ਨਵਾਂ ਸ਼ਹਿਰ, 28 ਦਸੰਬਰ, 2016 : ਆਪਣਾ ਪੰਜਾਬ ਪਾਰਟੀ ਹਲਕਾ ਨਵਾਂਸ਼ਹਿਰ ਦੇ ਉਮੀਦਵਾਰ ਇੰਜੀਨਿਅਰ ਅਸ਼ਵਨੀ ਜੋਸ਼ੀ ਨਵਾਂਸ਼ਹਿਰ ਹਲਕੇ ਦਾ ਮੈਨੀਫੈਸਟੋ ਬਣਾਉਣ ਲਈ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਲੰਬੇ ਸਮੇਂ ਤੋਂ ਲਟਕਦੀਆਂ ਸਮੱਸਿਆਵਾਂ ਦੀ ਜਾਣਕਾਰੀ ਪ੍ਰਾਪਤ ਕੇ ਰਹੇ ਹਨ। ਉਹਨਾਂ ਆਪਣੇ ਦੌਰੇ ਦੌਰਾਨ ਕਿਹਾ ਕਿ ਮੈਂ ਦੋ ਮੁੱਖ ਚੁਣਾਵੀ ਮੁੱਦੇ ਰੱਖੇ ਹਨ ਜੋ ਹੋਰ ਕਿਸੇ ਨੇਤਾ ਜਾ ਪਾਰਟੀ ਨੇ 70 ਵਰੇ ਦੀ ਆਜ਼ਾਦੀ ਚ ਸੋਚੇ ਵੀ ਨਹੀਂ ਹਨ।
ਪਹਿਲਾ : ਰੋਜ਼ਗਾਰ ਅਧਿਕਾਰ ਕਾਨੂੰਨ ਬਣਵਾਉਣਾ ਹੈ। ਇਸ ਕਾਨੂੰਨ ਬਣਨ ਨਾਲ ਹਰ ਨੌਜਵਾਨ ਲੜਕੇ ਲੜਕੀ ਨੂੰ ਰੋਜ਼ਗਾਰ ਉਪਲਬੱਧ ਕਰਾਉਣਾ ਸਰਕਾਰ ਦੀ ਜਿੰਮੇਵਾਰੀ ਬਣ ਜਾਵੇਗੀ ਅਤੇ ਕੋਈ ਬੇਰੋਜ਼ਗਾਰ ਨਹੀਂ ਕਹਾਵੇਗਾ। ਬੇਰੋਜ਼ਗਾਰੀ ਹਰ ਘਰ ਵਿੱਚ ਦੁਖਦਾਈ ਬਣ ਚੁੱਕੀ ਹੈ , ਨੇਤਾ ਰੋਜ਼ਗਾਰ ਦੇ ਝੂਠੇ ਲਾਰੇ ਲਾ ਕੇ ਜਨਤਾ ਦਾ ਹਰ ਚੁਣਾਵ ਵਿੱਚ ਮਜ਼ਾਕ ਉਡਾਂਦੇ ਰਹੇ ਹਨ। ਇਸ ਲਈ ਇਹ ਕਾਨੂੰਨ ਬਣਵਾਉਣਾ ਬਹੁਤ ਜਰੂਰੀ ਹੈ।
ਦੂਜਾ: ਸਰਕਾਰ ਵਲੋਂ 60 ਸਾਲ ਉਮਰ ਤੋਂ ਸਾਰੇ ਵਜ਼ੁਰਗਾਂ ਲਈ ਸੰਪੂਰਨ ਕੈਸ਼ਲੇਸ ਡਾਕਟਰੀ ਸੁਵਿਧਾ ਲਾਗੂ ਕਰਵਾਉਣਾ ਹੈ।
ਜੋਸ਼ੀ ਨੇ ਕਿਹਾ ਕਿ ਨਿਸਵਾਰਥ ਕ੍ਰਾਂਤੀਕਾਰੀਆਂ ਦੀ ਧਰਤੀ ਪੰਜਾਬ ਦੇ ਹਾਲਾਤ ਕੁਝ ਵੀ ਹੋਣ, ਪਰ ਸੱਚੇ ਪੰਜਾਬੀ ਆਪਣੇ ਹੀ ਪੰਜਾਬੀਆਂ ਦਾ ਸੋਸ਼ਣ ਸਹਿਣ ਨਹੀਂ ਕਰ ਸਕਦੇ। ਦੇਸ਼ ਤੇ ਆਈ ਕਿਸੇ ਵੀ ਮੁਸੀਬਤ ਵਿੱਚ ਪੰਜਾਬੀ ਹਮੇਸ਼ਾ ਅੱਗੇ ਹੋ ਕੇ ਮੁਕਾਬਲਾ ਕਰਦੇ ਆਏ ਹਨ। ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚੋਂ ਜੰਮੀ ਆਮ ਆਦਮੀ ਪਾਰਟੀ ਜਦੋਂ ਆਖ਼ਿਰੀ ਸਾਹ ਲੈ ਰਹੀ ਸੀ ਉਦੋਂ ਵੀ ਭ੍ਰਿਸ਼ਟਾਚਾਰ ਵਿਰੁੱਧ ਚਲਣ ਦੀ ਆਸ਼ਾ ਲਈ ਅਸੀਂ ਪੰਜਾਬੀਆਂ ਨੇ ਹੀ ਆਮ ਆਦਮੀ ਪਾਰਟੀ ਨੂੰ ਜੀਵਨ ਰੇਖਾ ਬਖਸ਼ੀ ਸੀ। ਜਦਕਿ ਕੇਜਰੀਵਾਲ ਖੁਦ ਆਪਣੀ ਲੋਕ ਸਭਾ ਚੋਣ ਹਾਰ ਗਏ ਸਨ। ਮੁੜ ਦਿੱਲੀ ਮੁਖ ਮੰਤਰੀ ਦੀ ਕੁਰਸੀ ਦਵਾਉਣ ਵਿਚ ਵੀ ਪੰਜਾਬੀਆਂ ਦਾ ਅਹਿਮ ਯੋਗਦਾਨ ਇਤਿਹਾਸ ਵਿਚ ਦਰਜ਼ ਹੈ। ਮੁੜ ਮੁਖ ਮੰਤਰੀ ਬਣਦਿਆਂ ਹੀ ਕੇਜਰੀਵਾਲ ਪੰਜਾਬੀਆਂ ਦੀ ਦੇਣ ਨੂੰ ਭੁੱਲ ਗਏ ਅਤੇ ਸੱਤਾ ਦਾ ਲਾਲਚ ਵੱਧ ਗਿਆ। ਟੋਪੀ ਤੇ ਮੋਟੇ ਮੋਟੇ ਅੱਖਰਾਂ ਚ ਲਿਖਿਆ ਆਮ ਆਦਮੀ ਅਤੇ ਸਵਰਾਜ ਦਾ ਸਿਧਾਂਤ ਖੂਹ ਖਾਤੇ ਸੁੱਟ , ਕੇਜਰੀਵਾਲ ਨੇ ਪੰਜਾਬੀਆਂ ਦੀ ਜੇਬ ਅਤੇ ਦਰਿਆਦਿਲੀ ਦਾ ਭਾਵਨਾਤਮਿਕ ਫਾਇਦਾ ਲੈਂਦੇ ਹੋਏ , ਪੰਜਾਬ ਚ ਆਪਣੇ ਏਜੇਂਟ ਭੇਜ ਦਿੱਤੇ ਅਤੇ ਹਿਟਲਰ ਵਾਂਗ ਪਾਰਟੀ ਤੇ ਸ਼ਾਸਨ ਚਾਲੂ ਕਰ ਦਿੱਤਾ। ਜਿਸਦਾ ਨਤੀਜਾ ਵਜੋਂ ਝਾੜੂ ਤੀਲੇ ਤੀਲੇ ਹੋ ਗਿਆ ਹੈ।
ਸਿਰਫ ਦਰੀ ਬਿਛਾਉ - ਪੋਸਟਰ ਲਗਾਉ ਵਰਕਰ ਬਣਾਏ
ਜੋਸ਼ੀ ਨੇ ਕਿਹਾ ਕਿ ਪੰਜਾਬ ਚ ਭੇਜੇ ਏਜੇਂਟਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਅਹੁਦਿਆਂ ਤੇ ਚੋਣ ਟਿਕਟਾਂ ਦੇ ਖਿਆਲੀ ਸਪਨੇ ਦਿਖਾ ਕੇ ਉਹਨਾਂ ਦੀਆਂ ਜੇਬਾਂ ਤਾਂ ਹਲਕੀਆਂ ਕੀਤੀਆਂ ਹੀ , ਨਾਲ ਨਾਲ ਉਹਨਾਂ ਨੂੰ ਦਰੀ ਬਿਛਾਉ - ਪੋਸਟਰ ਲਗਾਉ ਵਰਕਰ ਤਕ ਸੀਮਿਤ ਕਰ ਦਿੱਤਾ। ਜਦ ਕਿ ਟਿਕਟਾਂ ਕਰੋੜਪਤੀਆਂ ਦੇ ਹਵਾਲੇ ਕਰ ਰਹੇ ਹਨ । ਜਿਸ ਪਾਰਟੀ ਵਿਚ ਹੀ ਘੋਟਾਲੇ ਤੇ ਘੋਟਾਲੇ ਹੋਣ ਲਗ ਪਏ , ਭਲਾਂ ਉਹ ਬੇਸ਼ਰਮ ਪੰਜਾਬ ਦੇ ਸਰਕਾਰੀ ਧਨ ਨੂੰ ਕਿ ਛੱਡਣਗੇ।
ਕੇਜਰੀਵਾਲ ਦੇ ਖਾਸ ਏਜੇਂਟਾਂ ਦੀ ਲੁੱਟ
ਕੇਜਰੀਵਾਲ ਦੇ ਖਾਸ ਏਜੇਂਟਾਂ ਨੇ ਪੰਜਾਬ ਨੂੰ ਅਲਗ ਅਲਗ ਤਰੀਕੇ ਨਾਲ ਲੁੱਟਿਆ। ਮੀਡਿਆ ਵਿੱਚ ਕੁਝ ਸਾਮਣੇ ਆ ਚੁਕਾ ਹੈ ਅਤੇ ਬਾਕੀ ਬਹੁਤ ਕੁੱਝ ਪਰਦੇ ਪਿੱਛੇ ਹੈ। ਆਪ ਦੇ ਧਨ ਦੇ ਨਾਮ ਤੇ ਜੋ ਵੀ ਮਾਲ ਇਕੱਠਾ ਕੀਤਾ ਉਹ ਪੰਜਾਬ ਤੋਂ ਬਾਹਰ ਚਲਾ ਗਿਆ। ਸਰਕਾਰ ਬਣੀ ਨਹੀਂ ਤੇ ਪੰਜਾਬ ਦਾ ਧਨ ਹੁਣ ਤੋਂ ਹੀ ਬਾਹਰ ਟਰਾਂਸਫਰ ਹੋਣਾ ਪੰਜਾਬੀਆਂ ਲਈ ਗੰਭੀਰ ਚਿੰਤਾ ਜਨਕ ਗੱਲ ਹੈ। ਪਬਲਿਕ ਅਨਾਊਂਸਮੈਂਟ ਸਿਸਟਮ ਦਾ ਘੋਟਾਲਾ ਵੀ ਅੱਖਾਂ ਖੋਲਣ ਵਾਲਾ ਸੀ। ਦਿੱਲੀ ਵਿਚ ਵੀ ਆਮ ਆਦਮੀ ਦੇ ਵਿਧਾਇਕ ਕੋਲੋਂ ਕਰੋੜਾਂ ਦੀ ਅਣਘੋਸ਼ਿਤ ਪ੍ਰੋਪਰਟੀ ਨਿਕਲਣਾ , ਕੇਜਰੀਵਾਲ ਦੀ ਭ੍ਰਿਸ਼ਟਾਚਾਰ ਪ੍ਰਤੀ ਸੋਚ ਨੂੰ ਨੰਗਾ ਕਰਦੀ ਹੈ।
ਡੈਮੋਕਰੇਸੀ ਵਿੱਚ ਡਿਕਟੇਟਰ ਹੋਣਾ ਜਨਤਾ ਲਈ ਅਤੀ ਖਤਰਨਾਕ
ਦੋਆਬਾ ਖੇਤਰ ਤੋਂ ਜੰਮੇ ਪਲੇ ਪੜ੍ਹੇ ਸਮਾਜ ਸੇਵੀ ਡਾਕਟਰ ਲੋਕ ਸਭਾ ਵਿੱਚ ਪਾਰਟੀ ਦੇ ਲੀਡਰ ਪਟਿਆਲਾ ਦੇ ਸੰਸਦ ਧਰਮਵੀਰ ਗਾਂਧੀ ਨੂੰ ਬਿਨਾ ਵਜਹ ਪਾਰਟੀ ਤੋਂ ਸਸਪੈਂਡ ਕਰਨਾ , ਕੌਮੀ ਸਤਰ ਦੇ ਸਨਮਾਨਿਤ ਆਪ ਦੇ ਨੇਤਾ , ਪਾਰਟੀ ਅਨੁਸ਼ਾਸ਼ਨ ਕਮੇਟੀ ਦੇ ਚੇਅਰਮੈਨ ਅੱਖਾਂ ਦੇ ਡਾਕਟਰ ਦਲਜੀਤ ਸਿੰਘ ਨੂੰ ਸਸਪੈਂਡ ਕਰਨਾ ਅਤੇ ਹੋਰ ਉਹਨਾਂ ਨੇਤਾਵਾਂ ਨੂੰ ਜਿਨ੍ਹਾਂ ਦਾ ਪੰਜਾਬ ਵਿੱਚ ਆਪਣਾ ਵਜ਼ੂਦ ਹੈ , ਜਿਸ ਵਿੱਚ ਸੀਨੀਅਰ ਨੇਤਾ ਸੁੱਚਾ ਸਿੰਘ ਛੋਟੇਪੁਰ ਵੀ ਸ਼ਿਕਾਰ ਬਣੇ ਹਨ , ਆਪਣੇ ਆਪ ਵਿੱਚ ਕੇਜਰੀਵਾਲ ਦਾ ਹਿਟਲਰ ਰੂਪ ਦਰਸਾਉਣ ਵਾਲੀ ਗੱਲ ਹੈ। ਇਸਤੋਂ ਕੋਈ ਵੀ ਸਿਆਣਾ ਆਮ ਆਦਮੀ ਅੰਦਾਜ਼ਾ ਲਗਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਵਿਚ ਆਮ ਵਰਕਰ ਜਾ ਆਮ ਵੋਟਰ ਦੀ ਕਿ ਹੈਸੀਅਤ ਹੋਵੇਗੀ। ਜੋ ਅਜੇ ਵੀ ਆਪਣੇ ਕਿਸੇ ਅਹੁਦੇ ਜਾ ਫਾਇਦੇ ਲਈ ਚਮਚਾਗਿਰੀ ਕਰ ਰਹੇ ਹਨ , ਉਹਨਾਂ ਦਾ ਵੀ ਇਹੀ ਹਾਲ ਹੋਵੇਗਾ।
ਸਾਡੇ ਲਈ ਕੇਜਰੀਵਾਲ ਮਰ ਚੁੱਕਾ ਹੈ।
ਜਿਸ ਕੇਜਰੀਵਾਲ ਨੂੰ ਅਸੀਂ 2013 ਵਿੱਚ ਸੁਣਦੇ ਸੀ ਅਤੇ ਇਕ ਵਿਸ਼ਵਾਸ਼ ਨਾਲ ਜਿਸਨੂੰ ਅਸੀਂ ਸਪੋਰਟ ਕੀਤੀ। ਉਹ ਉਹਨਾਂ ਗੱਲਾਂ ਅਤੇ ਸਿਧਾਂਤਾਂ ਤੋਂ ਭੱਜ ਗਿਆ ਹੈ। ਝੂਠਾ ਨਿਕਲਿਆ। ਉਹ ਕੇਜਰੀਵਾਲ ਸਿਧਾਂਤ ਸਾਡੇ ਲਈ ਮਰ ਚੁੱਕਾ ਹੈ। ਉਸਦੀ ਲਾਸ਼ ਦਾ ਬੋਝ ਨਹੀਂ ਰੱਖ ਸਕਦੇ। ਉਸਨੂੰ ਸਿਆਪੇ ਨਾਲ ਫੂਕ ਦੇਣਾ ਹੀ ਉਚਿਤ ਹੈ। ਤਾਕਿ ਅਸੀਂ ਉਸ ਕੇਜਰੀਵਾਲ ਤੇ ਵਿਸ਼ਵਾਸ਼ ਕਰਨ ਦੀ ਗਲਤੀ ਨੂੰ ਸੁਧਾਰ ਕੇ ਆਪਣੇ ਸੋਹਣੇ ਪੰਜਾਬ ਨੂੰ ਸੰਭਾਲਣ ਲਈ ਅੱਗੇ ਵਧੀਏ।
ਪੰਜਾਬ ਦੀਆਂ ਮਾਵਾਂ ਨੇ ਸੂਰਮੇ ਪੈਦਾ ਕਰਨੇ ਬੰਦ ਨਹੀਂ ਕੀਤੇ।
ਕੇਜਰੀਵਾਲ ਦੇ ਕੁੱਝ ਪੰਜਾਬੀ ਚਮਚੇ ਪੁੱਛਦੇ ਨੇ ਕਿ ਜੇ ਅਸੀਂ ਕੇਜਰੀਵਾਲ ਨੂੰ ਦਫ਼ਾ ਕਰ ਦਿੱਤਾ ਤੇ ਫਿਰ ਸੁਧਾਰ ਦੀ ਗੱਲ ਕੌਣ ਕਰੁ ? ਉਹਨਾਂ ਨੂੰ ਸਾਡਾ ਸਪਸ਼ਟ ਜਬਾਬ ਹੈ ਕਿ ਤੁਹਾਡੇ ਵਿੱਚ ਆਤਮ ਵਿਸ਼ਵਾਸ਼ ਹੀ ਨਹੀਂ। ਪੰਜਾਬੀ ਮਾਵਾਂ ਨੇ ਸੂਰਮੇ ਪੈਦਾ ਕੀਤੇ ਅਤੇ ਸੂਰਮੇ ਹਨ ਅਤੇ ਸੂਰਮੇ ਪੈਦਾ ਹੁੰਦੇ ਰਹਿਣਗੇ। ਅਸੀਂ ਧਰਮੀ ਲੋਕ ਹਾਂ। ਹਰ ਚੀਜ ਦਾ ਵਕਤ ਹੁੰਦਾ ਹੈ ਮਹੂਰਤ ਹੁੰਦਾ ਹੈ। ਅਸੀਂ ਭ੍ਰਿਸ਼ਟਾਚਾਰ ਵਿਰੁੱਧ ਉਹ ਅੰਦੋਲਨ ਮੁੜ ਆਰੰਭ ਰਹੇ ਹਾਂ ਜੋ ਅੰਨਾ ਹਜ਼ਾਰੇ ਨੇ ਉਲੀਕਿਆ ਸੀ ਤੇ ਕੇਜਰੀਵਾਲ ਨੇ ਰਾਜਨੈਤਿਕ ਸਵਾਰਥ ਕਾਰਣ ਫੇਲ ਕਰਵਾ ਦਿੱਤਾ। ਉਹ ਅਸਲੀ ਲੋਕ ਪਾਲ ਬਿੱਲ ਬਣਨ ਹੀ ਨਹੀਂ ਦਿੱਤਾ।