ਚੰਡੀਗੜ੍ਹ, 29 ਦਸੰਬਰ, 2016 : ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉੱਤੇ ਪੰਜਾਬ ਅਤੇ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਇਕੱਠੇ ਕਰਨ ਦੇ ਲੱਗ ਰਹੇ ਦੋਸ਼ਾਂ ਦੀ ਜਾਂਚ ਕਿਸੇ ਆਜ਼ਾਦ ਏਜੰਸੀ ਤੋਂ ਕਰਵਾਏ।
ਇਸ ਬਾਰੇ ਲੋਕ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਸ਼ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਰਾਜ ਸਭਾ ਮੈਂਬਰ ਸ਼ ਬਲਵਿੰਦਰ ਸਿੰਘ ਭੂੰਦੜ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੈਸੇ ਦੀ ਹੇਰਾਫੇਰੀ ਦੇ ਗੰਭੀਰ ਇਲਜ਼ਾਮ ਵਿਰੋਧੀ ਪਾਰਟੀਆਂ ਵਲੋਂ ਨਹੀਂ, ਸਗੋਂ ਆਪ ਅੰਦਰ ਉੱਚੇ ਅਹੁਦਿਆਂ ਉੱਤੇ ਰਹੇ ਵਲੰਟੀਅਰਾਂ ਵੱਲੋਂ ਲਗਾਏ ਗਏ ਹਨ।
ਉਹਨਾਂ ਕਿਹਾ ਕਿ ਪਿਛਲੇ ਹਫਤੇ ਆਪ ਦੇ ਤਿੰਨ ਨਾਰਾਜ਼ ਆਗੂਆਂ ਨੇ ਬਹੁਤ ਹੀ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਬੁੱਧਵਾਰ ਨੂੰ ਹੁਸ਼ਿਆਰਪੁਰ ਦੇ ਸਾਬਕਾ ਜੋਨਲ ਇੰਚਾਰਜ(ਐਨਆਰਆਈ ਵਿੰਗ) ਅਤੇ ਫੰਡ ਰੇਜ਼ਰ ਵਰਿੰਦਰ ਪਰੀਮਾਰ ਨੇ ਇਹ ਦੋਸ਼ ਲਾਇਆ ਕਿ ਆਪ ਲੀਡਰਸ਼ਿਪ ਨੇ ਕੈਨੇਡਾ ਅਤੇ ਅਮਰੀਕਾ ਤੋਂ ਕਰੋੜਾਂ ਡਾਲਰਾਂ ਵਿਚ ਫੰਡ ਇਕੱਠਾ ਕਰਕੇ ਹਵਾਲਾ ਦੇ ਜ਼ਰੀਏ ਭਾਰਤ ਵਿਚ ਲਿਆਂਦਾਂ ਹੈ ਅਤੇ ਪੰਜਾਬ ਵਿਚ ਉਮੀਦਵਾਰਾਂ ਤੋਂ ਟਿਕਟਾਂ ਬਦਲੇ 200 ਕਰੋੜ ਰੁਪਏ ਇਕੱਠੇ ਕੀਤੇ ਹਨ। ਉਸ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਨੇ ਇਹਨਾਂ ਸਾਰੇ ਪੈਸਿਆਂ ਦਾ ਕੋਈ ਹਿਸਾਬ ਨਹੀਂ ਦਿੱਤਾ। ਇਸ ਤੋ ਪਹਿਲਾਂ ਇੱਕ ਹੋਰ ਆਪ ਆਗੂ ਤਰਸੇਮ ਸਿੰਘ ਗੰਧੋ, ਮੀਤ ਪ੍ਰਧਾਨ (ਦਲਿਤ ਵਿੰਗ) ਨੇ ਦੋਸ਼ ਲਾਇਆ ਸੀ ਕਿ ਆਪ ਲੀਡਰਸ਼ਿਪ ਨੇ ਉਸ ਕੋਲੋਂ ਟਿਕਟ ਵਾਸਤੇ ਪੈਸੇ ਮੰਗੇ ਸਨ। ਉਸ ਵੱਲੋਂ ਪੈਸੇ ਨਾ ਦੇਣ ਦੀ ਸੂਰਤ ਵਿਚ ਕਿਸੇ ਹੋਰ ਉਮੀਦਵਾਰ ਨੂੰ ਟਿਕਟ ਦੇ ਦਿੱਤੀ ਗਈ। ਇਸੇ ਤਰ੍ਹਾਂ 2014 ਵਿਚ ਪਟਿਆਲਾ ਹਲਕੇ ਤੋਂ ਆਪ ਦੇ ਉਮੀਦਵਾਰ ਰਹੇ ਸ਼ ਹਰਜੀਤ ਸਿੰਘ ਅਦਾਲਤੀਵਾਲਾ ਨੇ ਵੀ ਅਜਿਹੇ ਦੋਸ਼ ਲਾਏ ਹਨ।
ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਭੋਆ (ਪਠਾਨਕੋਟ) ਤੋਂ ਆਪ ਦੇ ਪੁਰਾਣੇ ਉਮੀਦਵਾਰ ਨੇ ਵੀ ਇਹ ਦੋਸ਼ ਲਾਇਆ ਸੀ ਕਿ ਉਸ ਵੱਲੋਂ ਪੈਸੇ ਨਾ ਦੇਣ ਕਰਕੇ ਉਸ ਦੀ ਟਿਕਟ ਕੱਟ ਦਿੱਤੀ ਗਈ ਸੀ।
ਅਕਾਲੀ ਆਗੂਆਂ ਨੇ ਕਿਹਾ ਕਿ ਇਹ ਸਾਰੇ ਆਗੂ ਆਪਣੀ ਮਿਹਨਤ, ਲਗਨ ਅਤੇ ਵਚਬੱਧਤਾ ਕਰਕੇ ਆਪ ਅੰਦਰ ਕਦੀ ਵੱਡੇ ਅਹੁਦਿਆਂ ਉੱਤੇ ਬਿਰਾਜਮਾਨ ਰਹੇ ਸਨ। ਪਰੰਤੂ ਜਦੋ ਇਹ ਸਾਰੇ ਟਿਕਟ ਵਾਸਤੇ 50 ਲੱਖ ਤੋਂ ਲੈ ਕੇ 2 ਕਰੋੜ ਰੁਪਏ ਨਹੀਂ ਦੇ ਸਕੇ ਤਾਂ ਪਾਰਟੀ ਨੇ ਇਹਨਾਂ ਦੀਆਂ ਟਿਕਟਾਂ ਕੱਟਕੇ ਪੈਸੇ ਦੇਣ ਵਾਲੇ ਉਮੀਦਵਾਰਾਂ ਨੂੰ ਵੇਚ ਦਿੱਤੀਆਂ।
ਉਹਨਾਂ ਕਿਹਾ ਕਿ ਪੈਸਿਆਂ ਦੀ ਹੇਰਾ ਫੇਰੀ ਨਾਲ ਜੁੜੀਆਂ ਇਹਨਾਂ ਸਾਰੀਆਂ ਘਟਨਾਵਾਂ ਨੂੰ ਆਪ ਦਾ ਅੰਦਰੂਨੀ ਮਾਮਲਾ ਕਹਿ ਕੇ ਇਹਨਾਂ ਉੱਤੇ ਮਿੱਟੀ ਨਹੀਂ ਪਾਈ ਜਾ ਸਕਦੀ। ਇਹ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਕਿ ਉਹ ਰਾਜਨੀਤੀ ਅੰਦਰ ਉੱਭਰੇ ਮਾੜੇ ਰੁਝਾਣਾਂ ਨੂੰ ਨਕੇਲ ਪਾਵੇ। ਉੁਹਨਾਂ ਕਿਹਾ ਕਿ ਪੈਸੇ ਲੈ ਕੇ ਟਿਕਟਾਂ ਦੇਣਾ ਇਕ ਕਾਨੂੰਨੀ ਅਪਰਾਧ ਹੈ, ਪਰ ਪੈਸੇ ਲੈ ਕੇ ਵੀ ਟਿਕਟਾਂ ਨਾ ਦੇਣਾ ਤਾਂ ਉੁਸ ਤੋਂ ਵੀ ਮਾੜਾ ਹੈ। ਸਿਆਸਤ ਅੰਦਰ ਪਨਪ ਰਹੇ ਅਜਿਹੇ ਮਾੜੇ ਰੁਝਾਣਾਂ ਦੀ ਸ਼ੁਰੂ ਵਿਚ ਹੀ ਖਤਮ ਕਰ ਦੇਣਾ ਚਾਹੀਦਾ ਹੈ।