਂਗਰਸੀ ਵਿਧਾਇਕਾਂ ਨੇ ਐਸਵਾਈਐਲ ਦੇ ਮੁੱਦੇ ਉੱਤੇ ਅਸਤੀਫੇ ਦੇਣ ਦਾ ਡਰਾਮਾ ਰਚਿਆ ਸੀ। ਕਾਂਗਰਸੀਆਂ ਨੇ ਮਹਿਸੂਸ ਕਰ ਲਿਆ ਸੀ ਕਿ ਐਸਵਾਈਐਲ ਮੁੱਦੇ ਉੱਤੇ ਸਖ਼ਤ ਸਟੈਂਡ ਲੈ ਕੇ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਦੇ ਦਿਲ ਜਿੱਤ ਲਏ ਹਨ, ਇਸ ਕਰਕੇ ਉਹਨਾਂ ਨੇ ਵੀ ਦਿਖਾਵੇ ਵਜੋਂ ਅਸਤੀਫੇ ਦੇ ਮਾਰੇ ਸਨ।
ਅਕਾਲੀ ਆਗੂ ਨੇ ਕਿਹਾ ਕਿ ਪਾਣੀਆਂ ਦੇ ਮੁੱਦੇ ਉੱਤੇ ਮੁੱਢੋਂ ਹੀ ਕੋਝੀ ਸਿਆਸਤ ਕਰਨ ਵਾਲੀ ਕਾਂਗਰਸ ਇਹ ਗੱਲ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਐਸਵਾਈਐਲ ਦੇ ਮੁੱਦੇ ਨੂੰ ਦੂਰ ਤੱਕ ਖਿੱਚਣ ਨਾਲ ਕਾਂਗਰਸ ਨੂੰ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਿਚ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਲਈ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇ ਉਹਨਾਂ ਨੇ ਐਸਵਾਈਐਲ ਦੇ ਮੁੱਦੇ ਨੂੰ ਹੋਰ ਜ਼ਿਆਦਾ ਖਿੱਚਿਆ ਤਾਂ ਉਹਨਾਂ ਦੀਆਂ ਅਸੰਬਲੀ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੇ ਹਾਈ ਕਮਾਂਡ ਦੇ ਹੁਕਮ ਨੂੰ ਇਸ ਲਈ ਹੱਸ ਕੇ ਮੰਨ ਲਿਆ, ਕਿਉਂਕਿ ਉਹ ਆਪਣੀਆਂ ਟਿਕਟਾਂ ਨਹੀਂ ਕਟਵਾਉਣਾ ਚਾਹੁੰਦੇ। ਇਸ ਲਈ ਉਹ ਚੁੱਪ ਚੁਪੀਤੇ ਚੋਣ ਜ਼ਾਬਤਾ ਲੱਗਣ ਦੀ ਉਡੀਕ ਕਰ ਰਹੇ ਹਨ।