ਪਟਨਾ ਸਾਹਿਬ ਗਾਂਧੀ ਮੈਦਾਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਹੋਰ।
ਪਟਨਾ ਸਾਹਿਬ, 31 ਦਸੰਬਰ, 2016 : ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਹਰਜਿੰਦਰ ਦਿਲਗੀਰ ਵੱਲੋਂ ਸਿੱਖ ਇਤਿਹਾਸ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਸਖ਼ਤ ਨੋਟਿਸ ਲਿਆ ਹੈ।ਉਹਨਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦਿਲਗੀਰ ਜਿਹੇ ਅਨਸਰ ਦੀ ਪੰਥ ਵਿਰੋਧੀ ਨੀਅਤ ਪ੍ਰਤੀ ਸੁਚੇਤ ਕਰਦਿਆਂ ਉਸ ਨੂੰ ਤਕੜਿਆਂ ਹੋ ਕੇ ਕਟਹਿਰੇ ਵਿੱਚ ਖੜ੍ਹਾ ਕਰਨ ਅਤੇ ਉਸ ਤੋਂ ਹਰ ਢੰਗ ਤਰੀਕੇ ਨਾਲ ਜਵਾਬ ਤਲਬੀ ਕਰਨ ਦੀ ਅਪੀਲ ਕੀਤੀ ਹੈ।
ਪਟਨਾ ਸਾਹਿਬ ਗਾਂਧੀ ਮੈਦਾਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਦਿਲਗੀਰ ਇੱਕ ਪੰਥ ਦੋਖੀ ਤੇ ਵਿਕਾਊ ਮਾਲ ਹੈ ਜੋ ਪੰਥ ਵਿਰੋਧੀ ਏਜੰਸੀਆਂ ਦਾ ਹੱਥ ਠੋਕਾ ਬਣ ਕੇ ਲੰਮੇ ਸਮੇਂ ਤੋਂ ਗੁਰਮਤਿ, ਸਿੱਖ ਸਿਧਾਂਤਾਂ, ਪਰੰਪਰਾਵਾਂ ਅਤੇ ਗੌਰਵਸ਼ਾਲੀ ਸਿੱਖ ਇਤਿਹਾਸ 'ਤੇ ਹਮਲਾ ਕਰ ਰਿਹਾ ਹੈ। ਉਹ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਇਸ ਸਭ ਨੂੰ ਵਿਗਾੜ ਕੇ ਪੇਸ਼ ਕਰ ਰਿਹਾ ਹੈ ਜਿਸ ਦਾ ਸੰਗਤ ਨੂੰ ਸਖ਼ਤੀ ਨਾਲ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ।
ਗਿਆਨੀ ਹਰਨਾਮ ਸਿੰਘ ਖ਼ਾਲਸਾ ਜੋ ਕਿ ਸੰਤ ਸਮਾਜ ਦੇ ਪ੍ਰਧਾਨ ਵੀ ਹਨ ਨੇ ਅਕਾਲੀ ਆਗੂਆਂ ਤੇ ਮੰਤਰੀਆਂ ਦੀ ਮੌਜੂਦਗੀ ਵਿੱਚ ਸਿੱਖ ਪਰੰਪਰਾਵਾਂ ਨਾਲ ਆਏ ਦਿਨ ਹੋ ਰਹੇ ਖਿਲਵਾੜ 'ਤੇ ਚਿੰਤਾ ਪ੍ਰਗਟ ਕਰਦਿਆਂ ਅਕਾਲੀ ਆਗੂਆਂ ਨੂੰ ਸਖ਼ਤੀ ਤੇ ਦ੍ਰਿਤਾ ਨਾਲ ਪੰਥਕ ਰਵਾਇਤਾਂ 'ਤੇ ਪਹਿਰਾ ਦੇਣ ਲਈ ਕਿਹਾ ਹੈ।
ਉਹਨਾਂ ਕਿਹਾ ਕਿ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੌਜੂਦਗੀ ਵਿੱਚ ਸਿੱਖ ਅਰਦਾਸ ਦੀ ਤੌਹੀਨ ਹੋ ਰਹੀ ਸੀ ਤਾਂ ਉਸ ਦਾ ਫਰਜ਼ ਸੀ ਕਿ ਉਹ ਉਸ ਦਾ ਜਵਾਬ ਦਿੰਦੇ ਜਾਂ ਫਿਰ ਉਸ ਸਮਾਗਮ ਦਾ ਬਾਈਕਾਟ ਕਰਦੇ। ਉਹਨਾਂ ਮਲੂਕਾ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਦੀ ਮੰਗ ਕੀਤੀ ਤਾਂ ਕਿ ਅੱਗੇ ਤੋਂ ਸਿੱਖ ਆਗੂ ਸੁਚੇਤ ਹੋਣ।ਉਹਨਾਂ ਕਿਹਾ ਕਿ ਸਿੱਖ ਪੰਥ ਹਰ ਧਰਮ ਦੀਆਂ ਪਰੰਪਰਾਵਾਂ ਅਤੇ ਮਰਿਆਦਾ ਦਾ ਸਤਿਕਾਰ ਕਰਦਾ ਹੈ, ਪਰ ਹਿੰਦੂ ਧਰਮ ਦੇ ਕੁੱਝ ਅਖੌਤੀ ਹਿੰਦੂ ਸੰਗਠਨਾਂ ਵੱਲੋਂ ਸਿੱਖ ਅਰਦਾਸ ਦੇ ਸਿਧਾਂਤ ਤੇ ਸਰੂਪ ਦੀ ਨਕਲ ਕਰ ਕੇ ਮਜ਼ਾਕ ਉਡਾਇਆ ਜਾਣਾ ਨਾ ਕਾਬਲੇ ਬਰਦਾਸ਼ਤ ਹੈ, ਜਿਸ ਨੂੰ ਕਿਸੇ ਵੀ ਕੀਮਤ 'ਚ ਸਹਿਣ ਨਹੀਂ ਕੀਤਾ ਜਾ ਸਕਦਾ। ਉਹਨਾਂ ਸਿੱਖ ਪੰਥ ਦੇ ਅਰਦਾਸ ਦੀ ਨਕਲ ਕਰਨ ਤੋਂ ਬਾਜ ਆਉਣ ਦੀ ਤਾੜਨਾ ਵੀ ਕੀਤੀ। ਉਹਨਾਂ ਹਿੰਦੂ ਧਰਮ ਦੇ ਆਗੂਆਂ, ਸ਼ੰਕਰਾਚਾਰੀਆ ਆਦਿ ਨੂੰ ਕੁੱਝ ਹਿੰਦੂ ਸੰਗਠਨਾਂ ਵੱਲੋਂ ਸਿੱਖ ਪੰਥ ਦੀਆਂ ਰਵਾਇਤਾਂ ਨਾਲ ਖਿਲਵਾੜ ਕਰਨ ਪ੍ਰਤੀ ਸਖ਼ਤ ਨੋਟਿਸ ਲੈਣ ਅਤੇ ਉਹਨਾਂ ਨੂੰ ਸਿੱਖ ਪਰੰਪਰਾ ਤੇ ਮਰਿਆਦਾ ਨਾਲ ਖਿਲਵਾੜ ਨੂੰ ਠੱਲ੍ਹ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਗੈਰ ਸਿੱਖਾਂ ਵੱਲੋਂ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨਾ ਬੰਦ ਨਾ ਕੀਤਾ ਤਾਂ ਹਿੰਦੂ ਅਤੇ ਸਿੱਖ ਧਰਮ ਦੇ ਦੋਹਾਂ ਕੌਮਾਂ ਅੰਦਰ ਧਾਰਮਿਕ ਟਕਰਾਅ ਪੈਦਾ ਹੋ ਸਕਦਾ ਹੈ ਜੋ ਕਿ ਦੇਸ਼ ਅੰਦਰ ਖ਼ਾਨਾ-ਜੰਗੀ ਨੂੰ ਜਨਮ ਦੇਣ ਦਾ ਸਬੱਬ ਬਣ ਸਕਦਾ ਹੈ ਜਿਸ ਤੋਂ ਬਚਿਆ ਜਾਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਭਾਈ ਅਜੈਬ ਸਿੰਘ ਅਭਿਆਸੀ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਸ: ਅਵਤਾਰ ਸਿੰਘ ਮੱਕੜ , ਸੁਰਿੰਦਰ ਪਾਲ ਸਿੰਘ ਓਬਰਾਏ, ਭਾਈ ਗੁਰਪ੍ਰੀਤ ਸਿੰਘ, ਜਥੇਦਾਰ ਸੁਖਦੇਵ ਸਿੰਘ, ਬਾਬਾ ਅਜੀਤ ਸਿੰਘ, ਗੁਰਮੇਲ ਸਿੰਘ, ਹਰਭਜਨ ਸਿੰਘ ਮੁੰਬਈ, ਜਸਪਾਲ ਸਿੰਘ ਸਿੱਧੂ, ਹੀਰਾ ਸਿੰਘ ਕੈਨੇਡਾ ਤੇ ਦਲਬੀਰ ਸਿੰਘ ਆਦਿ ਮੌਜੂਦ ਸਨ।